- ਹਮਲੇ ‘ਚ ਦੋ ਜਵਾਨ ਜ਼ਖਮੀ
- ਹਥਿਆਰ ਲੁੱਟ ਕੇ ਭੱਜੇ ਅੱਤਵਾਦੀ
- ਫੌਜ ਵੱਲੋਂ ਕਾਰਵਾਈ ਅਜੇ ਵੀ ਜਾਰੀ
ਜੰਮੂ-ਕਸ਼ਮੀਰ, 22 ਦਸੰਬਰ 2023 – ਵੀਰਵਾਰ (21 ਦਸੰਬਰ) ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਅੱਤਵਾਦੀਆਂ ਨੇ ਫੌਜ ਦੇ ਦੋ ਵਾਹਨਾਂ ‘ਤੇ ਹਮਲਾ ਕੀਤਾ। ਦੁਪਹਿਰ ਕਰੀਬ 3:45 ਵਜੇ ਹੋਏ ਇਸ ਹਮਲੇ ‘ਚ ਪੰਜ ਜਵਾਨ ਸ਼ਹੀਦ ਹੋ ਗਏ। ਇਸ ਹਾਦਸੇ ‘ਚ ਦੋ ਜਵਾਨ ਵੀ ਜ਼ਖਮੀ ਹੋਏ ਹਨ। ਫਿਲਹਾਲ ਆਪਰੇਸ਼ਨ ਚੱਲ ਰਿਹਾ ਹੈ।
ਫੌਜ ਦੇ ਅਧਿਕਾਰੀਆਂ ਮੁਤਾਬਕ ਫੌਜੀਆਂ ਅਤੇ ਅੱਤਵਾਦੀਆਂ ਵਿਚਾਲੇ ਆਹਮੋ-ਸਾਹਮਣੇ ਮੁਕਾਬਲਾ ਹੋਇਆ। ਸ਼ਹੀਦ ਹੋਏ ਸੈਨਿਕਾਂ ਵਿੱਚੋਂ ਦੋ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਉਨ੍ਹਾਂ ਵਿਚਕਾਰ ਹੱਥੋਂ-ਪਾਈ ਹੋਈ ਸੀ। ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਅੱਤਵਾਦੀਆਂ ਨੇ ਜਵਾਨਾਂ ਨੂੰ ਸ਼ਹੀਦ ਕੀਤਾ ਅਤੇ ਉਨ੍ਹਾਂ ਦੇ ਹਥਿਆਰ ਲੁੱਟ ਲਏ।
ਸੂਤਰਾਂ ਮੁਤਾਬਕ ਇਹ ਹਮਲਾ ਥਾਨਮੰਡੀ-ਸੁਰਨਕੋਟ ਰੋਡ ‘ਤੇ ਡੇਰਾ ਕੀ ਗਲੀ (ਡੀਕੇਜੀ) ਨਾਮਕ ਇਲਾਕੇ ‘ਚ ਹੋਇਆ। ਜਵਾਨਾਂ ਨੂੰ ਲੈ ਕੇ ਜਾਣ ਵਾਲੇ ਇਹ ਵਾਹਨ ਸੁਰਨਕੋਟ ਅਤੇ ਬਫਲਿਆਜ ਜਾ ਰਹੇ ਸਨ, ਜਿੱਥੇ ਸੁਰੱਖਿਆ ਬਲਾਂ ਨੇ ਬੁੱਧਵਾਰ ਰਾਤ ਨੂੰ ਅੱਤਵਾਦੀਆਂ ਦੇ ਖਿਲਾਫ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਫੌਜ ਅੱਜ ਆਪਰੇਸ਼ਨ ਵਿੱਚ ਸ਼ਾਮਲ ਸੁਰੱਖਿਆ ਬਲਾਂ ਨਾਲ ਸੰਪਰਕ ਕਰਨ ਵਿੱਚ ਕਾਮਯਾਬ ਰਹੀ, ਜਿਸ ਤੋਂ ਬਾਅਦ ਇੱਥੇ ਵਾਧੂ ਸੁਰੱਖਿਆ ਬਲ ਭੇਜੇ ਜਾ ਰਹੇ ਹਨ।
ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਰਾਜੌਰੀ ਦੇ ਪੁੰਛ ਇਲਾਕੇ ‘ਚ ਡੇਰਾ ਗਲੀ ਤੋਂ ਲੰਘ ਰਹੀਆਂ ਫੌਜ ਦੀਆਂ ਦੋ ਗੱਡੀਆਂ ‘ਤੇ ਅੱਤਵਾਦੀਆਂ ਵੱਲੋਂ ਗੋਲੀਬਾਰੀ ਕਰਨ ਤੋਂ ਬਾਅਦ ਵੀਰਵਾਰ ਦੁਪਹਿਰ 3.45 ਵਜੇ ਮੁਕਾਬਲਾ ਸ਼ੁਰੂ ਹੋਇਆ। ਫੌਜ ਨੇ ਬੁੱਧਵਾਰ ਰਾਤ ਤੋਂ ਡੇਰਾ ਗਲੀ, ਜਿਸ ਨੂੰ ਡੀਕੇਜੀ ਖੇਤਰ ਵੀ ਕਿਹਾ ਜਾਂਦਾ ਹੈ, ਦੇ ਆਲੇ-ਦੁਆਲੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।