- ਪ੍ਰਧਾਨ ਮੰਤਰੀ ਨੂੰ 2 ਪੰਨਿਆਂ ਦੀ ਚਿੱਠੀ ਲਿਖੀ; ਕਿਹਾ- ਸਾਡੇ ਮੈਡਲਾਂ-ਐਵਾਰਡਾਂ ਦੀ ਕੀਮਤ 15 ਰੁਪਏ ਦੱਸੀ ਜਾ ਰਹੀ
ਨਵੀਂ ਦਿੱਲੀ, 27 ਦਸੰਬਰ 2023 – ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐਫਆਈ) ਦੇ ਨਾਲ ਵਿਵਾਦ ਵਿੱਚ, ਪਹਿਲਵਾਨ ਵਿਨੇਸ਼ ਫੋਗਾਟ ਨੇ ਮੰਗਲਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਐਕਸ ‘ਤੇ ਇੱਕ ਪੋਸਟ ਪਾ ਕੇ ਖੇਡ ਰਤਨ ਅਤੇ ਅਰਜੁਨ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਵਿਨੇਸ਼ ਨੇ ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਨੂੰ ਸੰਬੋਧਿਤ ਦੋ ਪੰਨਿਆਂ ਦੀ ਚਿੱਠੀ ਪੋਸਟ ਕੀਤੀ ਹੈ।
ਇਸ ਵਿੱਚ ਲਿਖਿਆ ਹੈ-ਸਾਡੇ ਮੈਡਲ ਅਤੇ ਅਵਾਰਡ ਦੀ ਕੀਮਤ 15 ਰੁਪਏ ਦੱਸੀ ਜਾ ਰਹੀ ਹੈ। ਹੁਣ ਮੈਂ ਵੀ ਆਪਣੇ ਪੁਰਸਕਾਰਾਂ ਤੋਂ ਘਿਰਣਾ ਮਹਿਸੂਸ ਕਰਨ ਲੱਗ ਪਈ ਹਾਂ। ਜਿਸ ਦਾ ਹੁਣ ਮੇਰੀ ਜ਼ਿੰਦਗੀ ਦਾ ਕੋਈ ਅਰਥ ਨਹੀਂ ਰਿਹਾ।
ਵਿਨੇਸ਼ ਦੇ ਇਸ ਫੈਸਲੇ ਤੋਂ ਬਾਅਦ ਖੇਡ ਜਗਤ ਖਾਸ ਕਰ ਕੁਸ਼ਤੀ ਜਗਤ ‘ਚ ਕਾਫੀ ਹਲਚਲ ਮਚ ਗਈ ਹੈ। ਕਈ ਪਹਿਲਵਾਨਾਂ ਨੇ ਵੀ ਵਿਨੇਸ਼ ਦਾ ਸਮਰਥਨ ਕੀਤਾ ਹੈ। ਸਾਕਸ਼ੀ ਮਲਿਕ ਵਾਂਗ ਵਰਿੰਦਰ ਉਰਫ਼ ਗੂੰਗਾ ਪਹਿਲਵਾਨ ਨੇ ਵਿਨੇਸ਼ ਫੋਗਾਟ ਦਾ ਸਮਰਥਨ ਕਰਨ ਵਿੱਚ ਪਹਿਲ ਕੀਤੀ ਹੈ।
ਉਸਨੇ ਲਿਖਿਆ ਕਿ ਮੈਂ ਆਪਣੀਆਂ ਭੈਣਾਂ ਲਈ ਆਪਣੀ ਸ਼ਹਾਦਤ ਵੀ ਦੇਵਾਂਗਾ, ਪਰ ਪਿੱਛੇ ਨਹੀਂ ਹਟਾਂਗਾ… ਭੈਣ ਵਿਨੇਸ਼ ਫੋਗਾਟ, ਤੁਸੀਂ ਅੱਗੇ ਵਧੋ, ਅਸੀਂ ਦੇਸ਼ ਵਾਸੀ ਤੁਹਾਡੇ ਨਾਲ ਖੜੇ ਹਾਂ, ਜੈ ਹਿੰਦ। ਗੂੰਗੇ ਪਹਿਲਵਾਨ ਦੀ ਇਸ ਪੋਸਟ ਦੀ ਕਾਫੀ ਤਾਰੀਫ ਹੋ ਰਹੀ ਹੈ। ਇਨ੍ਹਾਂ ਤੋਂ ਇਲਾਵਾ ਬਜਰਨ ਪੂਨੀਆ ਨੇ ਲਿਖਿਆ- ਮੈਂ ਨਿ-ਸ਼ਬਦ ਹਾਂ। ਕਿਸੇ ਵੀ ਖਿਡਾਰੀ ਨੂੰ ਇਹ ਦਿਨ ਨਾ ਦੇਖਣਾ ਪਵੇ।
ਇਸ ਤੋਂ ਪਹਿਲਾਂ ਬਜਰੰਗ ਪੂਨੀਆ ਨੇ ਪਦਮ ਸ਼੍ਰੀ ਵਾਪਸ ਕਰ ਦਿੱਤਾ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਿਵਾਸ ਦੇ ਬਾਹਰ ਫੁੱਟਪਾਥ ‘ਤੇ ਪਦਮਸ਼੍ਰੀ ਪੁਰਸਕਾਰ ਰੱਖਿਆ ਸੀ। ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਰੈਸਲਿੰਗ ਫੈਡਰੇਸ਼ਨ ਦੀ ਨਵੀਂ ਚੁਣੀ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਸੀ।