- ਮੌਕੇ ‘ਤੇ ਭਾਰਤੀ ਦੂਤਘਰ ਦੇ ਅਧਿਕਾਰੀ ਪਹੁੰਚੇ
- ਕਿਹਾ- ਮਾਮਲੇ ਦੀ ਕਰ ਰਹੇ ਹਾਂ ਜਾਂਚ
- ਦੁਬਈ ਤੋਂ ਨਿਕਾਰਾਗੁਆ ਜਾ ਰਿਹਾ ਸੀ ਜਹਾਜ਼
ਨਵੀਂ ਦਿੱਲੀ, 23 ਦਸੰਬਰ 2023 – ਦੁਬਈ ਤੋਂ ਨਿਕਾਰਾਗੁਆ ਜਾ ਰਹੇ ਇੱਕ A340 ਜਹਾਜ਼ ਨੂੰ ਸ਼ੁੱਕਰਵਾਰ ਨੂੰ ਫਰਾਂਸ ਵਿੱਚ ਰੋਕਿਆ ਗਿਆ। ਇਸ ਜਹਾਜ਼ ਵਿੱਚ 303 ਭਾਰਤੀ ਨਾਗਰਿਕ ਸਵਾਰ ਸਨ। ਨਿਊਜ਼ ਏਜੰਸੀ ‘ਏਐਫਪੀ’ ਦੀ ਰਿਪੋਰਟ ਮੁਤਾਬਕ ਫਲਾਈਟ ਫਰਾਂਸ ਦੇ ਇਕ ਛੋਟੇ ਜਿਹੇ ਹਵਾਈ ਅੱਡੇ ‘ਤੇ ਫਿਊਲ ਲਈ ਰੁਕੀ ਸੀ।
ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਇਸ ਵਿੱਚ ਮੌਜੂਦ ਭਾਰਤੀ ਨਾਗਰਿਕ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਣ ਜਾ ਰਹੇ ਹਨ। ਇਸ ਤੋਂ ਬਾਅਦ ਪੁਲਿਸ ਨੇ ਇਸ ਜਹਾਜ਼ ਨੂੰ ਰੋਕ ਦਿੱਤਾ। ਫਿਲਹਾਲ ਇਸ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਦੂਜੇ ਪਾਸੇ ਭਾਰਤੀ ਦੂਤਘਰ ਦੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ। ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਐਕਸ ‘ਤੇ ਪੋਸਟ ਕੀਤਾ ਅਤੇ ਲਿਖਿਆ, ਫਰਾਂਸ ਦੇ ਅਧਿਕਾਰੀਆਂ ਨੇ ਸਾਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਅਸੀਂ ਆਪਣੇ ਨਾਗਰਿਕਾਂ ਤੱਕ ਪਹੁੰਚ ਕੀਤੀ ਹੈ। ਉਨ੍ਹਾਂ ਦੀ ਪੂਰੀ ਮਦਦ ਕਰ ਰਹੇ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੈਰਿਸ ਪੁਲਿਸ ਨੇ ਵੀ ਇਸ ਜਹਾਜ਼ ਨੂੰ ਰੋਕੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਸਬੰਧੀ ਗੁਪਤ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਇਸ ਜਹਾਜ਼ ਵਿੱਚ ਮੌਜੂਦ 303 ਲੋਕ ਮਨੁੱਖੀ ਤਸਕਰੀ ਦਾ ਸ਼ਿਕਾਰ ਹੋ ਸਕਦੇ ਹਨ। ਸਾਡੀ ਟੀਮ ਨੇ ਪੂਰੀ ਜਾਂਚ ਕੀਤੇ ਜਾਣ ਤੱਕ ਜਹਾਜ਼ ਨੂੰ ਲੈਂਡ ਕਰਨ ਦਾ ਫੈਸਲਾ ਕੀਤਾ।
