ਲੁਧਿਆਣਾ, 14 ਦਸੰਬਰ 2023 – ਸੀ.ਆਈ.ਏ ਸਟਾਫ਼ ਲੁਧਿਆਣਾ ਦੇਹਾਤ ਪੁਲਿਸ ਨੇ 50 ਕੁਇੰਟਲ ਭੁੱਕੀ, 1.25 ਕਰੋੜ ਰੁਪਏ ਦੀ ਡਰੱਗ ਮਨੀ, ਟਰੱਕਾਂ ਦੀਆਂ 14 ਜਾਅਲੀ ਨੰਬਰ ਪਲੇਟਾਂ, ਪੁਲਿਸ ਦੀ ਵਰਦੀ, ਹਥਿਆਰ ਸਮੇਤ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜਗਰਾਉਂ ਸੀਆਈਏ ਸਟਾਫ਼ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਇੱਕ ਟਰੱਕ ਕੰਟੇਨਰ ਰਾਹੀਂ ਭੁੱਕੀ ਦੀ ਇੱਕ ਵੱਡੀ ਖੇਪ ਜਗਰਾਉਂ ਇਲਾਕੇ ਵਿੱਚ ਆ ਰਹੀ ਹੈ।
ਜਿਸ ‘ਤੇ ਸੀ.ਆਈ.ਏ ਸਟਾਫ਼ ਦੇ ਮੁਖੀ ਇੰਸਪੈਕਟਰ ਕਿੱਕਰ ਸਿੰਘ ਦੀ ਅਗਵਾਈ ਹੇਠ ਪਿੰਡ ਭੜੋਵਾਲ ਤੋਂ ਗੋਰਸਾਇਆ ਮੱਖਣ ਨੂੰ ਆਉਂਦੀ ਸੜਕ ‘ਤੇ ਇਕ ਬੰਦ ਪਏ ਕੰਟੇਨਰ ਟਰੱਕ (ਐੱਚ.ਆਰ. 55 ਏ.ਏ. 5625) ਨੂੰ ਘੇਰ ਲਿਆ ਗਿਆ | ਜਿਸ ਵਿੱਚ ਅਵਤਾਰ ਸਿੰਘ ਤਾਰੀ ਪੁੱਤਰ ਲਛਮਣ ਸਿੰਘ ਵਾਸੀ ਢੁੱਡੀਕੇ ਜ਼ਿਲ੍ਹਾ ਮੋਗਾ, ਹਰਜਿੰਦਰ ਸਿੰਘ ਰਿੰਦੀ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਰਾਏਪੁਰ ਅਰਾਈਆਂ ਜ਼ਿਲ੍ਹਾ ਜਲੰਧਰ ਅਤੇ ਕਮਲਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਰੂਪਾ ਪੱਤੀ ਰੋਡ ਬਾਘਾਪੁਰਾਣਾ ਸਵਾਰ ਸਨ।
ਐਸਪੀ ਮਨਵਿੰਦਰ ਬੀਰ ਸਿੰਘ ਦੀ ਹਾਜ਼ਰੀ ਵਿੱਚ ਜਦੋਂ ਕੰਟੇਨਰ ਟਰੱਕ ਨੂੰ ਖੋਲ੍ਹ ਕੇ ਤਲਾਸ਼ੀ ਲਈ ਗਈ ਤਾਂ ਮੁਲਜ਼ਮਾਂ ਕੋਲੋਂ 270 ਬੋਰੀਆਂ (54 ਕੁਇੰਟਲ) ਭੁੱਕੀ ਅਤੇ 1.25 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ। ਮੁਲਜ਼ਮ ਪਹਿਲਾਂ ਵੀ ਕਰੀਬ ਛੇ ਵਾਰ ਅਫ਼ੀਮ ਵੇਚ ਚੁੱਕਾ ਹੈ ਅਤੇ ਸੱਤਵੀਂ ਵਾਰ ਸਪਲਾਈ ਕਰਨ ਆਇਆ ਸੀ।