- ਈ.ਡੀ ਵਲੋ ਅਟੈਚ ਜ਼ਮੀਨ ‘ਤੇ ਕੀਤੀ ਗਈ ਸੀ ਨਾਜਾਇਜ ਮਾਈਨਿੰਗ
- ਇੱਕ ਪੋਕਲਾਈਨ ਮਸ਼ੀਨ ਤੇ ਦੋ ਟਿੱਪਰ ਵੀ ਲਏ ਪੁਲਿਸ ਨੇ ਕਬਜੇ ‘ਚ
ਰੂਪਨਗਰ , 26 ਨਵੰਬਰ 2023: ਮਾਈਨਿੰਗ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦਿਆਂ ਨਾਜਾਇਜ ਮਾਈਨਿੰਗ ਦੇ ਸੰਬੰਧ ਵਿੱਚ ਕਰੈਸ਼ਰ ਮਾਲਕ ਨਸੀਬ ਚੰਦ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇੱਕ ਪੋਕਲਾਈਨ ਮਸ਼ੀਨ ਤੇ ਦੋ ਟਿੱਪਰਾਂ ਨੂੰ ਵੀ ਪੁਲਿਸ ਨੇ ਆਪਣੇ ਕਬਜੇ ਵਿੱਚ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ ਡੀ ਓ ਜਲ ਨਿਕਾਸ – ਕਮ ਮਾਈਨਿੰਗ ਅਫਸਰ ਨੰਗਲ ਗੁਰਦਿੱਤਪਾਲ ਸਿੰਘ ਨੇ ਦੱਸਿਆ ਕਿ 17 ਅਕਤੂਬਰ 2023 ਨੂੰ ਇੱਕ ਦਰਖਾਸਤ ਪ੍ਰਾਪਤ ਹੋਈ ਸੀ, ਜਿਸ ਤੇ ਕਾਰਵਾਈ ਕਰਦਿਆਂ ਸ਼੍ਰੀ ਰਾਮ ਸਟੋਨ ਕਰੈਸ਼ਰ ਭੱਲੜੀ ਨਾਮਾਲੂਮ ਮਾਲਕ ਅਤੇ ਜਮੀਨ ਦੇ ਨਾਮਾਲੂਮ ਮਾਲਕਾ ਖਿਲਾਫ ਮੁੱਕਦਮਾ ਨੰਬਰ 159 ਅਧੀਨ 21(1), 4 (1) ਦਰਜ ਰਜਿਸਟਰ ਕੀਤਾ ਗਿਆ ਸੀ ਅਤੇ ਮਾਲ ਵਿਭਾਗ ਅਤੇ ਮਾਈਨਿੰਗ ਵਿਭਾਗ ਨੂੰ ਜਮੀਨ ਅਤੇ ਕਰੈਸ਼ਰ ਦੀ ਮਾਲਕੀ ਸਬੰਧੀ ਪੱਤਰ ਲਿਖਿਆ ਗਿਆ ਸੀ ਤਾਂ ਜੋ ਉਕਤ ਜਮੀਨ ਜਿਸ ਵਿੱਚ ਨਾਜਾਇਜ ਮਾਈਨਿੰਗ ਹੋਈ ਹੈ ਬਾਰੇ ਮਾਲਕੀ ਬਾਰੇ ਪਤਾ ਲੱਗ ਸਕੇ।
ਉਨ੍ਹਾਂ ਦੱਸਿਆ ਕਿ ਤਹਿਸੀਲਦਾਰ ਨੰਗਲ ਪਾਸੋ ਰਿਪੋਰਟ ਪ੍ਰਾਪਤ ਕੀਤੀ ਗਈ ਹੈ ਜਿਸ ਵਿੱਚ ਉਕਤ ਜਮੀਨ ਮਹਿਕਮਾ ਈ.ਡੀ ਵਲੋ ਅਟੈਚ ਕੀਤੀ ਗਈ ਹੈ। ਜਿਸ ਤੋ ਬਾਅਦ ਧਾਰਾ 379, ਆਈਪੀ ਸੀ ਦਾ ਵਾਧਾ ਕੀਤਾ ਗਿਆ ਹੈ ਅਤੇ ਮਾਈਨਿੰਗ ਵਿਭਾਗ ਦੀ ਰਿਪੋਰਟ ਅਨੁਸਾਰ ਕਰੈਸ਼ਰ ਦੇ ਮਾਲਕ ਨਸੀਬ ਚੰਦ ਪੁੱਤਰ ਰਾਮ ਲਾਲ ਵਾਸੀ ਪਿੰਡ ਪਲਾਟਾ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੂਪਨਗਰ ਨੂੰ ਉਕਤ ਮੁਕੱਦਮੇ ਵਿੱਚ ਨਾਮਜਦ ਕਰਕੇ ਅੱਜ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਜੋ ਮਾਈਨਿੰਗ ਸਬੰਧੀ ਵਰਤੀ ਗਈ ਮਸ਼ੀਨਰੀ ਇੱਕ ਪੋਕਲਾਈਨ ਮਸ਼ੀਨ ਤੇ ਦੋ ਟਿੱਪਰਾਂ ਨੂੰ ਵੀ ਪੁਲਿਸ ਵਲੋਂ ਕਬਜੇ ਵਿਚ ਲਿਆ ਗਿਆ ਹੈ।
ਉਨ੍ਹਾਂ ਦੋਸ਼ੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਸਬੰਧੀ ਸਖਤੀ ਨਾਲ ਪੁੱਛ ਗਿੱਛ ਕਰਕੇ ਹੋਰ ਖੁਲਾਸੇ ਹੋਣ ਦੀ ਸਭਾਵਾਨਾ ਹੈ ।