ਨਵੀਂ ਦਿੱਲੀ, 21 ਦਸੰਬਰ 2023 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਈਡੀ ਦੇ ਸੰਮਨ ਦਾ ਜਵਾਬ ਦਿੱਤਾ ਹੈ। ਵਿਪਾਸਨਾ ‘ਤੇ ਜਾਣ ਤੋਂ ਪਹਿਲਾਂ ਈਡੀ ਨੂੰ ਭੇਜੇ ਗਏ ਆਪਣੇ ਜਵਾਬ ‘ਚ ਕੇਜਰੀਵਾਲ ਨੇ ਸੰਮਨ ਨੂੰ ਗੈਰ-ਕਾਨੂੰਨੀ ਦੱਸਿਆ ਅਤੇ ਕਿਹਾ ਕਿ ਮੈਂ ਹਰ ਕਾਨੂੰਨੀ ਸੰਮਨ ਸਵੀਕਾਰ ਕਰਨ ਲਈ ਤਿਆਰ ਹਾਂ। ਕੇਜਰੀਵਾਲ ਨੇ ਕਿਹਾ, ‘ਇਹ ਈਡੀ ਸੰਮਨ ਵੀ ਪਿਛਲੇ ਸੰਮਨਾਂ ਵਾਂਗ ਗੈਰ-ਕਾਨੂੰਨੀ ਹੈ ਅਤੇ ਰਾਜਨੀਤੀ ਤੋਂ ਪ੍ਰੇਰਿਤ ਹੈ, ਇਸ ਲਈ ਸੰਮਨ ਵਾਪਸ ਲਏ ਜਾਣੇ ਚਾਹੀਦੇ ਹਨ। ਮੈਂ ਆਪਣਾ ਜੀਵਨ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਬਤੀਤ ਕੀਤਾ ਹੈ ਅਤੇ ਮੇਰੇ ਕੋਲ ਲੁਕਾਉਣ ਲਈ ਕੁਝ ਨਹੀਂ ਹੈ।
ਇਸ ਤੋਂ ਪਹਿਲਾਂ ਨਵੰਬਰ ਵਿੱਚ ਵੀ ਈਡੀ ਨੇ ਸੰਮਨ ਦਿੱਤੇ ਸਨ, ਜਦੋਂ ਕੇਜਰੀਵਾਲ ਤਿੰਨ ਰਾਜਾਂ ਦੀਆਂ ਚੋਣਾਂ ਵਿੱਚ ਰੁੱਝੇ ਹੋਏ ਸਨ ਅਤੇ ਪੇਸ਼ ਨਹੀਂ ਹੋਏ ਸਨ। ਇਸ ਵਾਰ ਸੁਣਵਾਈ ‘ਚ ਸ਼ਾਮਲ ਨਾ ਹੋਣ ਦਾ ਕਾਰਨ ਵਿਪਾਸਨਾ ਧਿਆਨ ਨੂੰ ਦੱਸਿਆ ਗਿਆ। ਅੱਜ ਤੋਂ ਅਰਵਿੰਦ ਕੇਜਰੀਵਾਲ 10 ਦਿਨ ਵਿਪਾਸਨਾ ਕੇਂਦਰ ‘ਚ ਰਹਿਣਗੇ। ਇਹ ਕੇਂਦਰ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਹੈ। ਜਿੱਥੇ ਭਾਜਪਾ ਕਹਿ ਰਹੀ ਹੈ ਕਿ ਕੇਜਰੀਵਾਲ ਜਾਂਚ ਤੋਂ ਭੱਜ ਰਹੇ ਹਨ, ਉੱਥੇ ਹੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਕੇਜਰੀਵਾਲ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀ ਸਾਜ਼ਿਸ਼ ਹੈ।
ਨਵੀਂ ਸ਼ਰਾਬ ਨੀਤੀ ਕੀ ਸੀ?
