- ਬੇਟੇ ਪ੍ਰਿੰਸ ਨੂੰ ਬਚਾਉਣ ਲਈ ਦਿੱਤੀ ਸੀ ਝੂਠੀ ਸ਼ਿਕਾਇਤ
- ਪੁਲਿਸ ਨੇ ਰਿਮਾਂਡ ‘ਤੇ ਲਿਆ ਗਿਆ
ਮੋਹਾਲੀ, 19 ਦਸੰਬਰ 2023 – ਮੋਹਾਲੀ ਪੁਲੀਸ ਵੱਲੋਂ ਐਨਕਾਊਂਟਰ ਦੌਰਾਨ ਫੜੇ ਗਏ ਗੈਂਗਸਟਰ ਪਰਮਵੀਰ ਸਿੰਘ ਪ੍ਰਿੰਸ ਦੇ ਪਿਤਾ ਡਾ: ਹਰਪਾਲ ਸਿੰਘ ਨੂੰ ਵੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਹਰਪਾਲ ਸਿੰਘ ਨੂੰ ਰਾਜਪੁਰਾ ਸਿਟੀ ਥਾਣੇ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਜਿਸ ‘ਤੇ ਪੁਲਿਸ ਨੂੰ ਝੂਠੀ ਸੂਚਨਾ ਦੇ ਕੇ ਪੁਲਿਸ ਦੀ ਡਿਊਟੀ ‘ਚ ਵਿਘਨ ਪਾਉਣ ਦੇ ਦੋਸ਼ ‘ਚ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਇਸ ਮਾਮਲੇ ਵਿੱਚ ਪੁਲੀਸ ਨੇ ਹਰਪਾਲ ਸਿੰਘ ਤੋਂ ਇਲਾਵਾ ਉਸ ਦੇ ਲੜਕੇ ਗੈਂਗਸਟਰ ਪਰਮਵੀਰ ਸਿੰਘ ਪ੍ਰਿੰਸ, ਉਸ ਦੇ ਰਿਸ਼ਤੇਦਾਰ ਕਰਮਜੀਤ ਸਿੰਘ ਵਾਸੀ ਕੁਰੂਕਸ਼ੇਤਰ ਹਰਿਆਣਾ ਅਤੇ ਹਰਪ੍ਰੀਤ ਸਿੰਘ ਵਾਸੀ ਪਿੰਡ ਸੈਫਦੀਪੁਰ ਨੂੰ ਮੁਲਜ਼ਮ ਬਣਾਇਆ ਹੈ। ਸਿਟੀ ਰਾਜਪੁਰਾ ਪੁਲੀਸ ਨੇ ਹਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਰਿਮਾਂਡ ’ਤੇ ਲਿਆ ਹੈ।
ਦਰਜ ਕਰਵਾਈ ਗਈ ਐਫਆਈਆਰ ਅਨੁਸਾਰ ਪਰਮਵੀਰ ਸਿੰਘ ਪ੍ਰਿੰਸ ਦੀਆਂ ਅਪਰਾਧਿਕ ਗਤੀਵਿਧੀਆਂ ਬਾਰੇ ਉਸ ਦੇ ਪਿਤਾ ਡਾਕਟਰ ਹਰਪਾਲ ਸਿੰਘ ਨੂੰ ਸੁਰਾਗ ਮਿਲਿਆ ਸੀ। ਪੁਲਿਸ ਤੋਂ ਬਚਣ ਲਈ ਇਹਨਾਂ ਲੋਕਾਂ ਨੇ ਗੈਂਗਸਟਰ ਪ੍ਰਿੰਸ ਦੇ ਅਗਵਾ ਹੋਣ ਦੀ ਝੂਠੀ ਕਹਾਣੀ ਰਚੀ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ।
ਸ਼ਿਕਾਇਤ ਵਿੱਚ ਹਰਪਾਲ ਸਿੰਘ ਵੱਲੋਂ ਫਿਰੌਤੀ ਮੰਗਣ ਵਾਲੇ ਸੁਨੇਹੇ ਆਉਣ ਦਾ ਵੀ ਜ਼ਿਕਰ ਕੀਤਾ ਗਿਆ ਸੀ। ਪ੍ਰਿੰਸ ਨੂੰ ਮੋਹਾਲੀ ਪੁਲਿਸ ਨੇ ਫੜਦੇ ਹੀ ਇਸ ਝੂਠ ਦਾ ਪਰਦਾਫਾਸ਼ ਕੀਤਾ। ਕਿਉਂਕਿ ਇਨ੍ਹਾਂ ਵਿਅਕਤੀਆਂ ਨੇ ਪੁਲੀਸ ਸੁਰੱਖਿਆ ਲੈਣ ਲਈ ਥਾਣਾ ਸਿਟੀ ਰਾਜਪੁਰਾ ਵਿੱਚ ਝੂਠੀ ਸ਼ਿਕਾਇਤ ਦਰਜ ਕਰਵਾਈ ਸੀ। ਗੈਂਗਸਟਰ ਪਰਮਵੀਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਉਸ ਦਾ ਪੁੱਤਰ ਬੇਕਸੂਰ ਹੈ।
ਥਾਣਾ ਸਿਟੀ ਰਾਜਪੁਰਾ ਦੇ ਐਸਐਚਓ ਪ੍ਰਿੰਸਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਪੁਲਿਸ ਰਿਮਾਂਡ ‘ਤੇ ਲੈ ਕੇ ਜਾਣਕਾਰੀ ਹਾਸਲ ਕਰਾਂਗੇ।