ਸ਼ਾਰਜਾਹ ‘ਚ ਫਾਂਸੀ ਦੀ ਸਜ਼ਾ ਯਾਫ਼ਤਾ ਚਾਰ ਨੌਜਵਾਨਾਂ ਲਈ ਮਸੀਹਾ ਬਣੇ ਡਾ: ਓਬਰਾਏ, ਇੱਕ ਭਾਰਤੀ ਤੇ ਤਿੰਨ ਪਾਕਿਸਤਾਨੀ ਨੌਜਵਾਨਾਂ ਦੀ ਰਿਹਾਈ ਦੀ ਉਮੀਦ ਹੋਈ ਪੱਕੀ

  • ਪਰਿਵਾਰਾਂ ਨੇ ਡਾ: ਓਬਰਾਏ ਨੂੰ ਉਨ੍ਹਾਂ ਵਾਸਤੇ ਫ਼ਰਿਸ਼ਤਾ ਤੇ ਜੀਵਨ ਦਾਤਾ ਦੱਸਿਆ

ਅੰਮ੍ਰਿਤਸਰ, 27 ਦਸੰਬਰ 2023 – ਕੌਮਾਂਤਰੀ ਹੱਦਾਂ-ਸਰਹੱਦਾਂ ਤੋਂ ਉੱਤੇ ਉੱਠਦਿਆਂ ਦੇਸ਼ ਵਿਦੇਸ਼ ਵਿਚ ਲੋੜਵੰਦਾਂ ਲਈ ਮਸੀਹਾ ਬਣ ਪਹੁੰਚ ਕੇ ਲੋਕ ਸੇਵਾ ਦੀਆਂ ਨਵੀਆਂ ਮਿਸਾਲਾਂ ਸਿਰਜ ਰਹੇ ਉੱਘੇ ਕਾਰੋਬਾਰੀ ਡਾ: ਐੱਸ. ਪੀ. ਸਿੰਘ ਓਬਰਾਏ ਦੀ ਬਦੌਲਤ ਅੱਜ ਇੱਕ ਭਾਰਤੀ ਤੇ ਤਿੰਨ ਪਾਕਿਸਤਾਨੀ ਨੌਜਵਾਨਾਂ ਦੀ ਸ਼ਾਰਜਾਹ ਵਿਖੇ ਫਾਂਸੀ ਦੀ ਸਜ਼ਾ ਮੁਆਫ਼ ਹੋਣ ਦੀ ਉਮੀਦ ਪੱਕੀ ਹੋ ਗਈ ਹੈ।

ਇਹ ਚਾਰੇ ਨੌਜਵਾਨ ਸਾਲ 2019 ਤੋਂ ਸ਼ਾਰਜਾਹ ਵਿਖੇ ਇੱਕ ਹੋਰ ਭਾਰਤੀ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਫੜੇ ਗਏ ਸਨ। ਇਹਨਾਂ ਨੌਜਵਾਨਾਂ ਵਿਚ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਗੁਰਪ੍ਰੀਤ ਸਿੰਘ ਅਤੇ ਪਾਕਿਸਤਾਨੀ ਪੰਜਾਬ ਨਾਲ ਸੰਬੰਧਿਤ ਰਾਓ ਮੁਹੰਮਦ ਆਦਿਲ, ਰਾਣਾ ਤਾਬਿਸ਼ ਰਸ਼ੀਦ ਅਤੇ ਆਦਿਲ ਜਾਵੇਦ ਚੀਮਾ ਸ਼ਾਮਿਲ ਹਨ। ਗੁਰਦਾਸਪੁਰ ਜ਼ਿਲ੍ਹੇ ਦੇ ਗੁਰਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਅੰਮ੍ਰਿਤਸਰ ਇਕਾਈ ਨਾਲ ਸੰਪਰਕ ਕਰਨ ਤੋਂ ਬਾਅਦ ਡਾ: ਐੱਸ.ਪੀ. ਓਬਰਾਏ ਨੇ ਹੱਦਾਂ-ਸਰਹੱਦਾਂ ਤੋਂ ਉੱਪਰ ਉੱਠਦਿਆਂ ਇਸ ਕੇਸ ਦੀ ਪੈਰਵੀ ਸ਼ੁਰੂ ਕੀਤੀ ਸੀ। ਦੋ ਸਾਲ ਮੁਕੱਦਮਾ ਚੱਲਣ ਤੋਂ ਬਾਅਦ ਸ਼ਾਰਜਾਹ ਦੀ ਅਦਾਲਤ ਨੇ ਇਹਨਾਂ ਚਾਰ ਨੌਜਵਾਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ। ਕਤਲ ਹੋਏ ਨੌਜਵਾਨ ਦੇ ਮਾਪਿਆਂ ਨਾਲ ਲੰਬੇ ਸੰਪਰਕ ਤੋਂ ਬਾਅਦ ਡਾਕਟਰ ਐੱਸ ਪੀ ਸਿੰਘ ਉਬਰਾਏ ਉਨ੍ਹਾਂ ਨੂੰ ਬਲੱਡ ਮਨੀ ਲੈਣ ਲਈ ਸਹਿਮਤ ਕਰਨ ਵਿਚ ਕਾਮਯਾਬ ਹੋਏ।

