- ਆਪ ਸਰਕਾਰ ਨੇ ਸਾਬਕਾ ਅਕਾਲੀ ਆਗੂ ਉਪਕਾਰ ਸਿੰਘ ਸੰਧੂ ਦੀ ਬਾਂਹ ਮਰੋੜ ਕੇ ਉਹਨਾਂ ਨੂੰ ਕੇਸ ਵਿਚ ਗਵਾਹ ਬਣਾਉਣ ਤੇ ਝੂਠਾ ਬਿਆਨ ਦੇਣ ਦਾ ਯਤਨ ਕੀਤਾ: ਅਰਸ਼ਦੀਪ ਸਿੰਘ ਕਲੇਰ
ਚੰਡੀਗੜ੍ਹ, 29 ਦਸੰਬਰ 2023: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੇ ਡੀ ਜੀ ਪੀ ਗੌਰਵ ਯਾਦਵ ਨੂੰ ਪੁੱਛਿਆਕਿ ਉਹ ਦੱਸਣ ਕਿ ਉਹ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਝੂਠੇ ਸਬੂਤ ਕਿਉਂ ਤਿਆਰ ਕਰਨ ਦੇ ਯਤਨ ਕਰ ਰਹੇ ਹਨ ਤੇ ਸਾਬਕਾ ਅਕਾਲੀ ਆਗੂ ਉਪਕਾਰ ਸਿੰਘ ਸੰਧੂ ਦੀ ਬਾਂਹ ਮਰੋੜ ਕੇ ਉਹਨਾਂ ਨੂੰ ਕੇਸ ਵਿਚ ਗਵਾਹ ਬਣਨ ਤੇ ਝੂਠਾ ਬਿਆਨ ਦੇਣ ਵਾਸਤੇ ਮਜਬੂਰ ਕਿਉਂ ਕਰ ਰਹੇ ਹਨ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਪਹਿਲਾਂ ਤਾਂ ਕੇਸ ਵਿਚ ਉਪਕਾਰ ਸਿੰਘ ਸੰਧੂ ਨੂੰ ਗਵਾਹ ਵਜੋਂ ਸੱਦਿਆ ਗਿਆ ਅਤੇ ਜਦੋਂ ਉਹਨਾਂ ਨੇ ਦੋ ਸਾਲ ਪਹਿਲਾਂ ਸਰਦਾਰ ਮਜੀਠੀਆ ਖਿਲਾਫ ਦਰਜ ਹੋਏ ਝੂਠੇ ਨਸ਼ਾ ਕੇਸ ਦੀ ਜਾਂਚ ਵਿਚ ਸ਼ਾਮਲ ਹੋਣ ਤੋਂ ਨਾਂਹ ਕੀਤੀ ਤਾਂ ਉਹਨਾਂ ਨੂੰ ਝੂਠੇ ਬਿਆਨ ’ਤੇ ਹਸਤਾਖ਼ਰ ਕਰਨ ਵਾਸਤੇ ਆਖਿਆ ਗਿਆ। ਉਹਨਾਂ ਕਿਹਾ ਕਿ ਇਕ ਵਕੀਲ ਸਰਬਜੀਤ ਸਿੰਘ ਵੇਰਕਾ ਸਰਦਾਰ ਉਪਕਾਰ ਸਿੰਘ ਸੰਧੂ ਦੇ ਘਰ ਪਹੁੰਚੇ ਤੇ ਉਹਨਾਂ ਨੂੰ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਫਸਾਉਣ ਦੇ ਉਦੇਸ਼ ਵਾਲੇ ਝੂਠੇ ਬਿਆਨ ’ਤੇ ਹਸਤਾਖ਼ਰ ਕਰਨ ਵਾਸਤੇ ਆਖਿਆ।
