ਲੁਧਿਆਣਾ, 26 ਨਵੰਬਰ 2023 – ਲੁਧਿਆਣਾ ਦੇ ਇੱਕ ਸ਼ੋਅਰੂਮ ‘ਚ ਖੇਡਦੇ ਸਮੇਂ ਅਚਾਨਕ ਸ਼ੀਸ਼ਾ ਹੇਠਾਂ ਡਿੱਗਣ ਕਾਰਨ ਇੱਕ 3 ਸਾਲ ਦੀ ਬੱਚੀ ਸ਼ੀਸ਼ੇ ਦੇ ਹੇਠਾਂ ਦੱਬ ਗਈ। ਜਿਸ ਕਾਰਨ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਲੜਕੀ ਦੀ ਪਛਾਣ ਬਸੰਤ ਐਵੀਨਿਊ ਦੀ ਰਹਿਣ ਵਾਲੀ ਦਿਵਰੀਨ ਕੌਰ ਵਜੋਂ ਹੋਈ ਹੈ। ਉਹ ਸ਼ੀਸ਼ੇ ਨੂੰ ਫੜ ਕੇ ਖੇਡ ਰਹੀ ਸੀ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਕਰੀਬ 8.30 ਵਜੇ ਦਿਵਰੀਨ ਕੌਰ ਆਪਣੇ ਪਰਿਵਾਰ ਨਾਲ ਘੁਮਾਰ ਮੰਡੀ ਸਥਿਤ ਇਕ ਸ਼ੋਅਰੂਮ ‘ਚ ਆਈ ਸੀ। ਪਰਿਵਾਰਕ ਮੈਂਬਰ ਖਰੀਦਦਾਰੀ ਵਿੱਚ ਰੁੱਝੇ ਹੋਏ ਸਨ। ਕੁੜੀ ਇੱਕ ਦਰਵਾਜ਼ੇ ਨੂੰ ਫੜ ਕੇ ਖੇਡ ਰਹੀ ਸੀ ਕਿ ਅਚਾਨਕ ਕੱਚ ਦਾ ਦਰਵਾਜ਼ਾ ਉਸ (ਕੁੜੀ) ‘ਤੇ ਡਿੱਗ ਪਿਆ। ਇਸ ਤੋਂ ਬਾਅਦ ਸ਼ੋਅਰੂਮ ‘ਚ ਹਫੜਾ-ਦਫੜੀ ਮਚ ਗਈ। ਸਟਾਫ ਅਤੇ ਪਰਿਵਾਰ ਤੁਰੰਤ ਲੜਕੀ ਕੋਲ ਪਹੁੰਚ ਗਏ। ਉਸ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਡੀਐਮਸੀ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੂਚਨਾ ਮਿਲਣ ਤੋਂ ਬਾਅਦ ਘੁਮਾਰ ਮੰਡੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਉਨ੍ਹਾਂ ਮੌਕੇ ‘ਤੇ ਲੱਗੇ ਸੀਸੀਟੀਵੀ ਕੈਮਰੇ ਦੀ ਵੀ ਜਾਂਚ ਕੀਤੀ। ਫਿਲਹਾਲ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਥਾਣਾ ਡਿਵੀਜ਼ਨ ਨੰਬਰ 8 ਦੇ ਐਸਐਚਓ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਪਰਿਵਾਰ ਨੇ ਸ਼ੋਅਰੂਮ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਸ ਦਾ ਕਹਿਣਾ ਹੈ ਕਿ ਖੇਡਦੇ ਸਮੇਂ ਇਹ ਹਾਦਸਾ ਵਾਪਰਿਆ ਹੈ।