- ਸਮਾਗਮ ਵਿੱਚ ਸੈਂਕੜੇ ਬੱਚੇ ਸ਼ਾਮਲ ਹੋਏ
ਲੁਧਿਆਣਾ, 24 ਦਸੰਬਰ, 2023 – ਯੂਨਾਈਟਿਡ ਸਿੱਖਸ ਵੱਲੋਂ ਚਲ ਰਹੀ ਗਲਵਕੜੀ ਮੁਹਿੰਮ ਦੇ ਤਹਿਤ ਸਾਹਿਬਜ਼ਾਦਿਆਂ ਦੇ ਜੀਵਨ ਤੇ ਕੁਰਬਾਨੀ ਨੂੰ ਸਮਰਪਿਤ ‘ਇਤਿਹਾਸ ਨਾਲ ਗਲਵਕੜੀ’ ਸਮਾਗਮ ਗੁਰਦਵਾਰਾ ਸ੍ਰੀ ਸਿੰਘ ਸਭਾ, ਮਾਡਲ ਗ੍ਰਾਮ ਲੁਧਿਆਣਾ ਵਿਖੇ ਕਰਵਾਇਆ ਗਿਆ। ਸੈਂਕੜੇ ਬੱਚਿਆਂ ਤੇ ਨੌਜਵਾਨਾਂ ਨੇ ਸਮਾਗਮ ਵਿੱਚ ਹਾਜ਼ਰੀ ਭਰੀ।
ਇਸ ਮੌਕੇ ਯੂਨਾਈਟਿਡ ਸਿੱਖਸ ਇੰਟਰਨੈਸ਼ਨਲ ਹਿਊਮੈਨਟੇਰੀਅਨ ਏਡ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਯੂਨਾਈਟਿਡ ਸਿੱਖਸ ਵਿੱਚ ਹਰ ਕੋਈ ਸਾਹਿਬਜ਼ਾਦਿਆਂ ਤੋਂ ਅਤੇ ਸਿੱਖ ਇਤਿਹਾਸ ਤੋਂ ਪ੍ਰੇਰਣਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ‘ਇਤਿਹਾਸ ਨਾਲ ਗਲਵਕੜੀ’ ਵਰਗੇ ਸਮਾਗਮ ਕੌਮ ਦਾ ਸੁਨਹਿਰੀ ਭਵਿੱਖ ਬਣਾਉਣ ਲਈ ਸਹਾਈ ਹੁੰਦੇ ਹਨ ਅਤੇ ਬੱਚਿਆਂ ਤੇ ਨੌਜਵਾਨਾਂ ਨੂੰ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰਣਗੇ। ਸਿੱਖੀ ਦੀਆਂ ਇਨ੍ਹਾਂ ਕਦਰਾਂ-ਕੀਮਤਾਂ ਤੇ ਸਿਧਾਂਤਾਂ ਤੋਂ ਪ੍ਰੇਰਨਾ ਲੈਂਦਿਆਂ ਯੂਨਾਈਟਿਡ ਸਿੱਖਸ ਦੀ ਸਥਾਪਨਾ ਤੋਂ ਲੈ ਕੇ ਪਿਛਲੇ ਲਗਭਗ 25 ਸਾਲਾਂ ਤੋਂ ਇਹ ਸੰਸਥਾ ਮਨੁੱਖੀ ਅਧਿਕਾਰਾਂ ਦੀ ਵਕਾਲਤ ਦੇ ਨਾਲ, ਵਿਸ਼ਵ ਪੱਧਰ ‘ਤੇ ਕਿਸੇ ਵੀ ਮਨੁੱਖੀ ਜਾਂ ਕੁਦਰਤੀ ਆਫਤ ਵਿੱਚ ਮਨੁੱਖਤਾ ਦੀ ਸੇਵਾ ਕਰਦਿਆਂ ਅਣਥੱਕ ਕੰਮ ਕਰ ਰਹੀ ਹੈ।
ਯੂਨਾਈਟਿਡ ਸਿੱਖਸ ਪੰਜਾਬ ਦੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਹ ਗਲਵਕੜੀ ਮੁਹਿੰਮ ਗੁਰਬਾਣੀ ਸਾਡੇ ਘਰ-ਘਰ ਨਿਤਨੇਮ, ਕੀਰਤਨ, ਗਤਕਾ ਅਤੇ ਸਿੱਖ ਪਰੰਪਰਾਵਾਂ ਲਹਿਰ ਰਾਹੀਂ ਨਵੀਂ ਪਨੀਰੀ ਨੂੰ ਸਿੱਖੀ ਦੇ ਮੂਲ ਸਿਧਾਂਤਾਂ ਨਾਲ ਜੋੜਨ ਵਿੱਚ ਤਤਪਰ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਜਾਂ ਹੋਰ ਕਿਤੇ ਵੀ ਅਜਿਹੇ ਸਮਾਗਮਾਂ ਦਾ ਆਯੋਜਨ ਕਰਨਾ ਚਾਹੁੰਦਾ ਹੈ, ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਸਾਹਿਬਜ਼ਾਦਿਆਂ ਤੇ ਸਿੱਖ ਇਤਿਹਾਸ ਬਾਰੇ ਪ੍ਰਸ਼ਨੋਤਰੀ (ਕੁਇਜ਼) ਵਿੱਚ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪਿਛਲੇ ਮਹੀਨੇ ਪੰਜਾਬ ਭਰ ਵਿੱਚ ਸੰਸਥਾ ਵੱਲੋਂ ਗਿਆਨ ਪ੍ਰਗਾਸ ਟ੍ਰਸਟ, ਅਕਾਲ ਪੁਰਖ ਕੀ ਫੌਜ ਅਤੇ ਪੰਥਕ ਤਾਲਮੇਲ ਸੰਗਠਨ ਦੇ ਸਹਿਯੋਗ ਨਾਲ ਤਿੰਨ ਲੱਖ ਤੋਂ ਵੱਧ ਪ੍ਰਸ਼ਨੋਤਰੀਆਂ ਵੰਡੀਆਂ ਗਈਆਂ। ਇਸ ਮੌਕੇ ਪ੍ਰਸ਼ਨੋਤਰੀ ਵਿੱਚ ਭਾਗ ਲੈਣ ਵਾਲਿਆਂ ਨੂੰ ਇਨਾਮ ਵੀ ਵੰਡੇ ਗਏ।
ਇਸ ਮੌਕੇ ਭਾਗੀਦਾਰਾਂ ਨੇ ਕਿਹਾ ਕਿ ਉਹ ਪਿਛਲੇ ਸਾਲ ਕਰਵਾਏ ਗਏ ਭਰਵੇਂ ਹੁੰਗਾਰੇ ਤੇ ਸਫਲਤਾ ਤੋਂ ਬਾਅਦ ਇਸ ਸਾਲ ਵੀ ਸਮਾਗਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਇਸ ਮੌਕੇ ਇੱਕ ਭਾਗ ਲੈਣ ਵਾਲੇ ਬੱਚੇ ਦੀ ਮਾਤਾ ਇੰਦਰਜੀਤ ਕੌਰ ਨੇ ਕਿਹਾ ਕਿ ਇਸ ਸਮਾਗਮ ਵਿੱਚ ਹਿੱਸਾ ਲੈਣਾ ਬੱਚਿਆਂ ਨੂੰ ਮਿਲਣ ਵਾਲੇ ਦਿਲਚਸਪ ਇਨਾਮਾਂ ਕਰਕੇ ਨਹੀਂ, ਬਲਕਿ ਸਿੱਖ ਧਰਮ ਦੇ ਬੇਮਿਸਾਲ ਇਤਿਹਾਸ ਤੇ ਉਨ੍ਹਾਂ ਦੁਆਰਾ ਧਾਰਨ ਕੀਤੀਆਂ ਗਈਆਂ ਕਦਰਾਂ-ਕੀਮਤਾਂ ਨੂੰ ਸਮਝਣ ਲਈ ਜ਼ਰੂਰੀ ਹੈ।
ਸਮਾਗਮ ਵਿੱਚ ਵੱਖ ਵੱਖ ਬੁਲਾਰਿਆਂ ਵੱਲੋਂ ਸਿੱਖੀ, ਸਿੱਖ ਇਤਿਹਾਸ ਦੇ ਨਾਲ ਪੰਜਾਬ ਤੇ ਪੰਜਾਬੀ ਭਾਸ਼ਾ ਬਾਰੇ ਜਾਗ੍ਰਿਤ ਹੋਣ ਦੀ ਲੋੜ ਤੇ ਜ਼ੋਰ ਦੇਣ ਬਾਰੇ ਵੀ ਕਿਹਾ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਮਾਤਾ-ਪਿਤਾ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੱਚੇ ਪੰਜਾਬ ਤੋਂ ਸਦਾ ਲਈ ਪਰਵਾਸ ਨਾ ਕਰਨ, ਸਗੋਂ ਇਸ ਮਿੱਟੀ ਦੀ ਸੇਵਾ ਮਾਣ-ਸਨਮਾਨ ਨਾਲ ਕਰਨ।
ਇਸ ਮੌਕੇ ‘ਤੇ ਆਯੋਜਿਤ ‘ਪੰਜਾਬੀ ਵਿੱਚ ਦਸਤਖਤ’ ਮੁਹਿੰਮ ਵਿੱਚ ਬੱਚਿਆਂ ਨੇ ਹਿੱਸਾ ਲਿਆ। ਕਈ ਬੁਲਾਰਿਆਂ ਦੁਆਰਾ ਭਾਸ਼ਾ ‘ਤੇ ਜ਼ੋਰ ਦਿੱਤਾ ਗਿਆ ਅਤੇ ਕਿਹਾ ਕਿ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਕਦਮ ਚੁੱਕਣ ਦੀ ਲੋੜ ਹੈ।