ਚੇਤਨ ਸਿੰਘ ਜੌੜਾਮਾਜਰਾ ਵੱਲੋਂ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਨਾਉਣ ਦਾ ਸੱਦਾ

  • ਕਿਹਾ, ਆਉਣ ਵਾਲਾ ਸਮਾਂ ਬਾਗਬਾਨੀ ਤੇ ਫੁੱਲਾਂ ਦੀ ਖੇਤੀ ਦਾ ਸਮਾਂ, ਪੰਜਾਬ ਸਰਕਾਰ ਕਿਸਾਨਾਂ ਦੀ ਹਰ ਪੱਖੋਂ ਕਰ ਰਹੀ ਹੈ ਮਦਦ
  • ਬਾਰਾਂਦਾਰੀ ਬਾਗ ਵਿਖੇ ਗੁਲਦਾਉਦੀ ਸ਼ੋਅ ਤੇ ਅਮਰੂਦ ਮੇਲੇ ਦਾ ਉਦਘਾਟਨ, ਪਟਿਆਲਾ ਹੈਰੀਟੇਜ ਫੈਸਟੀਵਲ ਦੀ ਸ਼ੁਰੂਆਤ ਨੇ ਮੋਹੇ ਪਟਿਆਲਵੀ
  • ਗੁਲਦਾਉਦੀ ਪ੍ਰਦਰਸ਼ਨੀ ‘ਚ ਉਤਮ ਫੁੱਲਾਂ ਲਈ ਜਨ ਹਿਤ ਸੰਮਤੀ ਨੂੰ ਪਹਿਲਾ ਇਨਾਮ,
  • ਨਗਰ ਨਿਗਮ ਦੀ ਸਟਾਲ ਪਹਿਲੇ ਤੇ ਗੁਰਪ੍ਰੀਤ ਸਿੰਘ ਸ਼ੇਰਗਿੱਲ ਦੀ ਸਟਾਲ ਦੂਜੇ ਸਥਾਨ ‘ਤੇ ਰਹੀ
  • ਫੁੱਲਾਂ, ਫ਼ਲਾਂ ਤੇ ਸਬਜ਼ੀਆਂ ਦੇ ਕਾਸ਼ਤਕਾਰਾਂ ਤੇ ਪਰਾਲੀ ਨਾ ਸਾੜਨ ਵਾਲੇ 39 ਅਗਾਂਹਵਧੂ ਕਿਸਾਨਾਂ ਦਾ ਸਨਮਾਨ

ਪਟਿਆਲਾ, 15 ਦਸੰਬਰ 2023 – ਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰਨ ਲਈ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾਣ ਵਾਲੇ ਪਟਿਆਲਾ ਹੈਰੀਟੇਜ ਫੈਸਟੀਵਲ ਦੀ ਸ਼ੁਰੂਆਤ ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਇੱਥੇ ਪੁਰਾਤਨ ਬਾਰਾਂਦਰੀ ਬਾਗ ਵਿਖੇ ਅਮਰੂਦ ਮੇਲੇ ਅਤੇ ਗੁਲਦਾਉਦੀ ਸ਼ੋਅ ਦੇ ਉਦਘਾਟਨ ਨਾਲ ਕਰਵਾਈ।

ਇਸ ਮੌਕੇ ਸੰਬੋਧਨ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਨਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਬਾਗਬਾਨੀ ਤੇ ਫੁੱਲਾਂ ਦੀ ਖੇਤੀ ਦਾ ਸਮਾਂ ਹੈ, ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਵੀ ਸੂਬੇ ਦੇ ਕਿਸਾਨਾਂ ਨੂੰ ਸਹਾਇਤਾ ਕਰਨ ਲਈ ਕਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਹਨ। ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੋ ਏਕੜ ਤੱਕ ਫੁੱਲਾਂ ਦੀ ਖੇਤੀ ਕਰਨ ਵਾਲੇ ਕਾਸ਼ਤਕਾਰਾਂ ਨੂੰ 14 ਹਜ਼ਾਰ ਪ੍ਰਤੀ ਏਕੜ ਸਬਸਿਡੀ ਦੇਣ ਸਮੇਤ ਬਾਗਬਾਨੀ ਤੇ ਸਬਜੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਵੀ ਸਹਾਇਤਾ ਦੇ ਰਹੀ ਹੈ।

ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਲੋਕ ਕਲਾਵਾਂ, ਲੋਕ ਮੇਲਿਆਂ ਅਤੇ ਪੰਜਾਬ ਦੀ ਵਿਰਾਸਤ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੇ ਯਤਨ ਅਰੰਭੇ ਹਨ, ਇਸ ਤਹਿਤ ਪਟਿਆਲਾ ਹੈਰੀਟੇਜ ਫੈਸਟੀਵਲ ਦਾ ਗੁਲਦਾਉਦੀ ਸ਼ੋਅ ਤੇ ਅਮਰੂਦ ਮੇਲਾ ਕਰਵਾਇਆ ਜਾ ਰਿਹਾ ਹੈ।

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਸਾਨਾਂ ਅਪੀਲ ਕੀਤੀ ਕਿ ਉਹ ਵੱਧ ਮੁਨਾਫਾ ਕਮਾਉਣ ਲਈ ਝੋਨੇ ਦੀ ਥਾਂ ਫ਼ਸਲੀ ਵਿਭਿੰਨਤਾ ਅਪਣਾ ਕੇ ਜਹਿਰਾਂ ਤੋਂ ਮੁਕਤ ਤੇ ਮਾਡਰਨ ਖੇਤੀ ਕਰਨ ਤਾਂ ਕਿ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਕਿਸਾਨ ਵਾਹੇ ਗਏ ਨਾਲੇ ਤੇ ਖਾਲੇ ਛੱਡ ਦੇਣ ਤਾਂ ਕਿ ਸਿੰਚਾਈ ਲਈ ਨਹਿਰੀ ਪਾਣੀ ਟੇਲਾਂ ਤੱਕ ਪੁੱਜਦਾ ਕੀਤਾ ਜਾ ਸਕੇ। ਉਨ੍ਹਾਂ ਨੇ ਪਰਾਲੀ ਤੇ ਫਸਲਾਂ ਦੀ ਨਾੜ ਨੂੰ ਅੱਗ ਨਾ ਲਗਾਉਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਨੇ ਦੁੱਧ ਵਿੱਚ ਮਿਲਾਵਟ ਕਰਨ ਵਾਲਿਆਂ ਤੇ ਨਕਲੀ ਦੁੱਧ ਬਣਾਉਣ ਤੋਂ ਬਚਣ ਲਈ ਆਖਦਿਆਂ ਅਜਿਹਾ ਕਰਨ ਵਾਲਿਆਂ ਦੀ ਸੂਚਨਾ ਪ੍ਰਸ਼ਾਸਨ ਤੱਕ ਪੁੱਜਦੀ ਕਰਨ ਲਈ ਵੀ ਕਿਹਾ।

ਇਸ ਗੁਲਦਾਉਦੀ ਸ਼ੋਅ ਦੀ ਪ੍ਰਸ਼ੰਸਾ ਕਰਦਿਆਂ ਜਲ ਸਰੋਤ, ਭੂਮੀ ਤੇ ਜਲ ਰੱਖਿਆ, ਖਨਣ ਤੇ ਭੂ ਵਿਗਿਆਨ, ਸੂਚਨਾ ਤੇ ਲੋਕ ਸੰਪਰਕ, ਬਾਗਬਾਨੀ, ਰੱਖਿਆ ਸੇਵਾਵਾਂ ਭਲਾਈ ਤੇ ਸੁਤੰਤਰਤਾ ਸੰਗਰਾਮੀ ਵਿਭਾਗਾਂ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਅੱਜ ਇੱਥੇ ਗੁਲਦਾਉਦੀ ਦੀ ਪ੍ਰਦਰਸ਼ਨੀ ‘ਚ 10 ਐਂਟਰੀਆਂ ਲਿਆਂਦੀਆਂ ਜਿਨ੍ਹਾਂ ‘ਚੋਂ ਉਤਮ ਕਿਸਮ ਦੇ ਫੁੱਲਾਂ ਦੇ ਜੇਤੂਆਂ ਨੂੰ ਇਨਾਮ ਦਿੱਤੇ ਗਏ ਹਨ ਤੇ ਜਨ ਹਿਤ ਸੰਮਤੀ ਨੂੰ ਪਹਿਲਾ ਇਨਾਮ ਮਿਲਿਆ ਹੈ।

ਜਦੋਂਕਿ ਅਮਰੂਦ ਮੇਲੇ ‘ਚ ਬਾਗਬਾਨਾਂ ਨੇ ਅਮਰੂਦ ਦੀਆਂ ਵੱਖ-ਵੱਖ ਕਿਸਮਾਂ ਸਮੇਤ ਅਮਰੂਦ ਤੋਂ ਬਣੇ ਪਦਾਰਥਾਂ ਦੀ ਦਿਲਕਸ਼ ਨੁਮਾਇਸ਼ ਲਗਾਈ ਹੈ। ਇਸ ਮੌਕੇ ਲਗਾਈਆਂ ਗਈਆਂ ਸਟਾਲਾਂ ਵਿੱਚ ਨਗਰ ਨਿਗਮ ਦੀ ਵੇਸਟ ਟੂ ਵੈਲਥ ਤਹਿਤ ਲਗਾਈ ਸਟਾਲ ਨੂੰ ਪਹਿਲਾ ਸਥਾਨ ਤੇ ਅਗਾਂਹਵਧੂ ਕਿਸਾਨ ਤੇ ਫੁੱਲਾਂ ਦੀ ਖੇਤੀ ਕਰਨ ਵਾਲੇ ਗੁਰਪ੍ਰੀਤ ਸਿੰਘ ਮੰਜਾਲ ਦੀ ਸਟਾਲ ਨੂੰ ਦੂਜਾ ਸਥਾਨ ਮਿਲਿਆ।

ਕੈਬਨਿਟ ਮੰਤਰੀ ਜੌੜਾਮਾਜਰਾ ਨੇ ਇਸ ਮੌਕੇ ਬਾਗਬਾਨੀ ਅਤੇ ਖੇਡੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਫੁੱਲਾਂ, ਫ਼ਲਾਂ ਤੇ ਸਬਜ਼ੀਆਂ ਦੇ ਕਾਸ਼ਤਕਾਰਾਂ ਸਮੇਤ ਪਰਾਲੀ ਨਾ ਸਾੜਨ ਵਾਲੇ 39 ਅਗਾਂਹਵਧੂ ਕਿਸਾਨਾਂ ਦਾ ਸਨਮਾਨ ਕੀਤਾ। ਇਸ ਮੇਲੇ ‘ਚ ਖਾਣ-ਪੀਣ ਦੀਆਂ ਵਸਤਾਂ ਦੀਆਂ ਸਟਾਲਾਂ ਸਮੇਤ ਵੱਖ-ਵੱਖ ਖੇਤੀ ਤੇ ਬਾਗਬਾਨੀ ਉਤਪਾਦਾਂ ਦੀਆਂ ਸਟਾਲਾਂ ਤੋਂ ਇਲਾਵਾ ਬੱਚਿਆਂ ਲਈ ਵਿਸ਼ੇਸ਼ ਕੋਨਾ ਤਿਆਰ ਕੀਤਾ ਗਿਆ ਸੀ, ਜਿੱਥੇ ਸਕੂਲੀ ਬੱਚਿਆਂ ਨੇ ਖੂਬ ਆਨੰਦ ਮਾਣਿਆ ਅਤੇ ਇਸ ਮੇਲੇ ਨੇ ਪਟਿਆਲਵੀ ਦਰਸ਼ਕ ਕੀਲ ਲਏ।

ਡਾਇਰੈਕਟਰ ਬਾਗਬਾਨੀ-ਕਮ-ਮਿਸ਼ਨ ਡਾਇਰੈਕਟਰ ਡਾ. ਸ਼ੈਲਿੰਦਰ ਕੌਰ ਨੇ ਬਾਗਬਾਨੀ ਵਿਭਾਗ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਵਾਗਤ ਕਰਦਿਆਂ ਦੱਸਿਆ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਵਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਣ ਲਈ ਅੱਜ ਸ਼ੁਰੂ ਹੋਏ ਪਟਿਆਲਾ ਹੈਰੀਟੇਜ ਫੈਸਟੀਵਲ ਦੌਰਾਨ ਜਨਵਰੀ ਤੇ ਫਰਵਰੀ 2024 ‘ਚ ਵੀ ਅਹਿਮ ਪ੍ਰੋਗਰਾਮ ਕਰਵਾਏ ਜਾਣਗੇ ਤਾਂ ਕਿ ਪਟਿਆਲਾ ਨੂੰ ਸੈਰ-ਸਪਾਟੇ ਦੇ ਸਥਾਨ ਵਜੋਂ ਵਿਕਸਤ ਕਰਕੇ ਵਿਰਾਸਤੀ ਸ਼ਹਿਰ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਇਆ ਜਾ ਸਕੇ।

