- ਕੋਲਕਾਤਾ ਦੇ ਕਾਰੋਬਾਰੀ ਦੇ ਬੇਟੇ ਨਾਲ 2 ਦਿਨਾਂ ਬਾਅਦ ਹੋਵੇਗਾ ਵਿਆਹ
ਅਟਾਰੀ, 5 ਦਸੰਬਰ 2023 – ਪਾਕਿਸਤਾਨ ਦੇ ਕਰਾਚੀ ਦੀ ਰਹਿਣ ਵਾਲੀ ਜਵੇਰੀਆ ਖਾਨਮ ਵਿਆਹ ਕਰਨ ਲਈ ਭਾਰਤ ਆਈ ਹੈ। ਉਹ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਰਾਹੀਂ ਇੱਥੇ ਆਈ। ਜਵੇਰੀਆ ਦਾ ਵਿਆਹ ਕੋਲਕਾਤਾ ਦੇ ਕਾਰੋਬਾਰੀ ਅਹਿਮਦ ਕਮਾਲ ਖਾਨ ਦੇ ਬੇਟੇ ਸਮੀਰ ਨਾਲ ਹੋਵੇਗਾ। ਅਟਾਰੀ ਸਰਹੱਦ ਪੁੱਜਣ ‘ਤੇ ਸਹੁਰੇ ਪਰਿਵਾਰ ਨੇ ਜਵੇਰੀਆ ਦਾ ਢੋਲ ਨਾਲ ਸਵਾਗਤ ਕੀਤਾ। ਜਵੇਰੀਆ ਪਾਕਿਸਤਾਨ ਦੇ ਕਰਾਚੀ ਦੇ ਅਜ਼ਮਤ ਇਸਮਾਈਲ ਖਾਨ ਦੀ ਬੇਟੀ ਹੈ।
ਸਮੀਰ ਖਾਨ ਆਪਣੇ ਪਿਤਾ ਨਾਲ ਅਟਾਰੀ ਬਾਰਡਰ ‘ਤੇ ਜਵੇਰੀਆ ਖਾਨਮ ਨੂੰ ਲੈਣ ਆਇਆ ਸੀ। ਸਮੀਰ ਨੇ ਦੱਸਿਆ ਕਿ ਉਸ ਨੇ 5 ਸਾਲ ਜਰਮਨੀ ‘ਚ ਪੜ੍ਹਾਈ ਕੀਤੀ ਸੀ। ਇੱਥੇ ਉਸ ਦੀ ਮਾਂ ਦੀ ਰਿਸ਼ਤੇਦਾਰ ਜਵੇਰੀਆ ਖਾਨ ਜੋ ਕਿ ਪਾਕਿਸਤਾਨ ਦੀ ਰਹਿਣ ਵਾਲੀ ਹੈ, ਵੀ ਪੜ੍ਹਨ ਲਈ ਆਈ ਸੀ। ਮਈ 2018 ‘ਚ ਉਸ ਦੀ ਮੁਲਾਕਾਤ ਜਵੇਰੀਆ ਖਾਨ ਨਾਲ ਹੋਈ ਸੀ। ਜਿੱਥੇ ਦੋਵਾਂ ਵਿਚਾਲੇ ਗੱਲਬਾਤ ਹੋਈ।
ਸਮੀਰ ਨੇ ਦੱਸਿਆ ਕਿ ਉਨ੍ਹਾਂ ਨੇ ਜਰਮਨੀ ‘ਚ ਹੀ ਇਕ ਦੂਜੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਸੀ। ਪਰਿਵਾਰ ਰਿਸ਼ਤੇਦਾਰ ਸਨ ਇਸ ਲਈ ਦੋਵੇਂ ਧਿਰਾਂ ਵਿਆਹ ਲਈ ਰਾਜ਼ੀ ਹੋ ਗਈਆਂ ਪਰ ਇਸ ਤੋਂ ਬਾਅਦ ਕੋਰੋਨਾ ਦਾ ਦੌਰ ਸ਼ੁਰੂ ਹੋ ਗਿਆ।
ਸਮੀਰ ਨੇ ਦੱਸਿਆ ਕਿ ਕੋਰੋਨਾ ਕਾਰਨ ਦੋਹਾਂ ਨੂੰ ਆਪੋ-ਆਪਣੇ ਦੇਸ਼ ਪਰਤਣਾ ਪਿਆ ਪਰ ਪਿਆਰ ਘੱਟ ਨਹੀਂ ਹੋਇਆ। ਕੋਰੋਨਾ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀਜ਼ਾ ਦੀਆਂ ਕੋਸ਼ਿਸ਼ਾਂ ਦੋ ਸਾਲਾਂ ਤੱਕ ਜਾਰੀ ਰਹੀਆਂ। ਦੋ ਸਾਲਾਂ ਬਾਅਦ ਹੁਣ ਸਿਰਫ ਜਵੇਰੀਆ ਨੂੰ ਵੀਜ਼ਾ ਮਿਲਿਆ ਹੈ। ਇਸ ਲਈ ਜਵੇਰੀਆ ਇਕੱਲੀ ਹੀ ਵਿਆਹ ਕਰਨ ਲਈ ਭਾਰਤ ਆਈ ਹੈ। ਵਿਆਹ ਦੋ ਦਿਨਾਂ ਵਿੱਚ ਹੋਵੇਗਾ। ਵਿਆਹ ਦੀ ਰਿਸੈਪਸ਼ਨ ਜਨਵਰੀ ਦੇ ਪਹਿਲੇ ਹਫਤੇ ਹੋਵੇਗੀ।
ਸਮੀਰ ਨੇ ਦੱਸਿਆ ਕਿ ਜਵੇਰੀਆ ਨੂੰ ਫਿਲਹਾਲ 45 ਦਿਨਾਂ ਦਾ ਵੀਜ਼ਾ ਮਿਲਿਆ ਹੈ। ਵਿਆਹ ਤੋਂ ਬਾਅਦ ਉਹ ਵੀਜ਼ਾ ਵਧਾਉਣ ਲਈ ਅਪਲਾਈ ਕਰਨਗੇ। ਜਿਸ ਤੋਂ ਬਾਅਦ ਉਸ ਨੂੰ ਲਾਈਫ ਟਾਈਮ ਵੀਜ਼ਾ ਮਿਲੇਗਾ। ਸਮੀਰ ਨੇ ਦੱਸਿਆ ਕਿ ਇਹ ਉਸ ਲਈ ਖੁਸ਼ੀ ਦੇ ਪਲ ਹਨ।
ਸਮੀਰ ਅਤੇ ਜਵੇਰੀਆ ਹੁਣ ਤੱਕ ਸਿਰਫ਼ ਤਿੰਨ ਵਾਰ ਹੀ ਇੱਕ ਦੂਜੇ ਨੂੰ ਮਿਲ ਸਕੇ ਹਨ। ਜਿਸ ਵਿੱਚੋਂ ਉਹ ਦੋ ਵਾਰ ਥਾਈਲੈਂਡ ਅਤੇ ਇੱਕ ਵਾਰ ਦੁਬਈ ਵਿੱਚ ਪਰਿਵਾਰ ਸਮੇਤ ਮਿਲੇ ਸੀ।