22 ਮਾਰਚ 2021 ਨੂੰ ਮਨੀਸ਼ ਸਿਸੋਦੀਆ ਨੇ ਨਵੀਂ ਸ਼ਰਾਬ ਨੀਤੀ ਦਾ ਐਲਾਨ ਕੀਤਾ ਸੀ। 17 ਨਵੰਬਰ 2021 ਨੂੰ, ਨਵੀਂ ਸ਼ਰਾਬ ਨੀਤੀ ਭਾਵ ਆਬਕਾਰੀ ਨੀਤੀ 2021-22 ਲਾਗੂ ਕੀਤੀ ਗਈ ਸੀ। ਨਵੀਂ ਸ਼ਰਾਬ ਨੀਤੀ ਆਉਣ ਤੋਂ ਬਾਅਦ ਸਰਕਾਰ ਸ਼ਰਾਬ ਦੇ ਕਾਰੋਬਾਰ ਤੋਂ ਬਾਹਰ ਆ ਗਈ ਅਤੇ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਨਿੱਜੀ ਹੱਥਾਂ ਵਿੱਚ ਚਲੀਆਂ ਗਈਆਂ। ਨਵੀਂ ਨੀਤੀ ਲਿਆਉਣ ਪਿੱਛੇ ਸਰਕਾਰ ਦਾ ਤਰਕ ਸੀ ਕਿ ਇਸ ਨਾਲ ਮਾਫੀਆ ਰਾਜ ਖਤਮ ਹੋਵੇਗਾ ਅਤੇ ਸਰਕਾਰ ਦਾ ਮਾਲੀਆ ਵਧੇਗਾ। ਹਾਲਾਂਕਿ, ਨਵੀਂ ਨੀਤੀ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਰਹੀ। ਜਦੋਂ ਹੰਗਾਮਾ ਵਧਿਆ ਤਾਂ 28 ਜੁਲਾਈ 2022 ਨੂੰ ਸਰਕਾਰ ਨੇ ਨਵੀਂ ਸ਼ਰਾਬ ਨੀਤੀ ਰੱਦ ਕਰ ਦਿੱਤੀ ਅਤੇ ਪੁਰਾਣੀ ਨੀਤੀ ਨੂੰ ਮੁੜ ਲਾਗੂ ਕਰ ਦਿੱਤਾ।
ਕੇਜਰੀਵਾਲ ਨੂੰ ਕਿਉਂ ਬੁਲਾਇਆ ?
ਈਡੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਮੁੱਖ ਮੰਤਰੀ ਕੇਜਰੀਵਾਲ ਨੂੰ ਸੰਮਨ ਜਾਰੀ ਕੀਤਾ ਹੈ। ਈਡੀ ਦੀ ਚਾਰਜਸ਼ੀਟ ਵਿੱਚ ਸੀਐਮ ਕੇਜਰੀਵਾਲ ਦਾ ਨਾਮ ਕਈ ਵਾਰ ਆਇਆ ਹੈ। ਦੋਸ਼ ਹੈ ਕਿ ਜਦੋਂ ਆਬਕਾਰੀ ਨੀਤੀ 2021-22 ਤਿਆਰ ਕੀਤੀ ਜਾ ਰਹੀ ਸੀ ਤਾਂ ਕਈ ਮੁਲਜ਼ਮ ਕੇਜਰੀਵਾਲ ਦੇ ਸੰਪਰਕ ਵਿੱਚ ਸਨ।
ਈਡੀ ਨੇ ਚਾਰਜਸ਼ੀਟ ‘ਚ ਦਾਅਵਾ ਕੀਤਾ ਹੈ ਕਿ ਏਜੰਸੀ ਨੇ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਨੇਤਾ ਕੇ. ਕਵਿਤਾ ਦੇ ਲੇਖਾਕਾਰ ਬੁਚੀਬਾਬੂ ਦਾ ਬਿਆਨ ਦਰਜ ਕੀਤਾ ਗਿਆ, ਜਿਸ ਵਿਚ ਉਸ ਨੇ ਦੱਸਿਆ ਕਿ ਕੇ. ਕਵਿਤਾ, ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵਿਚਕਾਰ ਸਿਆਸੀ ਸਮਝਦਾਰੀ ਸੀ। ਇਸ ਦੌਰਾਨ ਕਵਿਤਾ ਮਾਰਚ 2021 ਵਿੱਚ ਵਿਜੇ ਨਾਇਰ ਨੂੰ ਵੀ ਮਿਲੀ ਸੀ। ਇਸ ਮਾਮਲੇ ਦੇ ਇੱਕ ਹੋਰ ਦੋਸ਼ੀ ਦਿਨੇਸ਼ ਅਰੋੜਾ ਨੇ ਵੀ ਈਡੀ ਨੂੰ ਦੱਸਿਆ ਹੈ ਕਿ ਉਹ ਕੇਜਰੀਵਾਲ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲਿਆ ਸੀ।