- ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ-ਜਮਹੂਰੀ ਹਲਕੇ ਵੀ ਪੁੱਜੇ
ਨਵੀਂ ਦਿੱਲੀ 10 ਦਸੰਬਰ 2020 -ਦਿੱਲੀ ‘ਚ ਲੱਗੇ ਕਿਸਾਨ ਮੋਰਚੇ ‘ਚ ਅੱਜ ਬੀ. ਕੇ .ਯੂ. ਏਕਤਾ (ਉਗਰਾਹਾਂ )ਵੱਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ ਇਸ ਨੂੰ ਜੇਲ੍ਹੀਂ ਡੱਕੇ ਬੁੱਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਨੂੰ ਸਮਰਪਿਤ ਕੀਤਾ ਗਿਆ।ਟਿੱਕਰੀ ਬਾਰਡਰ ਕੋਲ ਵਸਾਏ ਗਏ ਬਾਬਾ ਬੰਦਾ ਸਿੰਘ ਬਹਾਦਰ ਨਗਰ ‘ਚ ਜੁੜੇ ਵਿਸ਼ਾਲ ਇਕੱਠ ਨੇ ਮੋਦੀ ਹਕੂਮਤ ਤੋਂ ਮੰਗ ਕੀਤੀ ਕਿ ਜੇਲ੍ਹੀਂ ਡੱਕੇ ਕਾਰਕੁੰਨ ਫੌਰੀ ਰਿਹਾਅ ਕੀਤੇ ਜਾਣ ।ਗ੍ਰਿਫ਼ਤਾਰ ਕੀਤੇ ਕਾਰਕੁੰਨਾਂ ਦੀਆਂ ਤਸਵੀਰਾਂ ਵਾਲੀ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅੱਜ ਦਾ ਦਿਹਾੜਾ ਮਨੁੱਖ ਦੇ ਜਿਉਣ ਦੇ ਹੱਕ, ਜ਼ਿੰਦਗੀ ਦੀ ਬਿਹਤਰੀ ਲਈ ਜੂਝਣ ਦੇ ਹੱਕ ਤੇ ਮਨੁੱਖਤਾ ਦੀ ਸ਼ਾਨ ਨੂੰ ਕਾਇਮ ਰੱਖਣ ਲਈ ਸੰਘਰਸ਼ਾਂ ਦੇ ਹੱਕ ਪੁਗਾਉਣ ਦੇ ਅਹਿਦ ਦਾ ਦਿਹਾੜਾ ਹੈ।
ਇਹ ਦਿਹਾੜਾ ਅੱਜ ਹੱਕਾਂ ਲਈ ਜੂਝਦੇ ਕਿਸਾਨ ਮਨਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਮੁਲਕ ਦੇ ਨਾਮਵਰ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ‘ਤੇ ਦਮਨ ਦਾ ਕੁਹਾੜਾ ਚਲਾਇਆ ਹੋਇਆ ਹੈ ਤੇ ਝੂਠੇ ਕੇਸ ਮੜ੍ਹ ਕੇ ਜੇਲ੍ਹਾਂ ਚ ਸੁੱਟਿਆ ਜਾ ਰਿਹਾ ਹੈ। ਲੋਕਾਂ ਲਈ ਕਲਮ ਚਲਾਉਣ ਵਾਲੇ ਲੇਖਕ, ਕਲਾਕਾਰ ਤੇ ਲੋਕਾਂ ‘ਚ ਹੱਕਾਂ ਦੀ ਚੇਤਨਾ ਫੈਲਾਉਣ ਵਾਲੇ ਕਲਮਕਾਰਾਂ ਦੀ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ ।ਮੁਲਕ ਅੰਦਰ ਐਮਰਜੈਂਸੀ ਵਰਗੀ ਹਾਲਤ ਪੈਦਾ ਕੀਤੀ ਗਈ ਹੈ । ਅੱਜ ਦਾ ਸੰਘਰਸ਼ ਲੋਕਾਂ ਦੇ ਵਿਚਾਰ ਪ੍ਰਗਟਾਵੇ ਦੇ ਹੱਕ ਨੂੰ ਬੁਲੰਦ ਕਰਦਾ ਹੈ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਜਮਹੂਰੀ ਹੱਕਾਂ ਦੀ ਲਹਿਰ ਦੇ ਉੱਘੇ ਕਾਰਕੁੰਨ ਤੇ ਦਿੱਲੀ ਯੂਨੀਵਰਸਿਟੀ ‘ਚ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਨੰਦਨੀ ਸੁੰਦਰ ਨੇ ਸੰਬੋਧਨ ਕਰਦਿਆਂ ਜੇਲ੍ਹੀ ਡੱਕੇ ਕਾਰਕੁੰਨਾਂ ਦੀ ਵਿਥਿਆ ਸੁਣਾਈ। ਨੰਦਨੀ ਸੁੰਦਰ ਨੇ 2007 ‘ਚ ਛੱਤੀਸਗਡ਼੍ਹ ਅੰਦਰ ਸ਼ੁਰੂ ਕੀਤੇ ਗਏ ਸਲਵਾ ਜੁਡਮ ਖ਼ਿਲਾਫ਼ ਪਟੀਸ਼ਨ ਪਾਈ ਸੀ। ਪਿੰਜਰਾ ਤੋੜ ਮੁਹਿੰਮ ਦੀ ਆਗੂ ਤੇ ਕਾਰਕੁੰਨ ਨਤਾਸ਼ਾ ਨਰਵਾਲ(ਜੋ ਯੂ ਏ ਪੀ ਏ ਐਕਟ ਤਹਿਤ ਬੰਦ ਕੀਤੀ ਗਈ ਹੈ) ਦੇ ਪਿਤਾ ਪ੍ਰੋ ਮਹਾਂਵੀਰ ਨਰਵਾਲ ਨੇ ਸੰਬੋਧਨ ਕੀਤਾ ਤੇ ਆਪਣੀ ਧੀ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਬੁਲੰਦ ਕੀਤਾ। ਨੈਸ਼ਨਲ ਅਲਾਇੰਸ ਆਫ਼ ਪੀਪਲਜ਼ ਮੂਵਮੈਂਟ ਦੇ ਆਗੂ ਵਿਮਲ ਭਾਈ ਨੇ ਵੀ ਆਪਣੇ ਵਿਚਾਰ ਰੱਖੇ। ਜਮਹੂਰੀ ਲਹਿਰ ਦੀ ਕਾਰਕੁੰਨ ਤੇ ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਦੀ ਧੀ ਡਾ. ਨਵਸ਼ਰਨ ਨੇ ਮੰਗ ਕੀਤੀ ਕਿ ਲੋਕਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ‘ਤੇ ਮੜ੍ਹੀਆਂ ਪਾਬੰਦੀਆਂ ਹਟਾਈਆਂ ਜਾਣ ਤੇ ਯੂ ਏ ਪੀ ਏ ਸਮੇਤ ਸਾਰੇ ਕਾਲੇ ਕਾਨੂੰਨ ਰੱਦ ਕੀਤੇ ਜਾਣ।
ਪਲਸ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ ਨੇ ਲੋਕ ਸੰਘਰਸ਼ਾਂ ਤੇ ਸਾਹਿਤਕਾਰਾਂ ਦੇ ਰਿਸ਼ਤੇ ਨੂੰ ਹੋਰ ਮਜਬੂਤ ਕਰਨ ਦੀ ਲੋੜ ਉਭਾਰੀ। ਅੱਜ ਦੀ ਇਕੱਤਰਤਾ ‘ਚ ਪੁੱਜੇ ਉੱਘੇ ਪੰਜਾਬੀ ਨਾਟਕ ਨਿਰਦੇਸ਼ਕ ਕੇਵਲ ਧਾਲੀਵਾਲ ਨੇ ਕਿਸਾਨ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕੀਤੀ ਤੇ ਉਨ੍ਹਾਂ ਦੀ ਸੰਸਥਾ ਮੰਚ ਰੰਗ ਮੰਚ ਦੇ ਅਦਾਕਾਰਾਂ ਨੇ ਜੋਗਿੰਦਰ ਬਾਹਰਲੇ ਦਾ ਓਪੇਰਾ “ਹਾੜ੍ਹੀਆਂ ਸਾਉਣੀਆਂ” ਨੂੰ ਕਲਾਮਈ ਢੰਗ ਨਾਲ ਪੇਸ਼ ਕੀਤਾ।