ਰੂਪਨਗਰ, 22 ਦਸੰਬਰ 2023: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਸ਼੍ਰੀ ਗੌਰਵ ਯਾਦਵ ਦੀਆਂ ਹਦਾਇਤਾਂ ਤੇ ਰੂਪਨਗਰ ਪੁਲਿਸ ਨੇ ਮਾੜੇ ਅਨਸਰਾਂ ਅਤੇ ਨਸ਼ਿਆਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਗੈਰ-ਕਾਨੂੰਨੀ ਹਥਿਆਰ ਇੱਕ ਦੇਸੀ ਪਿਸਤੌਲ 32 ਬੋਰ ਸਮੇਤ 03 ਜਿੰਦਾ ਰੌਂਦ ਅਤੇ 300 ਗ੍ਰਾਮ ਹੈਰੋਇਨ ਸਮੇਤ 03 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ 04 ਸਤੰਬਰ 2023 ਨੂੰ ਮੁਕੱਦਮਾ ਨੰਬਰ 64 ਅ/ਧ 21-61-85 ਐਨ.ਡੀ.ਪੀ.ਐਸ. ਐਕਟ ਥਾਣਾ ਸਿੰਘ ਭਗਵੰਤਪੁਰ ਵਿੱਚ ਮਨਿੰਦਰ ਸਿੰਘ ਉਰਫ ਮਨੀ ਪੁੱਤਰ ਪ੍ਰਗਟ ਸਿੰਘ, ਸੰਦੀਪ ਉਰਫ ਸੈਂਡੀ ਪੁੱਤਰ ਗੁਰਤੇਜ਼ ਸਿੰਘ ਵਾਸੀ ਨੂੰਹੋ ਕਲੋਨੀ ਜ਼ਿਲ੍ਹਾ ਰੂਪਨਗਰ ਅਤੇ ਮਲਕੀਤ ਸਿੰਘ ਉਰਫ ਮੱਲੀ ਪੁੱਤਰ ਰਾਮ ਪਾਲ ਵਾਸੀ ਸ੍ਰੀ ਆਨੰਦਪੁਰ ਸਾਹਿਬ ਨੂੰ ਕਾਬੂ ਕਰਕੇ ਉਨ੍ਹਾਂ ਪਾਸੋ 396 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਡੂੰਘਾਈ ਨਾਲ ਤਫਤੀਸ਼ ਕਰਦੇ ਹੋਏ ਪੰਜ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦੀ ਭਾਲ ਵਿੱਚ ਨਾਕਾਬੰਦੀਆਂ ਅਤੇ ਛਾਪੇਮਾਰੀਆਂ ਤੇਜ਼ ਕੀਤੀਆਂ ਗਈਆਂ। ਜਿਸ ਤੇ 21 ਦਸੰਬਰ 2023 ਨੂੰ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ਼ ਸੀ.ਆਈ.ਏ. ਰੂਪਨਗਰ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋ ਕਲਵਾਂ ਮੋੜ ਨੂਰਪੁਰਬੇਦੀ ਵਿਖੇ ਨਾਕਾ ਲਗਾਇਆ ਹੋਇਆ ਸੀ। ਜੋ ਨਾਕੇ ਦੌਰਾਨ ਇੱਕ ਸਵੀਫਟ ਕਾਰ ਨੂੰ ਰੋਕਿਆ ਗਿਆ ਤਾਂ ਕਾਰ ਚਾਲਕ ਵੱਲੋ ਮੋਕਾ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੇ ਪੁਲਿਸ ਪਾਰਟੀ ਵਲੋਂ ਕਾਰ ਚਾਲਕ ਸੰਦੀਪ ਕੁਮਾਰ ਉਰਫ ਪ੍ਰਿੰਸ ਪੁੱਤਰ ਤਿਲਕ ਰਾਜ ਵਾਸੀ ਨੀਲੇਵਾੜਾ/ਰੱਤੇਵਾਲ ਥਾਣਾ ਕਾਠਗੜ੍ਹ ਜਿਲ੍ਹਾ ਐਸ.ਬੀ.ਐਸ. ਨਗਰ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਅਤੇ ਕਾਰ ਵਿੱਚ ਬੈਠੇ ਉਸਦੇ ਦੋ ਹੋਰ ਸਾਥੀਆਂ ਦਵਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਦੁੱਗਰੀ ਥਾਣਾ ਨਾਲਾਗੜ੍ਹ ਜ਼ਿਲ੍ਹਾ ਸੋਲਨ ਹਿਮਾਚਲ ਪ੍ਰਦੇਸ਼ ਅਤੇ ਦੀਪਕ ਭਾਟੀਆ ਪੁੱਤਰ ਰਵੀ ਕਾਂਤ ਭਾਟੀਆ ਵਾਸੀ ਪਿੰਡ ਰੱਤੇਵਾਲ ਥਾਣਾ ਕਾਠਗੜ੍ਹ ਜ਼ਿਲ੍ਹਾ ਐਸ.ਬੀ.ਐਸ.ਨਗਰ ਨੂੰ ਵੀ ਕਾਬੂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਦੋਸ਼ੀ ਸੰਦੀਪ ਕੁਮਾਰ ਉਰਫ ਪ੍ਰਿੰਸ ਪੁੱਤਰ ਤਿਲਕ ਰਾਜ ਵਾਸੀ ਨੀਲੇਵਾੜਾ/ਰੱਤੇਵਾਲ ਥਾਣਾ ਕਾਠਗੜ੍ਹ ਜ਼ਿਲ੍ਹਾ ਐਸ.ਬੀ.ਐਸ. ਖ਼ਿਲਾਫ਼ ਪਹਿਲਾ ਵੀ ਕਈ ਮੁਕੱਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ੀਆਂ ਤੋਂ ਹੋਰ ਵੀ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।