- CM ਨੇ ਕਿਹਾ- ਜੇ ਕੋਈ ਸੈਲਾਨੀ ਜ਼ਿਆਦਾ ਸ਼ਰਾਬੀ ਹੋਇਆ ਤਾਂ ਉਸ ਨੂੰ ਨਹੀਂ ਭੇਜਾਂਗੇ ਜੇਲ੍ਹ
- ਪੁਲਿਸ ਉਸ ਨੂੰ ਜੇਲ੍ਹ ਭੇਜਣ ਦੀ ਥਾਂ ਹੋਟਲ ਵਿੱਚ ਆਰਾਮ ਨਾਲ ਠਹਿਰਾਏਗੀ
ਹਿਮਾਚਲ ਪ੍ਰਦੇਸ਼, 28 ਦਸੰਬਰ 2023 – ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਕਿਹਾ ਕਿ ਜੇ ਨਵੇਂ ਸਾਲ ‘ਤੇ ਸੂਬੇ ‘ਚ ਆਉਣ ਵਾਲੇ ਸੈਲਾਨੀ ਜਸ਼ਨ ਮਨਾਉਂਦੇ ਹੋਏ ਜ਼ਿਆਦਾ ਸ਼ਰਾਬੀ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਜੇਲ੍ਹ ਦੀ ਸੈਰ ਨਹੀਂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੈਲਾਨੀਆਂ ਨੂੰ ਇਹ ਮਹਿਸੂਸ ਨਹੀਂ ਹੋਣਾ ਚਾਹੀਦਾ ਕਿ ਉਹ ਮੌਜ ਮਸਤੀ ਕਰਨ ਆਏ ਸਨ ਅਤੇ ਜੇਲ੍ਹ ਦੀ ਸੈਰ ਕਰਕੇ ਵਾਪਸ ਜਾ ਰਹੇ ਹਨ।
ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਜੇ ਕੋਈ ਸੈਲਾਨੀ ਸ਼ਰਾਬੀ ਹੋਇਆ ਤਾਂ ਉਸ ਨੂੰ ਜੇਲ੍ਹ ਭੇਜਣ ਦੀ ਥਾਂ ਹੋਟਲ ਵਿੱਚ ਆਰਾਮ ਨਾਲ ਠਹਿਰਾਇਆ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਹਦਾਇਤਾਂ ਸਥਾਨਕ ਲੋਕਾਂ ਲਈ ਨਹੀਂ ਸਗੋਂ ਸੈਲਾਨੀਆਂ ਲਈ ਹਨ।
ਸੀਐਮ ਸੁੱਖੂ ਨੇ ਦੱਸਿਆ ਕਿ ਸੈਲਾਨੀਆਂ ਦੀ ਸਹੂਲਤ ਲਈ 20 ਦਸੰਬਰ ਤੋਂ 5 ਜਨਵਰੀ ਤੱਕ ਹੋਟਲ, ਢਾਬੇ, ਰੈਸਟੋਰੈਂਟ 24 ਘੰਟੇ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ। ਇਸ ਕਾਰਨ ਸੂਬੇ ਦੇ ਵੱਖ-ਵੱਖ ਸੈਰ ਸਪਾਟਾ ਸਥਾਨਾਂ ‘ਤੇ ਦੇਰੀ ਨਾਲ ਪਹੁੰਚਣ ਵਾਲੇ ਸੈਲਾਨੀਆਂ ਨੂੰ ਭੁੱਖੇ ਨਹੀਂ ਸੌਣਾ ਪਵੇਗਾ। ਇਸ ਦੇ ਨਾਲ ਹੀ ਦੇਰ ਰਾਤ ਤੱਕ ਖਾਣ-ਪੀਣ ਦੀਆਂ ਦੁਕਾਨਾਂ ਖੁੱਲ੍ਹੀਆਂ ਰੱਖਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਸੈਲਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ ਦੌਰਾਨ ਆਪਣੀ ਜਾਨ ਖਤਰੇ ਵਿੱਚ ਨਾ ਪਾਉਣ। ਵਾਹਨਾਂ ਦੇ ਦਰਵਾਜ਼ੇ ਖੁੱਲ੍ਹੇ ਰੱਖ ਕੇ ਅਤੇ ਬੋਨਟ ‘ਤੇ ਸਫ਼ਰ ਨਾ ਕਰੋ। ਪਿਛਲੇ ਚਾਰ-ਪੰਜ ਦਿਨਾਂ ਦੌਰਾਨ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਨਵੇਂ ਸਾਲ ਦੇ ਜਸ਼ਨਾਂ ਲਈ ਹਜ਼ਾਰਾਂ ਸੈਲਾਨੀ ਪਹਾੜਾਂ ‘ਚ ਪਹੁੰਚ ਰਹੇ ਹਨ।