ਪਾਕਿਸਤਾਨ ‘ਚ ਪ੍ਰਕਾਸ਼ ਪੁਰਬ ਮਨਾਉਣ ਗਏ ਭਾਰਤੀ ਸਿੱਖ ਪਰਿਵਾਰ ਨਾਲ ਹੋਈ ਲੱਖਾਂ ਦੀ ਲੁੱਟ

  • ਲਾਹੌਰ ‘ਚ ਲੁਟੇਰਿਆਂ ਨੇ ਪੁਲਿਸ ਦੀ ਵਰਦੀ ‘ਚ ਦਿੱਤਾ ਵਾਰਦਾਤ ਨੂੰ ਅੰਜਾਮ,
  • 2 ਲੱਖ 50 ਹਜ਼ਾਰ ਭਾਰਤੀ ਰੁਪਏ ਅਤੇ 1 ਲੱਖ 50 ਹਜ਼ਾਰ ਪਾਕਿਸਤਾਨੀ ਰੁਪਏ ਦੀ ਹੋਈ ਲੁੱਟ,
  • ਪਰਿਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਗਿਆ ਸੀ ਪਾਕਿਸਤਾਨ

ਲਾਹੌਰ, 1 ਦਸੰਬਰ 2023 – ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨਾਂ ਲਈ ਗਏ ਇੱਕ ਸਿੱਖ ਪਰਿਵਾਰ ਨੂੰ ਪਾਕਿਸਤਾਨ ਵਿੱਚ ਲੁੱਟ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਲੁੱਟ ਦੀ ਇਹ ਵਾਰਦਾਤ ਪਾਕਿਸਤਾਨ ਦੇ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਹੋਈ। ਲੁਟੇਰਿਆਂ ਨੇ ਪੁਲਿਸ ਦੀ ਵਰਦੀ ਵਿੱਚ ਆ ਕੇ 2 ਲੱਖ 50 ਹਜ਼ਾਰ ਭਾਰਤੀ ਰੁਪਏ ਅਤੇ 1 ਲੱਖ 50 ਹਜ਼ਾਰ ਪਾਕਿਸਤਾਨੀ ਰੁਪਏ ਲੁੱਟ ਲਏ। ਹੈਰਾਨੀ ਦੀ ਗੱਲ ਹੈ ਕਿ ਪਰਿਵਾਰ ਦੀ ਲੁੱਟ ਸਬੰਧੀ ਐਫਆਈਆਰ ਗੁਲਬਰਗ ਥਾਣੇ ਵਿੱਚ ਦਰਜ ਕੀਤੀ ਗਈ ਸੀ ਪਰ ਲੁੱਟ ਦੀ ਧਾਰਾ ਨਹੀਂ ਜੋੜੀ ਗਈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਧਾਮਾਂ ਦੇ ਦਰਸ਼ਨਾਂ ਲਈ ਭਾਰਤ ਤੋਂ ਸਿੱਖ ਸ਼ਰਧਾਲੂ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਏ ਸਨ। ਇਸ ਸਮੇਂ ਸਿੱਖ ਜਥੇ ਲਾਹੌਰ ਪਾਕਿਸਤਾਨ ਪਹੁੰਚ ਚੁੱਕੇ ਸਨ। 29 ਨਵੰਬਰ ਦੀ ਸ਼ਾਮ ਨੂੰ ਕੰਵਲਜੀਤ ਸਿੰਘ ਆਪਣੇ ਪਰਿਵਾਰ ਨਾਲ ਪਾਕਿਸਤਾਨ ਦੇ ਗੁਲਬਰਗ, ਲਾਹੌਰ ਵਿੱਚ ਖਰੀਦਦਾਰੀ ਕਰਨ ਲਈ ਲਿਬਰਟੀ ਮਾਰਕੀਟ ਪਹੁੰਚਿਆ ਸੀ।

ਪੁਲੀਸ ਅਧਿਕਾਰੀ ਅਹਿਤਸ਼ਾਮ ਹੈਦਰ ਨੇ ਦੱਸਿਆ ਕਿ ਜਦੋਂ ਸਿੱਖ ਪਰਿਵਾਰ ਇੱਕ ਦੁਕਾਨ ਤੋਂ ਬਾਹਰ ਆਇਆ ਤਾਂ ਪੁਲੀਸ ਵਰਦੀ ਵਿੱਚ ਦੋ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਬੰਦੂਕ ਦੀ ਨੋਕ ’ਤੇ ਨਕਦੀ ਤੇ ਗਹਿਣੇ ਲੁੱਟ ਲਏ। ਲੁਟੇਰਿਆਂ ਨੇ ਸਿੱਖ ਪਰਿਵਾਰ ਦੇ ਗਹਿਣਿਆਂ ਤੋਂ ਇਲਾਵਾ 250,000 ਭਾਰਤੀ ਰੁਪਏ ਅਤੇ 150,000 ਪਾਕਿਸਤਾਨੀ ਰੁਪਏ ਲੁੱਟ ਲਏ।

