ਚੰਡੀਗੜ੍ਹ, 26 ਨਵੰਬਰ 2023 – PM ਮੋਦੀ ਦੀ ਸੁਰੱਖਿਆ ਕੁਤਾਹੀ ਮਾਮਲੇ ‘ਚ ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਬੀਤੇ ਦਿਨ ਇਸ ਮਾਮਲੇ ‘ਚ ਐਸਪੀ ਗੁਰਬਿੰਦਰ ਸਿੰਘ ਨੂੰ ਸਸਪੈਂਡ ਕੀਤਾ ਗਿਆ ਸੀ। ਜਿਸ ਤੋਂ ਬਾਅਦ ਅੱਜ ਹੁਣ SP ਤੋਂ ਬਾਅਦ 6 ਹੋਰ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਐਸਪੀ ਗੁਰਬਿੰਦਰ ਸਿੰਘ, ਡੀਐਸਪੀ ਪ੍ਰਸੋਨ ਸਿੰਘ, ਡੀਐਸਪੀ ਜਗਦੀਸ਼ ਕੁਮਾਰ, ਇੰਸਪੈਕਟਰ ਜਤਿੰਦਰ ਸਿੰਘ, ਇੰਸਪੈਕਟਰ ਬਲਵਿੰਦਰ ਸਿੰਘ, ਸਬ ਇੰਸਪੈਕਟਰ ਜਸਵੰਤ ਸਿੰਘ ਅਤੇ ਏਐਸਆਈ ਰਾਕੇਸ਼ ਕੁਮਾਰ ਨੂੰ PM ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ‘ਚ ਸਸਪੈਂਡ ਕੀਤਾ ਗਿਆ ਹੈ।

ਇਸ ਸਬੰਧੀ ਇੱਕ ਰਿਪੋਰਟ ਪੰਜਾਬ ਦੇ ਡੀਜੀਪੀ ਵੱਲੋਂ 18 ਅਕਤੂਬਰ 2023 ਨੂੰ ਦਿੱਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ।

ਪ੍ਰਧਾਨ ਮੰਤਰੀ ਮੋਦੀ 5 ਜਨਵਰੀ 2022 ਨੂੰ ਬਠਿੰਡਾ ਤੋਂ ਫ਼ਿਰੋਜ਼ਪੁਰ ਸੜਕ ਰਾਹੀਂ ਜਾ ਰਹੇ ਸਨ, ਪਰ ਕਿਸਾਨਾਂ ਨੇ PM ਦਾ ਕਾਫਲਾ ਰਸਤੇ ‘ਚ ਹੀ ਰੋਕ ਲਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਕਾਫਲਾ ਫ਼ਿਰੋਜ਼ਪੁਰ ਦੇ ਪਿਆਰੇਆਣਾ ਫਲਾਈਓਵਰ ‘ਤੇ 20 ਮਿੰਟ ਲਈ ਰੁਕਿਆ। ਜਿੱਥੋਂ ਉਨ੍ਹਾਂ ਦੇ ਕਾਫਲੇ ਨੂੰ ਯੂ-ਟਰਨ ਲੈ ਕੇ ਵਾਪਸ ਪਰਤਣਾ ਸੀ।
ਬਠਿੰਡਾ ਦੇ ਭਿਸੀਆਣਾ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਸੀ – “ਆਪਣੇ ਮੁੱਖ ਮੰਤਰੀ ਨੂੰ ਧੰਨਵਾਦ ਕਹਿਣਾ, ਮੈਂ ਜ਼ਿੰਦਾ ਵਾਪਸ ਆ ਗਿਆ ਹਾਂ।” ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਵਧ ਗਿਆ। ਇਹ ਫਲਾਈਓਵਰ ਭਾਰਤ-ਪਾਕਿਸਤਾਨ ਦੀ ਹੁਸੈਨੀਵਾਲਾ ਸਰਹੱਦ ਤੋਂ ਥੋੜ੍ਹੀ ਦੂਰੀ ‘ਤੇ ਸਥਿਤ ਸੀ।
