- ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਲਿਆ ਵੱਡਾ ਐਕਸ਼ਨ
ਸੰਗਰੂਰ, 2 ਦਸੰਬਰ 2023 – ਸੰਗਰੂਰ ਦੇ ਘਾਬਦਾਂ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਹੋਸਟਲ ਦਾ ਖਾਣਾ ਖਾਣ ਤੋਂ ਬਾਅਦ ਮੈਰੀਟੋਰੀਅਸ ਸਕੂਲ ਦੇ ਬੱਚਿਆਂ ਦੀ ਸਿਹਤ ਵਿਗੜ ਗਈ। ਬੱਚਿਆਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐਮਐਲਏ ਨਰਿੰਦਰ ਕੌਰ ਭਰਾਜ ਵੀ ਮੌਕੇ ‘ਤੇ ਪਹੁੰਚ ਕੇ ਬੱਚਿਆਂ ਦਾ ਹਾਲ-ਚਾਲ ਪੁੱਛ ਰਹੇ ਹਨ।
ਬਿਮਾਰ ਬੱਚਿਆਂ ਨੂੰ ਸਰਕਾਰੀ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਐਸਐਮਓ ਡਾ. ਕ੍ਰਿਪਾਲ ਸਿੰਘ ਨੇ ਦੱਸਿਆ ਕਿ ਸਾਰੇ ਬੱਚਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਬੱਚਿਆਂ ਦੇ ਮਾਪਿਆਂ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ।
ਜ਼ਿਕਰਯੋਗ ਹੈ ਕਿ ਸਰਕਾਰੀ ਮੈਰੀਟੋਰੀਅਸ ਸਕੂਲ ‘ਚ ਸ਼ੁੱਕਰਵਾਰ ਦੇਰ ਰਾਤ 18 ਬੱਚਿਆਂ ਨੂੰ ਦੂਸ਼ਿਤ ਖਾਣਾ ਖਾਣ ਕਾਰਨ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ‘ਚੋਂ 14 ਬੱਚਿਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ, ਜਦਕਿ 4 ਬੱਚਿਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਦਾਖਲ ਕਰਵਾਇਆ ਗਿਆ ਸੀ। ਸ਼ਨੀਵਾਰ ਸਵੇਰੇ ਸਕੂਲ ਤੋਂ 20 ਬੱਚਿਆਂ ਨੂੰ ਦਾਖਲ ਕਰਵਾਇਆ ਗਿਆ। ਦਾਖਲ ਬੱਚਿਆਂ ਵਿੱਚ ਮੂੰਹ ਵਿੱਚ ਝੱਗ ਆਉਣ, ਪੇਟ ‘ਚ ਦਰਦ ਅਤੇ ਉਲਟੀਆਂ ਆਉਣ ਦੀਆਂ ਸ਼ਿਕਾਇਤਾਂ ਆਈਆਂ ਹਨ। ਹਸਪਤਾਲ ‘ਚ ਦਾਖ਼ਲ ਬੱਚਿਆਂ ਨੇ ਦੱਸਿਆ ਕਿ ਦੀਵਾਲੀ ਤੋਂ ਬਾਅਦ ਉਨ੍ਹਾਂ ਨੂੰ ਘਟੀਆ ਕੁਆਲਿਟੀ ਦਾ ਖਾਣਾ ਖੁਆਇਆ ਜਾ ਰਿਹਾ ਹੈ।
ਜਿਸ ਤੋਂ ਬਾਅਦ ਘਟਨਾ ਦਾ ਪਤਾ ਲੱਗਦਿਆਂ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੱਲੋਂ ਖਾਣਾ ਮੁਹੱਈਆ ਕਰਵਾਉਣ ਵਾਲੇ ਠੇਕੇਦਾਰ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ। ਸਿੱਖਿਆ ਮੰਤਰੀ ਵੱਲੋਂ ਹੋਸਟਲ ਦੀ ਕੰਟੀਨ ਦਾ ਠੇਕਾ ਰੱਦ ਕਰ ਦਿੱਤਾ ਗਿਆ ਹੈ। ਘਟਨਾ ਦੀ ਜਾਂਚ ਲਈ ਬੈਂਸ ਵੱਲੋਂ ਜਾਂਚ ਕਮੇਟੀ ਵੀ ਬਣਾ ਦਿੱਤੀ ਗਈ ਹੈ ਅਤੇ ਬੈਂਸ ਨੇ ਜਾਂਚ ਕਮੇਟੀ ਤੋਂ 24 ਘੰਟਿਆਂ ਵਿੱਚ ਰਿਪੋਰਟ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਖਾਣੇ ਦੇ ਸੈਂਪਲ ਲਏ ਗਏ ਹਨ। ਮੈਡੀਕਲ ਟੀਮ ਨੂੰ ਸਕੂਲ ‘ਚ ਹੀ ਨਿਯੁਕਤ ਕੀਤਾ ਗਿਆ ਹੈ। ਦੱਸ ਦੇਈਏ ਕਿ ਸਕੂਲ ਦੇ ਅੰਦਰ ਹੀ ਹੋਸਟਲ ਬਣਾਇਆ ਗਿਆ ਹੈ। ਬੱਚੇ ਇੱਥੇ ਰਹਿੰਦੇ ਹਨ ਅਤੇ ਪੜ੍ਹਦੇ ਹਨ। ਫਿਲਹਾਲ ਅਗਰੇਲੀ ਜਾਂਚ ਜਾਰੀ ਹੈ।