ਪੁਲੀਸ ਅਧਿਕਾਰੀ ਹੈਦਰ ਨੇ ਦੱਸਿਆ ਕਿ ਪੁਲੀਸ ਦੇ ਡਿਪਟੀ ਇੰਸਪੈਕਟਰ ਜਨਰਲ ਨੇ ਭਾਰਤੀ ਸਿੱਖ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਲੁਟੇਰਿਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।

ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਤਾਂ ਦਰਜ ਕਰ ਲਈ ਪਰ ਐਫਆਈਆਰ ਵਿੱਚ ਡਕੈਤੀ ਦੀ ਧਾਰਾ ਨਹੀਂ ਜੋੜੀ ਗਈ। ਪਾਕਿਸਤਾਨੀ ਮੀਡੀਆ ਸੂਤਰ ਮੁਤਾਬਕ ਪੁਲਿਸ ਨੇ ਐਫਆਈਆਰ ਵਿੱਚ ਆਪਣੇ ਆਪ ਨੂੰ ਸ਼ਿਕਾਇਤਕਰਤਾ ਵਜੋਂ ਨਾਮਜ਼ਦ ਕੀਤਾ ਹੈ ਅਤੇ ਐਫਆਈਆਰ ਵਿੱਚ ਭਾਰਤੀ ਸਿੱਖ ਸ਼ਰਧਾਲੂ ਦੇ ਬਿਆਨ ਵੀ ਸ਼ਾਮਲ ਕੀਤੇ ਗਏ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਜਾਰੀ ਹੋਣ ਦੀ ਗੱਲ ਕਹਿ ਕੇ ਪੱਲਾ ਝਾੜ ਰਹੀ ਹੈ।

ਇਸ ਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਸੀ.ਸੀ.ਟੀ.ਵੀ. ਸਾਹਮਣੇ ਆਈ ਹੈ, ਜਿਸ ‘ਚ ਪੀੜਤ ਪਰਿਵਾਰ ਨੂੰ ਜ਼ਬਰਦਸਤੀ ਕਾਰ ‘ਚ ਬਿਠਾ ਕੇ ਬੰਦੂਕ ਦੀ ਨੋਕ ‘ਤੇ ਲੁੱਟਦੇ ਦੇਖਿਆ ਜਾ ਸਕਦਾ ਹੈ।

ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਵੀ ਸਿੱਖ ਸ਼ਰਧਾਲੂ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਲੁੱਟ ਦੀ ਘਟਨਾ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਲਾਹੌਰ ਪੁਲਿਸ ਮੁਖੀ ਤੋਂ ਤੁਰੰਤ ਰਿਪੋਰਟ ਮੰਗੀ ਹੈ।

ਨਕਵੀ ਨੇ ਸੀਸੀਟੀਵੀ ਫੁਟੇਜ ਰਾਹੀਂ ਸ਼ੱਕੀਆਂ ਦੀ ਫੌਰੀ ਪਛਾਣ ’ਤੇ ਜ਼ੋਰ ਦਿੰਦਿਆਂ ਡਕੈਤੀ ਵਿੱਚ ਸ਼ਾਮਲ ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਦੇ ਨਿਰਦੇਸ਼ ਦਿੱਤੇ ਹਨ। ਗੁਲਬਰਗ ਵਰਗੇ ਇਲਾਕੇ ਵਿੱਚ ਸਿੱਖ ਪਰਿਵਾਰ ਦੀ ਲੁੱਟ ਦੀ ਘਟਨਾ ਨੂੰ ਸੁਰੱਖਿਆ ਪੱਖੋਂ ਗੰਭੀਰ ਖਾਮੀ ਦੱਸਦਿਆਂ ਉਨ੍ਹਾਂ ਦੋਸ਼ੀਆਂ ਨੂੰ 48 ਘੰਟਿਆਂ ਦੇ ਅੰਦਰ ਅੰਦਰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਮੰਗ ਕੀਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

5 ਸੂਬਿਆਂ ‘ਚ ਚੋਣਾਂ ਖ਼ਤਮ ਹੁੰਦਿਆਂ ਹੀ ਮਹਿੰਗਾ ਹੋਇਆ LPG ਸਿਲੰਡਰ

ਚੰਡੀਗੜ੍ਹ ‘ਚ ਦੋਪਹੀਆ ਵਾਹਨਾਂ ਦੀ ਪਾਰਕਿੰਗ ‘ਚ ਮਾਮਲੇ ‘ਚ ਸ਼ਹਿਰ ਵਾਸੀਆਂ ਨੂੰ ਝਟਕਾ, ਨਹੀਂ ਮਿਲੀ ਮਨਜ਼ੂਰੀ