ਇਸ ਸਹਿਮਤੀ ਤੋਂ ਬਾਅਦ ਸ਼ਾਰਜਾਹ ਅਦਾਲਤ ਵਿਚ ਜੱਜ ਸਾਹਿਬਾਨਾਂ ਦੀ ਮੌਜੂਦਗੀ ਵਿਚ ਮ੍ਰਿਤਕ ਨੌਜਵਾਨ ਦੀ ਪਤਨੀ ਅਤੇ ਭਰਾ ਨੂੰ ਡਾਕਟਰ ਉਬਰਾਏ ਨੇ ਬਲੱਡ ਮਨੀ ਦੇ ਤੌਰ ਤੇ 2 ਲੱਖ ਦਰਾਮ (ਕਰੀਬ 46 ਲੱਖ ਭਾਰਤੀ ਰੁਪਏ) ਮੌਕੇ ਤੇ ਪੀੜਿਤ ਪਰਿਵਾਰ ਨੂੰ ਸੌਂਪੇ ਅਤੇ ਇਸ ਰਕਮ ਨੂੰ ਮਾਣਯੋਗ ਜੱਜ ਦੇ ਹੁਕਮਾਂ ਮੁਤਾਬਿਕ 5 ਹਿੱਸਿਆਂ ਵਿਚ ਵੰਡ ਕੇ ਮ੍ਰਿਤਕ ਦੇ ਪਰਿਵਾਰ ਕੋਲੋਂ ਦੋਸ਼ੀ ਨੌਜਵਾਨਾਂ ਵਾਸਤੇ ਫਾਂਸੀ ਦੀ ਸਜ਼ਾ ਮੁਆਫ਼ੀ ਵਾਸਤੇ ਪ੍ਰਵਾਨਗੀ ਹਾਸਿਲ ਕੀਤੀ। ਇਸ ਮਾਮਲੇ ਸੰਬੰਧੀ ਡਾ: ਉਬਰਾਏ ਨੇ ਦੱਸਿਆ ਕਿ ਸ਼ਾਰਜਾਹ ਅਦਾਲਤ ਨੇ ਹੁਣ ਅੰਤਿਮ ਫ਼ੈਸਲਾ ਦੇਣ ਲਈ ਅਗਲੀ ਸੁਣਵਾਈ 22 ਜਨਵਰੀ 2024 ਨੀਯਤ ਕੀਤੀ ਹੈ ਅਤੇ ਉਸ ਦਿਨ ਇਹਨਾਂ ਨੌਜਵਾਨਾਂ ਦੀ ਰਿਹਾਈ ਦੀ ਵੀ ਪੂਰੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਸ਼ਰੀਆ ਕਾਨੂੰਨ ਮੁਤਾਬਿਕ ਜੇਕਰ ਦੋਵਾਂ ਧਿਰਾਂ ਵਿਚਾਲੇ ਸਹਿਮਤੀ ਹੋਣ ਉਪਰੰਤ ਅਦਾਲਤ ਵਿਚ ਬਲੱਡ ਮਨੀ ਜਮਾਂ ਕਰਵਾਉਣ ਦੀ ਆਗਿਆ ਮਿਲ ਜਾਵੇ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਫਾਂਸੀ ਮਾਫ਼ ਹੋਣੀ ਤਹਿ ਹੈ।

