ਮੋਹਾਲੀ, 11 ਦਸੰਬਰ 2023 – ਅੰਬਾਲਾ-ਨਰਾਇਣਗੜ੍ਹ ਹਾਈਵੇ ‘ਤੇ ਹੰਡੇਸਰਾ ਨੇੜੇ ਵਾਪਰੇ ਦਰਦਨਾਕ ਹਾਦਸੇ ‘ਚ ਜੁਗਾੜ ਬਾਈਕ ‘ਤੇ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਕੋਲਡ ਸਟੋਰ ਨੇੜੇ ਇੱਕ ਪ੍ਰਾਈਵੇਟ ਬੱਸ ਨੇ ਅੱਗੇ ਜਾ ਰਹੇ ਸਬਜ਼ੀ ਨਾਲ ਭਰੇ ਜੁਗਾੜ ਬਾਈਕ ਵਿਕਰੇਤਾ ਨੂੰ ਟੱਕਰ ਮਾਰ ਦਿੱਤੀ। ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤੀਜੇ ਦੀ ਅੰਬਾਲਾ ਦੇ ਹਸਪਤਾਲ ‘ਚ ਮੌਤ ਹੋ ਗਈ।
ਹੰਡੇਸਰਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਦਸਾ ਐਤਵਾਰ ਦੁਪਹਿਰ 3 ਵਜੇ ਵਾਪਰਿਆ। ਏਐਸਆਈ ਜਤਿੰਦਰ ਪਾਲ ਨੇ ਦੱਸਿਆ ਕਿ 3 ਨੌਜਵਾਨ ਅੰਬਾਲਾ ਤੋਂ ਹੰਡੇਸਰਾ ਵੱਲ ਜੁਗਾੜ ਬਾਈਕ ‘ਤੇ ਸਬਜ਼ੀ ਲੈ ਕੇ ਆ ਰਹੇ ਸਨ। ਜਦੋਂ ਉਹ ਹੰਡੇਸਰਾ ਕੋਲ ਕੋਲਡ ਸਟੋਰ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਇੱਕ ਬੱਸ ਨੇ ਜੁਗਾੜ ਬਾਈਕ ਰੇਹੜੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਕਾਰਨ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤੀਜਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਰਾਹਗੀਰਾਂ ਨੇ ਤੁਰੰਤ ਉਸ ਨੂੰ ਇਲਾਜ ਲਈ ਅੰਬਾਲਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਪਰ ਉਸ ਦੀ ਮੌਤ ਹੋ ਗਈ। ਤਿੰਨਾਂ ਦੀ ਉਮਰ 20-22 ਸਾਲ ਦਰਮਿਆਨ ਹੈ। ਪੁਲੀਸ ਨੇ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਅਨੁਸਾਰ ਤਿੰਨੋਂ ਜਣੇ ਐਤਵਾਰ ਦੁਪਹਿਰ ਇੱਕ ਜੁਗਾੜ ਗੱਡੀ ਵਿੱਚ ਅੰਬਾਲਾ ਸ਼ਹਿਰ ਤੋਂ ਹੰਡੇਸਰਾ (ਪੰਜਾਬ) ਵੱਲ ਜਾ ਰਹੇ ਸਨ। ਇਸੇ ਦੌਰਾਨ ਅੰਬਾਲਾ ਸ਼ਹਿਰ ਤੋਂ ਨਰਾਇਣਗੜ੍ਹ ਜਾ ਰਹੀ ਇੱਕ ਪ੍ਰਾਈਵੇਟ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਅੰਬਾਲਾ-ਨਰਾਇਣਗੜ੍ਹ ਰੋਡ ‘ਤੇ ਮੋਹਾਲੀ ਦੇ ਹੰਡੇਸਰਾ ਥਾਣੇ ਅਧੀਨ ਪੈਂਦੇ ਤਸੀੰਬਲੀ ਚੌਕ ਨੇੜੇ ਵਾਪਰਿਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਪੰਜੋਖਰਾ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਇਹ ਹਾਦਸਾ ਮੁਹਾਲੀ ਵਿੱਚ ਵਾਪਰਿਆ ਹੈ, ਇਸ ਲਈ ਹੰਡੇਸਰਾ ਥਾਣਾ ਪੁਲੀਸ ਵੀ ਕਾਰਵਾਈ ਕਰ ਰਹੀ ਹੈ।