- ਗਾਇਕ ਦੀ ਕਾਰ ਲੁੱਟਣ ਦੀ ਕੋਸ਼ਿਸ਼ ਦੌਰਾਨ ਹੋਇਆ ਸੀ ਕ+ਤ+ਲ
- ਦੋ ਲੁਟੇਰਿਆਂ 5 ਸਾਲ ਪਹਿਲਾਂ ਮਾਰੀਆਂ ਸੀ 7 ਗੋ+ਲੀਆਂ
- ਇੱਕ ਲੁਟੇਰੇ ਦੀ ਹੋ ਚੁੱਕੀ ਹੀ ਮੌਤ, ਦੂਜਾ ਪੁਲਿਸ ਨੇ ਕੀਤਾ ਗ੍ਰਿਫਤਾਰ
ਮੋਹਾਲੀ, 15 ਦਸੰਬਰ 2023 – ਮੋਹਾਲੀ ਦੇ ਡੇਰਾਬਸੀ ‘ਚ ਗਾਇਕ ਨਵਜੋਤ ਸਿੰਘ ਵਿਰਕ ਦੇ ਕਤਲ ਦੀ ਗੁੱਥੀ ਪੁਲਸ ਨੇ ਸੁਲਝਾ ਲਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਜੀਪੀ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ ਹੈ। 5 ਸਾਲ ਪਹਿਲਾਂ ਗਾਇਕ ਨਵਜੋਤ ਵਿਰਕ ਦਾ ਸੱਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੂੰ ਇਸ ਮਾਮਲੇ ਵਿੱਚ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ। ਉਸ ਸਮੇਂ ਉਸ ਦਾ ਕਤਲ ਲਵ ਐਂਗਲ ਅਤੇ ਜਾਇਦਾਦ ਨੂੰ ਲੈ ਕੇ ਮੰਨਿਆ ਜਾ ਰਿਹਾ ਸੀ।
ਗ੍ਰਿਫਤਾਰੀ ਤੋਂ ਬਾਅਦ ਖੁਲਾਸਾ ਹੋਇਆ ਕਿ ਗਾਇਕ ਦੀ ਕਾਰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਦੇ ਕਤਲ ਵਿੱਚ ਅਭਿਸ਼ੇਕ ਉਰਫ਼ ਰਜਤ ਅਤੇ ਸੌਰਭ ਨਾਮ ਦੇ ਦੋ ਨੌਜਵਾਨ ਸ਼ਾਮਲ ਸਨ। ਜਿਸ ‘ਚੋਂ ਸੌਰਵ ਦੀ ਮੌਤ ਹੋ ਗਈ ਹੈ ਅਤੇ ਰਜਤ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਗਾਇਕ ਨਵਜੋਤ ਸਿੰਘ ਵਿਰਕ 28 ਮਈ 2018 ਨੂੰ ਡੇਰਾਬੱਸੀ ਦੇ ਪਿੰਡ ਬੇਹੜਾ ਤੋਂ ਮਿਊਜ਼ਿਕ ਕਲਾਸ ਵਿੱਚ ਜਾਣ ਲਈ ਰਵਾਨਾ ਹੋਇਆ ਸੀ। ਉਸ ਨੇ 11 ਵਜੇ ਫੋਨ ਕਰਕੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਸੰਗੀਤ ਦੀ ਕਲਾਸ ਤੋਂ ਡੇਰਾਬੱਸੀ ਵਾਪਸ ਆ ਗਿਆ ਹੈ। ਉਹ ਕੁਝ ਸਮੇਂ ਬਾਅਦ ਘਰ ਪਹੁੰਚ ਜਾਵੇਗਾ ਪਰ 12 ਵਜੇ ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਫੋਨ ਕਰਨਾ ਸ਼ੁਰੂ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਇਸ ‘ਤੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
ਜਦੋਂ ਨਵਜੋਤ ਦੇ ਪਿਤਾ ਸੁਖਬੀਰ ਸਿੰਘ ਉਸ ਦੀ ਭਾਲ ਵਿਚ ਘਰੋਂ ਨਿਕਲੇ ਤਾਂ ਉਨ੍ਹਾਂ ਦੀ ਕਾਰ 2 ਕਿਲੋਮੀਟਰ ਦੂਰ ਬਰਵਾਲਾ ਰੋਡ ‘ਤੇ ਖੜ੍ਹੀ ਸੀ। ਜਦੋਂ ਉਨ੍ਹਾਂ ਨੇ ਨੇੜੇ-ਤੇੜੇ ਤਲਾਸ਼ੀ ਲਈ ਤਾਂ ਉਸ ਦੀ ਲਾਸ਼ ਵੀ ਖੂਨ ਨਾਲ ਲੱਥਪੱਥ ਪਈ ਮਿਲੀ। ਉਨ੍ਹਾਂ ਦੀ ਸੂਚਨਾ ‘ਤੇ ਮੌਕੇ ‘ਤੇ ਪਹੁੰਚੇ ਐੱਸ. ਪੁਲੀਸ ਨੇ ਮੌਕੇ ਤੋਂ 0.9 ਐਮਐਮ ਬੋਰ ਦੇ ਪਿਸਤੌਲ ਦੇ ਕੁਝ ਕਾਰਤੂਸ ਵੀ ਬਰਾਮਦ ਕੀਤੇ ਸਨ।