ਡਾਕਟਰ ਉਬਰਾਏ ਨੇ ਵਿਦੇਸ਼ੀ ਮੁਲਕਾਂ ਅਤੇ ਖ਼ਾਸ ਕਰਕੇ ਖਾੜੀ ਮੁਲਕਾਂ ਵਿਚ ਰੁਜ਼ਗਾਰ ਦੀ ਭਾਲ ਲਈ ਆਉਣ ਵਾਲੇ ਨੌਜਵਾਨਾਂ ਨੂੰ ਕਿਸੇ ਵੀ ਕਿਸਮ ਦੇ ਅਪਰਾਧ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ। ਸ਼ਾਰਜਾਹ ਅਦਾਲਤ ਵਿਚ ਬਲੱਡ ਮਨੀ ਲੈ ਕੇ ਦੋਸ਼ੀ ਚਾਰੇ ਨੌਜਵਾਨਾਂ ਨੂੰ ਫਾਂਸੀ ਦੀ ਸਜ਼ਾ ਤੋਂ ਮੁਆਫ਼ ਕਰਨ ਦੇ ਹੋਏ ਸਮਝੌਤੇ ਤੋਂ ਬਾਅਦ ਦੋਸ਼ੀ ਭਾਰਤੀ ਅਤੇ ਪਾਕਿਸਤਾਨੀ ਨੌਜਵਾਨਾਂ ਦੇ ਪਰਿਵਾਰਾਂ ਨੇ ਵੀ ਡਾ: ਐੱਸ ਪੀ ਸਿੰਘ ਉਬਰਾਏ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਿਆਸੀ ਹੱਦਬੰਦੀਆਂ ਤੋਂ ਉੱਤੇ ਉੱਠ ਕੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਵਾਲਾ ਫ਼ਰਿਸ਼ਤਾ ਦੱਸਿਆ। ਇੱਥੇ ਇਹ ਜ਼ਿਕਰਯੋਗ ਹੈ ਕਿ ਸਾਲ 2010 ਤੋਂ ਲੈ ਕੇ ਹੁਣ ਤੱਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾਕਟਰ ਓਬਰਾਏ ਦੇ ਯਤਨਾਂ ਕਾਰਨ 129 ਵਿਅਕਤੀਆਂ ਨੂੰ ਫਾਂਸੀ ਜਾਂ 45 ਸਾਲਾਂ ਤੱਕ ਦੀਆਂ ਲੰਮੀਆਂ ਸਜ਼ਾਵਾਂ ਤੋਂ ਮੁਕਤੀ ਮਿਲੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

17 ਲੱਖ ਲੈ ਕੇ ਭੱਜ ਰਹੇ ਨੌਜਵਾਨਾਂ ਨੂੰ ਰੋਕ ਰਹੇ ਹੋਟਲ ਮੈਨੇਜਰ ਨੂੰ ਗੋ+ਲੀ ਮਾ+ਰੀ, 4 ਖਿਲਾਫ FIR

ਇੱਕ ਮਹੀਨਾ ਚੱਲਣ ਵਾਲੇ ਗਣਤੰਤਰ ਦਿਵਸ ਕੈਂਪ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ 126 ਐਨਸੀਸੀ ਕੈਡਿਟ ਭਾਗ ਲੈਣਗੇ