ਲੁਧਿਆਣਾ, 28 ਦਸੰਬਰ 2023 – ਲੁਧਿਆਣਾ ‘ਚ ਮਨੁੱਖਤਾ ਦੀ ਸੇਵਾ ਸੁਸਾਇਟੀ ਨੇ ਬਾਲ ਅਧਿਕਾਰੀਆਂ ਦੀ ਮਦਦ ਨਾਲ ਗੁਰਦੇਵ ਨਗਰ ‘ਚ 14 ਸਾਲਾ ਲੜਕੀ ਨੂੰ ਮਾਲਕਣ ਦੀ ਗ੍ਰਿਫ਼ਤ ‘ਚੋਂ ਛੁਡਵਾਇਆ। ਆਪਣੇ ਆਪ ਨੂੰ ਸੇਵਾਮੁਕਤ ਪਾਵਰਕੌਮ ਸੁਪਰਡੈਂਟ ਦੱਸਣ ਵਾਲੀ ਔਰਤ ‘ਤੇ ਦੋਸ਼ ਹਨ ਕਿ ਉਸ ਨੇ ਪਿਛਲੇ 2 ਸਾਲਾਂ ਤੋਂ ਬੱਚੀ ਨੂੰ ਘਰ ਵਿੱਚ ਕੈਦ ਰੱਖਿਆ ਹੋਇਆ ਸੀ। ਉਸ ਨੂੰ ਪੂਰੇ ਦਿਨ ਵਿਚ ਸਿਰਫ਼ 2 ਰੋਟੀਆਂ ਹੀ ਖਾਣ ਲਈ ਮਿਲਦੀਆਂ ਸਨ। ਜਦੋਂ ਉਸ ਨੂੰ ਬਹੁਤ ਭੁੱਖ ਲੱਗਦੀ ਸੀ, ਤਾਂ ਕੁੜੀ ਡਸਟਬਿਨ ਵਿੱਚੋਂ ਖਾਣਾ ਚੁੱਕ ਕੇ ਖਾ ਜਾਂਦੀ ਸੀ। ਦੋਸ਼ ਇਹ ਵੀ ਹਨ ਕਿ ਜੇ ਬੱਚੀ ਭੁੱਖ ਲੱਗਣ ‘ਤੇ ਦੁੱਧ ਪੀ ਲੈਂਦੀ, ਤਾਂ ਉਸ ਦੇ ਚਿਹਰੇ ‘ਤੇ ਗਰਮ ਚਾਕੂ ਲਾਏ ਜਾਂਦੇ ਸਨ।
ਸੇਵਾਮੁਕਤ ਪਾਵਰ-ਵਰਕਸ ਸੁਪਰਡੈਂਟ ਹਰਮੀਤ ਕੌਰ ਘਰ ਵਿੱਚ ਪੀ.ਜੀ. ਚਲਾਉਂਦੀ ਹੈ। ਚਾਰ ਮਹੀਨੇ ਪਹਿਲਾਂ ਇਸੇ ਪੀਜੀ ਵਿੱਚ ਰਹਿੰਦੀ ਬਲਬੀਰ ਕੌਰ ਨੇ ਐਨਜੀਓ ਦੇ ਮੁਖੀ ਗੁਰਪ੍ਰੀਤ ਸਿੰਘ ਨੂੰ ਲੜਕੀ ’ਤੇ ਹੋ ਰਹੇ ਅੱਤਿਆਚਾਰ ਬਾਰੇ ਦੱਸਿਆ ਸੀ। ਬਲਬੀਰ ਕੌਰ ਅਨੁਸਾਰ ਜਦੋਂ ਉਹ ਕਈ ਵਾਰ ਪੀਜੀ ਮਾਲਕ ਨੂੰ ਬੱਚੀ ਦੀ ਕੁੱਟਮਾਰ ਨਾ ਕਰਨ ਲਈ ਕਹਿੰਦੀ ਤਾਂ ਔਰਤ ਉਸ ਨੂੰ ਘਰੇਲੂ ਮਸਲਾ ਦੱਸ ਕੇ ਚੁੱਪ ਕਰਵਾ ਦਿੰਦੀ। ਬੱਚੀ ‘ਤੇ ਹੁੰਦੇ ਅੱਤਿਆਚਾਰ ਨੂੰ ਦੇਖ ਕੇ ਬਲਬੀਰ ਨੇ ਪੀ.ਜੀ. ਵੀ ਛੱਡ ਦਿੱਤਾ ਸੀ।
ਜਾਣਕਾਰੀ ਦਿੰਦਿਆਂ ਐਨ.ਜੀ.ਓ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜੂਨ ਮਹੀਨੇ ‘ਚ ਬੱਚੀ ਦੀ ਕੂੜੇ ‘ਚੋਂ ਖਾਣਾ ਖਾਣ ਦੀ ਵੀਡੀਓ ਉਨ੍ਹਾਂ ਕੋਲ ਆਈ ਸੀ ਪਰ ਉਸ ਸਮੇਂ ਲੋਕੇਸ਼ਨ ਕਲੀਅਰ ਨਹੀਂ ਹੋ ਸਕੀ ਸੀ ਅਤੇ ਇਸ ਵਾਰ ਉਹ ਗੁਰਦੇਵ ‘ਚ ਪੀ.ਜੀ. ਨਗਰ ਦੀ ਹੀ ਬਲਬੀਰ ਕੌਰ ਨੇ ਉਨ੍ਹਾਂ ਨੂੰ ਦੱਸਿਆ ਕਿ ਕੁਝ ਲੋਕਾਂ ਨੇ ਇਕ ਲੜਕੀ ਨੂੰ ਘਰ ‘ਚ ਕੈਦ ਕਰ ਕੇ ਰੱਖਿਆ ਹੋਇਆ ਹੈ।
ਲੜਕੀ ਪਿਛਲੇ 2 ਸਾਲਾਂ ਤੋਂ ਕੁੱਟਮਾਰ ਦਾ ਸ਼ਿਕਾਰ ਹੈ। ਉਸ ਦੀ ਮਾਂ ਪੂਜਾ ਦੀ ਮੌਤ ਹੋ ਗਈ ਹੈ। ਉਸਦੇ ਪਿਤਾ ਉਸਨੂੰ ਦੋ ਸਾਲ ਪਹਿਲਾਂ ਗੁਰਦੇਵ ਨਗਰ ਦੀ ਇੱਕ ਝੌਂਪੜੀ ਵਿੱਚ ਛੱਡ ਗਏ ਸਨ। ਪਿਤਾ ਨੇ ਆਪ ਦੁਬਾਰਾ ਵਿਆਹ ਕਰਵਾ ਲਿਆ ਸੀ। ਕੁੜੀ ਨੂੰ ਦੋ ਰੋਟੀਆਂ ਦੇ ਲਾਲਚ ‘ਚ ਸਾਰਾ ਦਿਨ ਕੰਮ ਲਿਆ ਜਾਂਦਾ ਸੀ। ਬਲਬੀਰ ਕੌਰ ਨੇ ਨਾਬਾਲਗ ‘ਤੇ ਹੋਏ ਅੱਤਿਆਚਾਰ ਦੀ ਵੀਡੀਓ ਸਾਂਝੀ ਕੀਤੀ।
ਇਸ ਤੋਂ ਬਾਅਦ ਐੱਨਜੀਓ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਲੜਕੀ ਨੂੰ ਉਸ ਘਰ ‘ਚੋਂ ਛੁਡਵਾਇਆ। ਲੜਕੀ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਹੈ। ਠੰਢ ਵਿੱਚ ਉਸ ਨੂੰ ਗਰਮ ਕੱਪੜੇ ਵੀ ਨਹੀਂ ਦਿੱਤੇ ਗਏ। ਫਿਲਹਾਲ ਬੱਚੀ ਨੂੰ ਚਿਲਡਰਨ ਹੋਮ ‘ਚ ਰੱਖਿਆ ਗਿਆ ਹੈ। ਉਸ ਦਾ ਮੈਡੀਕਲ ਕਰਵਾਇਆ ਗਿਆ।
ਲੜਕੀ ਨੇ ਦੱਸਿਆ ਕਿ ਉਸ ਨੂੰ ਕੱਪੜੇ, ਭਾਂਡੇ ਧੋਣ ਅਤੇ ਘਰ ਦੀ ਸਫਾਈ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਉਹ ਸਾਰਾ ਦਿਨ ਰਸੋਈ ਵਿੱਚ ਭਾਂਡੇ ਸਾਫ਼ ਕਰਦੀ ਸੀ। ਆਂਟੀ ਦੁਆਰਾ ਇੱਕ ਸਮੇਂ ਵਿੱਚ ਦਿੱਤੇ ਗਏ ਭੋਜਨ ਵਿੱਚ ਸਿਰਫ਼ ਦੋ ਰੋਟੀਆਂ ਹੁੰਦੀਆਂ ਸਨ। ਹਰਮੀਤ ਕੌਰ ਰਾਤ ਨੂੰ 2 ਵਜੇ ਵੀ ਉਸ ਨੂੰ ਜਗਾਉਂਦੀ ਸੀ ਅਤੇ ਕੁੱਟਮਾਰ ਕਰਦੀ ਸੀ। ਹਰਮੀਤ ਕੌਰ ਦੀ ਬੇਟੀ ਅਤੇ ਪੁੱਤ ਵੀ ਉਸ ਦੀ ਕੁੱਟਮਾਰ ਕਰਦੇ ਸਨ। ਉਸ ਨੂੰ ਚੁੱਕ ਕੇ ਕੰਧਾਂ ਵਿੱਚ ਮਾਰਿਆ ਜਾਂਦਾ ਸੀ।
ਥਾਣਾ ਡਿਵੀਜ਼ਨ ਨੰਬਰ 5 ਦੇ ਐਸਐਚਓ ਨੀਰਜ ਚੌਧਰੀ ਨੇ ਦੱਸਿਆ ਕਿ ਔਰਤ ਹਰਮੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਚਾਈਲਡ ਵੈਲਫੇਅਰ ਦੇ ਸਹਿਯੋਗ ਨਾਲ ਇਲਾਕੇ ਦੀਆਂ ਹੋਰ ਕੋਠੀਆਂ ਵਿੱਚ ਵੀ ਚੈਕਿੰਗ ਕੀਤੀ ਜਾਵੇਗੀ, ਜੇਕਰ ਕਿਸੇ ਨੇ ਨਾਬਾਲਗ ਲੜਕੀ ਨੂੰ ਘਰ ਵਿੱਚ ਨੌਕਰੀ ‘ਤੇ ਰੱਖਿਆ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ।