- ਕਿਸਾਨ ਪੰਜਾਬ ਭਵਨ ਲਈ ਰਵਾਨਾ ਹੋਏ ਕਿਸਾਨ,
- ਬਾਅਦ ਚ ਰਾਜਪਾਲ ਨਾਲ ਕਰਨਗੇ ਮੁਲਾਕਾਤ
ਚੰਡੀਗੜ੍ਹ, 28 ਨਵੰਬਰ 2023 – ਪੰਜਾਬ ਸਰਕਾਰ ਨੇ ਮੋਹਾਲੀ ਵਿੱਚ ਧਰਨਾ ਦੇ ਰਹੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ। ਰਾਜਪਾਲ ਨੂੰ ਮਿਲਣ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਕਿਸਾਨਾਂ ਨਾਲ ਮੀਟਿੰਗ ਲਈ ਤਿਆਰ ਹਨ। ਕਿਸਾਨ ਆਗੂ ਸਰਕਾਰ ਨਾਲ ਮੀਟਿੰਗ ਕਰਨ ਜਾਂ ਨਾ ਕਰਨ ਦਾ ਫੈਸਲਾ ਕਰਨ ਲਈ ਮੀਟਿੰਗ ਕੀਤੀ, ਜਿਸ ‘ਚ ਮੀਟਿੰਗ ਕਰਨ ਲਈ ਫੈਸਲਾ ਲਿਆ ਗਿਆ ਹੈ, ਜਿਸ ਤੋਂ ਬਾਅਦ ਹੁਣ ਕਿਸਾਨ ਸਰਕਾਰ ਨਾਲ ਮੀਟਿੰਗ ਕਰਨ ਲਈ ਪੰਜਾਬ ਭਵਨ ਲਈ ਰਵਾਨਾ ਹੋ ਗਏ ਹਨ। ਦੁਪਹਿਰ ਬਾਅਦ ਰਾਜ ਭਵਨ ‘ਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਕਿਸਾਨਾਂ ਦੀ ਬੈਠਕ ਹੋਵੇਗੀ।
ਇਸ ਦੇ ਨਾਲ ਹੀ ਪੰਚਕੂਲਾ ਦੇ ਸੈਕਟਰ-5 ਦੇ ਧਰਨਾ ਗਰਾਊਂਡ ਵਿੱਚ ਵੀ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇੱਥੋਂ ਕਿਸਾਨ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਦੇ ਘਰ ਜਾ ਕੇ ਮੰਗ ਪੱਤਰ ਸੌਂਪਣਗੇ। ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਸਰਹੱਦ ‘ਤੇ ਪੁਲਿਸ ਬਲ ਦੇ ਨਾਲ ਨੀਮ ਫ਼ੌਜੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪੁਲਿਸ ਨੇ ਆਮ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।
ਕਿਸਾਨਾਂ ਦੇ ਮੈਗਾ ਮਾਰਚ ਦੇ ਦੂਜੇ ਦਿਨ ਕਿਸਾਨ ਆਗੂ ਰਾਕੇਸ਼ ਟਿਕੈਤ ਪੰਚਕੂਲਾ ਪਹੁੰਚੇ ਸਨ। ਜਿੱਥੇ ਉਨ੍ਹਾਂ ਕਿਸਾਨਾਂ ਨਾਲ ਅੰਦੋਲਨ ਸਬੰਧੀ ਵਿਚਾਰ ਵਟਾਂਦਰਾ ਕੀਤਾ। ਟਿਕੈਤ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਕੇਂਦਰ ਸਰਕਾਰ ਕਿਸਾਨਾਂ ਦੀ ਹਮੇਸ਼ਾ ਅਣਦੇਖੀ ਕਰਦੀ ਰਹੀ ਹੈ, ਜਿਸ ਨੂੰ ਹੁਣ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪੰਚਕੂਲਾ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨ-ਮਜ਼ਦੂਰ ਮਹਾਪਦਵ ਵਿੱਚ 15 ਦੇ ਕਰੀਬ ਕਿਸਾਨ ਜਥੇਬੰਦੀਆਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਵਿੱਚੋਂ ਕੁਝ ਪ੍ਰਮੁੱਖ ਜਥੇਬੰਦੀਆਂ ਹਰਿਆਣਾ ਕਿਸਾਨ ਮੰਚ, ਬੀਕੇਯੂ ਟਿਕੈਤ, ਜੈ ਕਿਸਾਨ ਅੰਦੋਲਨ, ਆਲ ਇੰਡੀਆ ਕਿਸਾਨ ਸਭਾ, ਗੰਨਾ ਕਿਸਾਨ ਸੰਘਰਸ਼ ਸਮਿਤੀ, ਭਾਰਤੀ ਕਿਸਾਨ ਸੰਘਰਸ਼ ਸਮਿਤੀ, ਅਖਿਲ ਭਾਰਤੀ ਕਿਸਾਨ ਮਹਾਂਸਭਾ, ਰਾਸ਼ਟਰੀ ਕਿਸਾਨ ਮਜ਼ਦੂਰ ਸੰਘ, ਭਾਰਤੀ ਕਿਸਾਨ ਪੰਚਾਇਤ, ਭਾਰਤੀ ਕਿਸਾਨ ਯੂਨੀਅਨ ਆਦਿ ਹਨ।
ਕਿਸਾਨਾਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਇਕਜੁੱਟ ਹੋ ਕੇ ਸਰਕਾਰ ਨਾਲ ਇਹ ਸੰਘਰਸ਼ ਛੇੜਿਆ ਹੈ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ‘ਤੇ ਫ਼ਸਲ ਦੀ ਖਰੀਦ ਦੀ ਗਰੰਟੀ, ਲਖੀਮਪੁਰ ਖੀਰੀ ਕਤਲੇਆਮ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ਼ ਦਿਵਾਉਣਾ, ਮੁਕੰਮਲ ਕਰਜ਼ਾ ਮੁਆਫ਼ੀ ਅਤੇ ਪ੍ਰਾਈਵੇਟ ਬਿਜਲੀ ਬਿੱਲਾਂ ਨੂੰ ਵਾਪਸ ਕਰਨਾ ਆਦਿ ਸ਼ਾਮਲ ਹਨ। ਇਨ੍ਹਾਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਅੱਜ ਤੋਂ ਤਿੰਨ ਦਿਨਾਂ ਲਈ ਧਰਨਾ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਸੁਰੱਖਿਆ ਵਧਾ ਦਿੱਤੀ ਹੈ ਤਾਂ ਜੋ ਧਰਨਾ ਸ਼ਾਂਤਮਈ ਅਤੇ ਅਨੁਸ਼ਾਸਨ ਨਾਲ ਚੱਲ ਸਕੇ।