ਜਹਾਜ਼ ਨੇ ਦੁਬਈ ਤੋਂ ਉਡਾਣ ਭਰੀ ਸੀ ਅਤੇ ਨਿਕਾਰਾਗੁਆ ਦੇ ਕਿਸੇ ਹਿੱਸੇ ‘ਚ ਉਤਰਨ ਵਾਲਾ ਸੀ। ਹੁਣ ਫਰਾਂਸ ਦੀ ਖੁਫੀਆ ਏਜੰਸੀ ਅਤੇ ਪੁਲਸ ਇਸ ਮਾਮਲੇ ਦੀ ਸਾਂਝੇ ਤੌਰ ‘ਤੇ ਜਾਂਚ ਕਰ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਜਿਸ ਜਹਾਜ਼ ਨੂੰ ਵਾਰਤੀ ਹਵਾਈ ਅੱਡੇ ‘ਤੇ ਰੋਕਿਆ ਹੈ, ਉਹ ਰੋਮਾਨੀਆ ਦੀ ਚਾਰਟਰ ਕੰਪਨੀ ਦਾ ਹੈ। ਇਸ ਨੂੰ ਪਹਿਲਾਂ ਹੀ ਫਿਊਲ ਅਤੇ ਤਕਨੀਕੀ ਰੱਖ-ਰਖਾਅ ਲਈ ਵਤਰੀ ਹਵਾਈ ਅੱਡੇ ‘ਤੇ ਉਤਾਰਨਾ ਤੈਅ ਸੀ। ਲੈਂਡਿੰਗ ਤੋਂ ਥੋੜ੍ਹੀ ਦੇਰ ਬਾਅਦ ਪੁਲਿਸ ਦੀਆਂ ਕਈ ਗੱਡੀਆਂ ਆ ਗਈਆਂ ਅਤੇ ਜਹਾਜ਼ ਨੂੰ ਜ਼ਬਤ ਕਰ ਲਿਆ।
ਇਸ ਮਾਮਲੇ ਦੀ ਜਾਂਚ ਫਰਾਂਸ ਦੀ ਐਂਟੀ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਨੂੰ ਸੌਂਪੀ ਗਈ ਹੈ। ਪੁਲਿਸ ਮੁਤਾਬਕ- ਇਹ ਏ340 ਏਅਰਕ੍ਰਾਫਟ ਹੈ। ਰੋਮਾਨੀਆ ਦੀ ਲੀਜੈਂਡ ਏਅਰਲਾਈਨਜ਼ ਨੇ ਇਸ ਜਹਾਜ਼ ਨੂੰ ਕੁਝ ਲੋਕਾਂ ਲਈ ਬੁੱਕ ਕੀਤਾ ਸੀ। ਜਾਂਚ ਦੇ ਇੱਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਸਾਨੂੰ ਸ਼ੱਕ ਹੈ ਕਿ ਇਨ੍ਹਾਂ ਭਾਰਤੀਆਂ ਨੂੰ ਮੱਧ ਅਮਰੀਕਾ ਵਿੱਚ ਕਿਸੇ ਥਾਂ ਲਿਜਾਇਆ ਜਾਣਾ ਸੀ। ਇਹ ਵੀ ਸੰਭਵ ਹੈ ਕਿ ਇਨ੍ਹਾਂ ਵਿੱਚੋਂ ਕੁਝ ਲੋਕ ਕੈਨੇਡਾ ਜਾਣਾ ਚਾਹੁੰਦੇ ਹਨ।
ਫਿਲਹਾਲ ਸਾਰੇ ਯਾਤਰੀਆਂ ਨੂੰ ਰਿਸੈਪਸ਼ਨ ਹਾਲ ‘ਚ ਰੱਖਿਆ ਗਿਆ ਹੈ। ਪੁਲਿਸ ਨੇ ਕਿਹਾ- ਜਾਂਚ ਪੂਰੀ ਹੋਣ ਤੱਕ ਅਸੀਂ ਉਨ੍ਹਾਂ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਾਂਗੇ।