- ਨਿਰਣਾਇਕ ਮੈਚ ਵਿੱਚ ਮੇਜ਼ਬਾਨ ਨੂੰ 78 ਦੌੜਾਂ ਨਾਲ ਹਰਾਇਆ
- ਸੈਮਸਨ ਦਾ ਸੈਂਕੜਾ, ਅਰਸ਼ਦੀਪ ਨੇ ਲਈਆਂ 4 ਵਿਕਟਾਂ
ਨਵੀਂ ਦਿੱਲੀ, 22 ਦਸੰਬਰ 2023 – ਭਾਰਤ ਨੇ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਹਰਾ ਕੇ ਵਨਡੇ ਸੀਰੀਜ਼ 2-1 ਨਾਲ ਜਿੱਤ ਲਈ ਹੈ। ਭਾਰਤ ਦੀ ਟੀਮ ਨੇ ਤੀਜੇ ਅਤੇ ਫੈਸਲਾਕੁੰਨ ਮੈਚ ਵਿੱਚ ਮੇਜ਼ਬਾਨ ਟੀਮ ਨੂੰ 78 ਦੌੜਾਂ ਨਾਲ ਹਰਾਇਆ। ਟੀਮ ਇੰਡੀਆ ਨੇ ਅਫਰੀਕੀ ਧਰਤੀ ‘ਤੇ ਦੂਜੀ ਵਾਰ ਵਨਡੇ ਸੀਰੀਜ਼ ਜਿੱਤੀ ਹੈ। ਟੀਮ ਨੇ ਵਿਰਾਟ ਕੋਹਲੀ ਦੀ ਕਪਤਾਨੀ ਵਿੱਚ 2018 ਵਿੱਚ ਪਹਿਲੀ ਵਾਰ ਵਨਡੇ ਸੀਰੀਜ਼ ਜਿੱਤੀ ਸੀ।
ਪਾਰਲ ਦੇ ਬੋਲੈਂਡ ਪਾਰਕ ਸਟੇਡੀਅਮ ‘ਚ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 50 ਓਵਰਾਂ ‘ਚ 8 ਵਿਕਟਾਂ ‘ਤੇ 296 ਦੌੜਾਂ ਬਣਾਈਆਂ। ਜਵਾਬ ‘ਚ ਦੱਖਣੀ ਅਫਰੀਕਾ ਦੀ ਟੀਮ 45.2 ਓਵਰਾਂ ‘ਚ 218 ਦੌੜਾਂ ‘ਤੇ ਆਲ ਆਊਟ ਹੋ ਗਈ। ਸੰਜੂ ਸੈਮਸਨ ਨੇ 108 ਦੌੜਾਂ ਦੀ ਸੈਂਕੜਾ ਪਾਰੀ ਖੇਡੀ, ਜਦਕਿ ਅਰਸ਼ਦੀਪ ਸਿੰਘ ਨੇ 4 ਵਿਕਟਾਂ ਲਈਆਂ। ਅਵੇਸ਼ ਖਾਨ ਅਤੇ ਵਾਸ਼ਿੰਗਟਨ ਸੁੰਦਰ ਨੇ 2-2 ਵਿਕਟਾਂ ਹਾਸਲ ਕੀਤੀਆਂ।
ਹੁਣ ਟੀਮ ਇੰਡੀਆ 26 ਦਸੰਬਰ ਤੋਂ 2 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਪਹਿਲਾ ਮੈਚ ਸੈਂਚੁਰੀਅਨ ਮੈਦਾਨ ‘ਤੇ ਖੇਡਿਆ ਜਾਵੇਗਾ। ਟੀਮ ਇੰਡੀਆ ਹੁਣ ਤੱਕ ਦੱਖਣੀ ਅਫਰੀਕਾ ‘ਚ ਟੈਸਟ ਸੀਰੀਜ਼ ਨਹੀਂ ਜਿੱਤ ਸਕੀ ਹੈ।