- ਸਰਕਾਰ ਨੇ ਪਹਿਲੇ ਸਾਲ ਦੀ ਟਿਊਸ਼ਨ ਫੀਸ ਅਤੇ ਯਾਤਰਾ ਦੇ ਖਰਚੇ ਤੋਂ ਇਲਾਵਾ 20,635 ਕੈਨੇਡੀਅਨ ਡਾਲਰ (ਲਗਭਗ 13 ਲੱਖ ਰੁਪਏ) ਕੀਤੇ ਲਾਜ਼ਮੀ
ਚੰਡੀਗੜ੍ਹ, 8 ਦਸੰਬਰ 2023 – ਕੈਨੇਡਾ ‘ਚ ਪੜ੍ਹਾਈ ਕਰਨ ਜਾ ਰਹੇ ਵਿਦਿਆਰਥੀਆਂ ਲਈ ਬਹੁਤ ਜ਼ਰੂਰੀ ਖ਼ਬਰ ਹੈ। ਕੈਨੇਡਾ ਸਰਕਾਰ ਨੇ ਪੜ੍ਹਾਈ ਕਰਨ ਲਈ ਆਉਣ ਵਾਲੇ ਵਿਦਿਆਰਥੀਆਂ ਦੇ ਫੰਡਾਂ ‘ਚ ਭਾਰੀ ਵਾਧਾ ਕਰ ਦਿੱਤਾ ਹੈ।
ਅੱਜ ਓਟਵਾ ਪਾਰਲੀਮੈਂਟ ਹਿੱਲ ਤੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕੇ ਨਵੇਂ ਨਿਯਮਾਂ ਤਹਿਤ ਕੈਨੇਡਾ ਪੜ੍ਹਨ ਆਉਂਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਲੋੜੀਂਦੇ ਫੰਡਾਂ ਨੂੰ ਦੁੱਗਣਾ ਕਰ ਦਿੱਤਾ ਹੈ। ਕੈਨੇਡਾ ‘ਚ ਧੋਖਾਧੜੀ, ਸ਼ੋਸ਼ਣ, ਦੁਰਵਿਵਹਾਰ ਅਤੇ ਰਿਹਾਇਸ਼ੀ ਸਮੱਸਿਆਵਾਂ ਨਾਲ ਨਜਿੱਠਣ ਲਈ ਸਰਕਾਰ 1 ਜਨਵਰੀ 2024 ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਫੰਡਾਂ ਨੂੰ $10,000 ਤੋਂ ਵਧਾਕੇ $20,635 ਡਾਲਰ (ਲਗਭਗ 13 ਲੱਖ ਰੁਪਏ) ਕਰਨ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਪਹਿਲਾਂ ਹੀ ਆਇਲੈਟਸ, ਏਜੰਟਾਂ ਦੀਆਂ ਫੀਸਾਂ, ਵਿਦਿਅਕ ਕੋਰਸਾਂ ਦੀਆਂ ਮਹਿੰਗੀਆਂ ਫੀਸਾਂ, ਜੀਆਈਸੀ, ਹਵਾਈ ਟਿਕਟਾਂ ਆਦਿ ਉੱਤੇ ਲੱਖਾਂ ਰੁਪਏ ਖਰਚ ਕਰਕੇ ਕੈਨੇਡਾ ਪੜ੍ਹਨ ਆਉਂਦੇ ਹਨ। ਬਹੁਤੇ ਵਿਦਿਆਰਥੀ ਵਿਦਿਅਕ ਲੋਨ ਅਤੇ ਹੋਰ ਕਰਜ਼ ਚੁੱਕਕੇ ਵਿਦੇਸ਼ ਪੜ੍ਹਨ ਆਉਂਦੇ ਹਨ। ਹੁਣ ਨਵੇਂ ਨਿਯਮਾਂ ਤਹਿਤ ਇਹ ਕਰਜ਼ ਬੋਝ ਹੋਰ ਜਿਆਦਾ ਵੱਧ ਜਾਵੇਗਾ ਜਿਸ ਨਾਲ ਵਿਦਿਆਰਥੀਆਂ ਨੂੰ ਅਨੇਕਾਂ ਮਾਨਸਿਕ ਅਤੇ ਆਰਥਿਕ ਤੰਗੀਆਂ ਵਿੱਚੋਂ ਗੁਜ਼ਰਨਾ ਪਵੇਗਾ।