- ਗੁਰਦੁਆਰਾ ਮੰਜੀ ਸਾਹਿਬ ‘ਚ ਨਿਸ਼ਾਨ ਸਾਹਿਬ ਦੇ ਬਦਲ ਰਿਹਾ ਸੀ ਬਸਤਰ,
- ਅਚਾਨਕ ਪੁਲੀ ਟੁੱਟ ਗਈ
- ਕਰੇਨ ਨਾਲ ਉਤਾਰਿਆ ਗਿਆ ਹੇਠਾਂ
ਅੰਬਾਲਾ, 28 ਨਵੰਬਰ 2023 – ਹਰਿਆਣਾ ਦੇ ਅੰਬਾਲਾ ਸਥਿਤ ਸ਼੍ਰੀ ਮੰਜੀ ਸਾਹਿਬ ਗੁਰਦੁਆਰੇ ਵਿਖੇ ਨਿਸ਼ਾਨ ਸਾਹਿਬ ਦੀ ਪੁਲੀ ਅਚਾਨਕ ਟੁੱਟਣ ਕਾਰਨ 100 ਫੁੱਟ ਦੀ ਉਚਾਈ ‘ਤੇ ਇਕ ਨੌਜਵਾਨ ਲਟਕ ਗਿਆ। ਇਹ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ‘ਤੇ ਬਸਤਰ ਬਦਲਣ ਲਈ ਸ੍ਰੀ ਮੰਜੀ ਸਾਹਿਬ ਗੁਰਦੁਆਰਾ ਦੇ ਨਿਸ਼ਾਨ ਸਾਹਿਬ ‘ਤੇ ਚੜ੍ਹਿਆ ਸੀ। ਪੁਲੀ ਦੇ ਅਚਾਨਕ ਟੁੱਟਣ ਤੋਂ ਬਾਅਦ ਸ਼ਰਧਾਲੂ ਨਿਸ਼ਾਨ ਸਾਹਿਬ ਨੂੰ ਫੜੀ ਲਟਕਿਆ ਰਿਹਾ।
ਜਿਵੇਂ ਹੀ ਪਤਾ ਲੱਗਾ ਕਿ ਸ਼ਰਧਾਲੂ ਨਿਸ਼ਾਨ ਸਾਹਿਬ ‘ਤੇ ਹੀ ਲਟਕ ਰਿਹਾ ਹੈ ਤਾਂ ਗੁਰਦੁਆਰਾ ਸਾਹਿਬ ਵੱਲੋਂ ਕਰੇਨ ਨੂੰ ਮੌਕੇ ‘ਤੇ ਬੁਲਾਇਆ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਥਾਣੇ ਪਹੁੰਚ ਗਈ। ਕਰੀਬ 2 ਘੰਟੇ ਦੀ ਮਿਹਨਤ ਤੋਂ ਬਾਅਦ ਸ਼ਰਧਾਲੂ ਨੂੰ ਸੁਰੱਖਿਅਤ ਹੇਠਾਂ ਉਤਾਰਿਆ ਗਿਆ।
ਦੱਸ ਦੇਈਏ ਕਿ ਅੰਬਾਲਾ ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਜ਼ਿਲ੍ਹੇ ਭਰ ਦੇ ਗੁਰਦੁਆਰਿਆਂ ਨੂੰ ਰੰਗ-ਬਿਰੰਗੀਆਂ ਰੋਸ਼ਨੀਆਂ ਨਾਲ ਸਜਾਇਆ ਗਿਆ ਸੀ। ਗੁਰਦੁਆਰੇ ਵਿੱਚ ਪਾਠ-ਕੀਰਤਨ ਕੀਤਾ ਅਤੇ ਗੁਰੂ ਘਰ ਵਾਹਿਗੁਰੂ-ਵਾਹਿਗੁਰੂ ਦੀ ਮਹਿਮਾ ਨਾਲ ਗੂੰਜ ਰਹੇ ਹਨ। ਵੱਡੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੀਆਂ।
ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਮਛੁੰਡਾ ਨੇ ਦੱਸਿਆ ਕਿ ਪਹਿਲੀ ਪਾਤਸ਼ਾਹੀ ਜਗਤ ਗੁਰੂ ਨਾਨਕ ਦੇਵੀ ਜੀ ਦਾ 554ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਗੁਰੂ ਪਰਵ ਨੂੰ ਲੈ ਕੇ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਚੱਲ ਰਿਹਾ ਹੈ। ਨੌਜਵਾਨ ਨਿਸ਼ਾਨ ਸਾਹਿਬ ਦੇ ਬਸਤਰ ਬਦਲਣ ਲਈ ਚੜ੍ਹਿਆ ਸੀ। 100 ਫੁੱਟ ਦੀ ਉਚਾਈ ‘ਤੇ ਅਚਾਨਕ ਪੁਲੀ ਟੁੱਟ ਗਈ। ਨੌਜਵਾਨ ਉੱਪਰ ਹੀ ਲਟਕਿਆ ਰਿਹਾ। ਮੌਕੇ ‘ਤੇ ਤੁਰੰਤ ਕਰੇਨ ਬੁਲਾਈ ਗਈ, ਜਿਸ ਤੋਂ ਬਾਅਦ 2 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਨੌਜਵਾਨ ਨੂੰ ਸੁਰੱਖਿਅਤ ਹੇਠਾਂ ਉਤਾਰਿਆ ਗਿਆ।