ਐਡਵੋਕੇਟ ਕਲੇਰ ਨੇ ਕਿਹਾ ਕਿ ਇਸ ਮਗਰੋਂ ਸਰਦਾਰ ਉਪਕਾਰ ਸਿੰਘ ਸੰਧੂ ਨੂੰ ਇਕ ਟਾਈਪ ਕੀਤਾ ਹੋਇਆ ਬਿਆਨ ਦਿੱਤਾ ਗਿਆ ਜਿਸ ’ਤੇ ਉਹਨਾਂ ਦੇ ਹਸਤਾਖ਼ਰ ਕਰਵਾਏ ਗਏ ਤੇ ਇਹ ਬਿਆਨ 26 ਦਸੰਬਰ ਨੂੰ ਡੀ ਜੀ ਪੀ ਗੌਰਵ ਯਾਦਵ ਨੂੰ ਭੇਜਿਆ ਗਿਆ। ਉਹਨਾਂ ਕਿਹਾ ਕਿ ਅਸੀਂ ਡੀ ਜੀ ਪੀ ਨੂੰ ਪੁੱਛਿਆ ਕਿ ਸਰਕਾਰ ਸਰਦਾਰ ਸੰਧੂ ਨੂੰ ਇਕ ਝੂਠੇ ਬਿਆਨ ਰਾਹੀਂ ਕੇਸ ਵਿਚ ਗਵਾਹ ਬਣਾਉਣ ਦਾ ਯਤਨ ਕਿਉਂ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਕਾਰਵਾਈ ਨਾਲ ਤਾਂ ਐਸ ਆਈ ਟੀ ਨਾਲ ਪਹਿਲਾਂ ਹੀ ਸਮਝੌਤਾ ਹੋ ਗਿਆ ਹੈ।
ਉਹਨਾਂ ਨੇ ਇਹ ਵੀ ਦੱਸਿਆ ਕਿ ਕੇਸ ਵਿਚ ਸਰਕਾਰ ਦਾ ਇਰਾਦਾ ਸਰਦਾਰ ਮਜੀਠੀਆ ਨੂੰ ਡਰਾ ਕੇ ਉਹਨਾਂ ਨੂੰ ਚੁਪ ਕਰਵਾਉਣ ਦਾ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਮਜੀਠੀਆ ਨੇ ਮੁੱਖ ਮੰਤਰੀ ਦੀ ਧੀ ਦੀ ਹਮਾਇਤ ਕੀਤੀ ਜਿਸਨੇ ਆਪਣੇ ਪਿਤਾ ’ਤੇ ਬੇਰਹਿਮੀ ਵਾਲੀਆਂ ਕਾਰਵਾਈਆਂ ਕਰਨ ਦਾ ਦੋਸ਼ ਲਾਇਆ ਤਾਂ ਐਸ ਆਈ ਟੀ ਨੇ ਤੁਰੰਤ ਉਹਨਾਂ ਨੂੰ ਪੁੱਛ ਗਿੱਛ ਲਈ ਸੱਦ ਲਿਆ।
ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਐਸ ਆਈ ਟੀ ਨੇ ਉਹਨਾਂ ਨੂੰ ਇਕ ਵਾਰ ਵੀ ਨਹੀਂ ਸੱਦਿਆ ਸੀ ਹਾਲਾਂਕਿ ਐਸ ਆਈ ਟੀ ਗਠਿਤ ਹੋਏ ਨੂੰ ਪੰਜ ਮਹੀਨੇ ਹੋ ਗਏ ਸਨ।
ਉਹਨਾਂ ਕਿਹਾ ਕਿ ਐਸ ਆਈ ਟੀ ਮੁਖੀ ਏ ਡੀ ਜੀ ਪੀ ਐਮ ਐਸ ਛੀਨਾ ਦੀ ਬਾਂਹ ਮਰੋੜ ’ਤੇ ਆਪ ਸਰਕਾਰ ਉਹਨਾਂ ਨੂੰ ਬਲੈਕਮੇਲ ਕਰ ਰਹੀ ਹੈ ਕਿਉਂਕਿ ਉਹਨਾਂ ਖਿਲਾਫ 2022 ਵਿਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਦੇ ਮਾਮਲੇ ਵਿਚ ਅਨੁਸ਼ਾਸਨੀ ਕਾਰਵਾਈ ਲੰਬਿਤ ਪਈ ਹੈ ਅਤੇ ਉਹਨਾਂ ਨੂੰ ਆਪਣੀ ਸੇਵਾ ਮੁਕਤੀ 31 ਦਸੰਬਰ ਤੋਂ ਪਹਿਲਾਂ ਸਰਦਾਰ ਮਜੀਠੀਆ ਖਿਲਾਫ ਕਾਰਵਾਈ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਸਰਦਾਰ ਸੰਧੂ ਵੱਲੋਂ ਖੁੱਲ੍ਹ ਕੇ ਸਾਹਮਣੇ ਆਉਣ ਤੇ ਆਮ ਆਦਮੀ ਪਾਰਟੀ ਸਰਕਾਰ ਦੇ ਮਾੜੇ ਮਨਸੂਬੇ ਬੇਨਕਾਬ ਕਰਨ ਦੀ ਸ਼ਲਾਘਾ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਹੁਣ ਇਹ ਸਪਸ਼ਟ ਹੈ ਕਿ ਸਰਕਾਰ ਇਸ ਕੇਸ ਵਿਚ ਕੋਈ ਨਿਰਪੱਖ ਜਾਂਚ ਨਹੀਂ ਕਰਵਾਉਣਾ ਚਾਹੁੰਦੀ।
ਉਹਨਾਂ ਇਹ ਵੀ ਦੱਸਿਆ ਕਿ ਸਰਦਾਰ ਸੰਧੂ ਨੇ ਆਪ ਸਰਕਾਰ ਨੂੰ ਬੇਨਕਾਬ ਕਰਨ ਵਾਸਤੇ ਆਪਣੇ ਸਿਆਸੀ ਮਤਭੇਦ ਵੀ ਦਰਕਿਨਾਰ ਕਰ ਦਿੱਤੇ ਹਨ।
ਐਡਵੋਕੇਟ ਕਲੇਰ ਨੇ ਜ਼ੋਰ ਦੇ ਕੇ ਆਖਿਆ ਕਿ ਆਪ ਸਰਕਾਰ ਨੇ ਆਪਣੇ ਵਿਰੋਧੀਆਂ ਨੂੰ ਚੁੱਪ ਕਰਵਾਉਣ ਅਤੇ ਸੂਬੇ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਵਾਸਤੇ ’ਸੰਮਨ ਰਾਜਨੀਤੀ’ ਆਰੰਭੀ ਹੋਈ ਹੈ, ਉਸਦਾ ਕੋਈ ਨਤੀਜਾ ਨਹੀਂ ਨਿਕਲੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਆਪ ਸਰਕਾਰ ਤੇ ਮੁੱਖ ਮੰਤਰੀ ਦੇ ਬਜਰ ਗੁਨਾਹਾਂ ਨੂੰ ਬੇਨਕਾਬ ਕਰਨਾ ਜਾਰੀ ਰੱਖੇਗਾ। ਉਹਨਾਂ ਕਿਹਾ ਕਿ ਪਹਿਲਾਂ ਵੀ ਪਿਛਲੀ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਖਿਲਾਫ ਸਿਆਸੀ ਬਦਲਾਖੋਰੀ ਕੀਤੀ ਸੀ ਪਰ ਉਹ ਅਕਾਲੀ ਨੂੰ ਪੰਜਾਬੀਆਂ ਦੀ ਭਲਾਈ ਵਾਸਤੇ ਲੜਨ ਤੋਂ ਨਹੀਂ ਰੋਕ ਸਕੀ ਸੀ।
ਐਡਵੋਕੇਟ ਕਲੇਰ ਨੇ ਇਹ ਵੀ ਦੱਸਿਆ ਕਿ ਸਰਦਾਰ ਮਜੀਠੀਆ ਨੂੰ ਵੀ ਸਿਆਸੀ ਬਦਲਾਖੋਰੀ ਦਾ ਨਿਸ਼ਾਨਾ ਬਣਾਇਆ ਗਿਆ। ਪਹਿਲਾਂ ਪਿਛਲੀ ਕਾਂਗਰਸ ਸਰਕਾਰ ਨੇ ਆਰਜ਼ੀ ਲਾਏ ਡੀ ਜੀ ਪੀ ਐਸ ਚਟੋਪਾਘਿਆਏ ਦੀ ਵਰਤੋਂ ਕਰ ਕੇ ਉਹਨਾਂ ਖਿਲਾਫ ਝੂਠਾ ਕੇਸ ਦਰਜ ਕੀਤਾ ਤੇ ਹੁਣ ਆਪ ਸਰਕਾਰ ਉਹਨਾਂ ਖਿਲਾਫ ਝੂਠੇ ਸਬੂਤ ਜੁਟਾਉਣ ਵਿਚ ਲੱਗੀ ਹੈ।