- ਬੀਤੇ ਕੱਲ੍ਹ ਲੋਕ ਸਭਾ ਵਿੱਚ ਹੋਇਆ ਸੀ ਪਾਸ
ਨਵੀਂ ਦਿੱਲੀ, 7 ਦਸੰਬਰ 2023 – ਅੱਜ 7 ਦਸੰਬਰ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਚੌਥਾ ਦਿਨ ਹੈ। ਜੰਮੂ-ਕਸ਼ਮੀਰ ਰਿਜ਼ਰਵੇਸ਼ਨ (ਸੋਧ) ਬਿੱਲ ਅਤੇ ਜੰਮੂ-ਕਸ਼ਮੀਰ ਪੁਨਰਗਠਨ (ਸੋਧ) ਬਿੱਲ ਅੱਜ ਰਾਜ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।
ਇਹ ਬਿੱਲ ਕੱਲ੍ਹ ਯਾਨੀ ਸੈਸ਼ਨ ਦੇ ਤੀਜੇ ਦਿਨ ਲੋਕ ਸਭਾ ਵਿੱਚ ਪਾਸ ਕੀਤੇ ਗਏ ਸਨ। ਸਦਨ ਵਿੱਚ ਚਰਚਾ ਦੌਰਾਨ ਅਮਿਤ ਸ਼ਾਹ ਨੇ ਜਵਾਹਰ ਲਾਲ ਨਹਿਰੂ ਦਾ ਪੱਤਰ ਪੜ੍ਹਿਆ। ਗ੍ਰਹਿ ਮੰਤਰੀ ਨੇ ਕਿਹਾ- ‘ਨਹਿਰੂ ਨੇ ਸ਼ੇਖ ਅਬਦੁੱਲਾ ਨੂੰ ਪੱਤਰ ਲਿਖਿਆ ਸੀ ਕਿ ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ‘ਚ ਲਿਜਾਣਾ ਗਲਤੀ ਸੀ।’ ਸ਼ਾਹ ਦੇ ਬਿਆਨ ‘ਤੇ ਕਾਂਗਰਸ ਸਮੇਤ ਵਿਰੋਧੀ ਧਿਰਾਂ ਨੇ ਹੰਗਾਮਾ ਕੀਤਾ। ਸ਼ਾਹ ਨੇ ਕਿਹਾ ਕਿ ਮੈਂ ਉਹੀ ਗੱਲ ਕਹੀ ਜੋ ਨਹਿਰੂ ਨੇ ਖੁਦ ਅਬਦੁੱਲਾ ਨੂੰ ਕਹੀ ਸੀ।
ਸ਼ਾਹ ਨੇ ਇਹ ਵੀ ਕਿਹਾ ਕਿ ਜੰਗਬੰਦੀ ਉਦੋਂ ਲਾਗੂ ਕੀਤੀ ਗਈ ਸੀ ਜਦੋਂ ਕਸ਼ਮੀਰ ਵਿੱਚ ਫੌਜ ਜਿੱਤ ਰਹੀ ਸੀ। ਨਹਿਰੂ ਦੀ ਗਲਤੀ ਕਾਰਨ ਇਹ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ (PoK) ਬਣ ਗਿਆ। ਦੇਸ਼ ਦੀ ਜ਼ਮੀਨ ਦਾ ਨੁਕਸਾਨ ਨਹਿਰੂ ਦੀ ਭੁੱਲ ਸੀ।
ਦੂਜੇ ਪਾਸੇ ਗਊ ਮੂਤਰ ‘ਤੇ ਡੀਐਮਕੇ ਨੇਤਾ ਦੇ ਬਿਆਨ ਨੂੰ ਲੈ ਕੇ ਲੋਕ ਸਭਾ ‘ਚ ਭਾਰੀ ਹੰਗਾਮਾ ਹੋਇਆ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਭਾਜਪਾ ਆਗੂਆਂ ਨੇ ਮੁਆਫ਼ੀ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਸ ਤੋਂ ਬਾਅਦ ਸੇਂਥਿਲ ਨੇ ਲੋਕ ਸਭਾ ਵਿੱਚ ਆਪਣੇ ਬਿਆਨ ਲਈ ਮੁਆਫੀ ਮੰਗੀ। ਉਨ੍ਹਾਂ ਕਿਹਾ- ਜੇਕਰ ਕੱਲ੍ਹ ਦੇ ਮੇਰੇ ਬਿਆਨ ਨੇ ਅਣਜਾਣੇ ਵਿੱਚ ਕਿਸੇ ਮੈਂਬਰ ਜਾਂ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਤਾਂ ਮੈਂ ਆਪਣਾ ਬਿਆਨ ਵਾਪਸ ਲੈਂਦਾ ਹਾਂ, ਮੈਨੂੰ ਅਫਸੋਸ ਹੈ।