ਇਸ ਦੌਰਾਨ ਸ਼ਰਨਜੀਤ ਕੌਰ ਜੌੜਾਮਾਜਰਾ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ, ਇੰਪਰੂਵਮੈਂਟ ਟਰੱਸਟ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਵੀਰਪਾਲ ਕੌਰ ਚਹਿਲ, ਬਲਕਾਰ ਸਿੰਘ ਗੱਜੂਮਾਜਰਾ, ਸੋਨੂ ਥਿੰਦ, ਗੱਜਣ ਸਿੰਘ, ਅੰਗਰੇਜ ਸਿੰਘ ਰਾਮਗੜ੍ਹ, ਏ.ਡੀ.ਸੀ ਅਨੁਪ੍ਰਿਤਾ ਜੌਹਲ, ਐਸ.ਡੀ.ਐਮ ਡਾ. ਇਸਮਤ ਵਿਜੇ ਸਿੰਘ, ਸਹਾਇਕ ਕਮਿਸ਼ਨਰ (ਜ) ਰਵਿੰਦਰ ਸਿੰਘ, ਸਹਾਇਕ ਡਾਇਰੈਕਟਰ ਸੰਦੀਪ ਗਰੇਵਾਲ, ਨਰਿੰਦਰ ਕਲਸੀ, ਸਹਾਇਕ ਡਾਇਰੈਕਟਰ ਦਲਬੀਰ ਸਿੰਘ, ਹਰਪ੍ਰੀਤ ਸਿੰਘ ਸੇਠੀ, ਰੁਪਿੰਦਰ ਕੌਰ, ਕੁਲਵਿੰਦਰ ਸਿੰਘ, ਦਿਲਪ੍ਰੀਤ ਸਿੰਘ, ਹਰਿੰਦਰਪਾਲ ਸਿੰਘ, ਸਿਮਰਨਜੀਤ ਕੌਰ, ਗਗਨ ਕੁਮਾਰ, ਪਵਨ ਕੁਮਾਰ ਸਮੂਹ ਬਾਗਬਾਨੀ ਵਿਕਾਸ ਅਫਸਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਅਤੇ ਪਟਿਆਲਵੀ ਹਾਜ਼ਰ ਸਨ।

ਇਸ ਸਮਾਰੋਹ ਨੂੰ ਨੇਪਰੇ ਚੜ੍ਹਾਉਣ ਲਈ ਜਨ ਹਿਤ ਸੰਮਤੀ ਦੇ ਵਿਨੋਦ ਸ਼ਰਮਾ, ਜਗਤਾਰ ਸਿੰਘ ਜੱਗੀ, ਆਈਟੀਆਈ ਦੇ ਪ੍ਰਿੰਸੀਪਲ ਮਨਮੋਹਨ ਸਿੰਘ, ਪਾਵਰ ਹਾਊਸ ਯੂਥ ਕਲੱਬ ਤੇ ਯੂਥ ਫੈਡੇਰੇਸ਼ਨ ਆਫ਼ ਇੰਡੀਆ ਦੇ ਪਰਮਿੰਦਰ ਭਲਵਾਨ, ਰੁਪਿੰਦਰ ਕੌਰ ਤੇ ਜਤਵਿੰਦਰ ਗਰੇਵਾਲ ਸਮੇਤ ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਦਲੀਪ ਕੁਮਾਰ ਨੇ ਵਿਸ਼ੇਸ਼ ਸਹਿਯੋਗ ਦਿੱਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਮਾਮਲਾ: ਅਮਿਤ ਸ਼ਾਹ ਹਰ ਗੱਲ ਦਾ ਦੇਣਗੇ ਜਵਾਬ – ਗਿਰੀਰਾਜ ਸਿੰਘ

ਡੇਰਾਬੱਸੀ ਦੇ ਏਰੀਆ ਵਿੱਚ ਫਾ+ਇਰਿੰਗ ਕਰਨ ਵਾਲੇ 3 ਮੁਲਜ਼ਮ 2 ਪਿ+ਸਤੌਲਾਂ ਅਤੇ 5 ਜਿੰਦਾਂ ਕਾਰਤੂਸਾਂ ਸਮੇਤ ਗ੍ਰਿਫਤਾਰ