ਚੰਡੀਗੜ੍ਹ, 31 ਦਸੰਬਰ 2023 – ਨਵੇਂ ਸਾਲ ਦੇ ਜਸ਼ਨਾਂ ਵਿੱਚ ਕਿਸੇ ਕਿਸਮ ਦੀ ਹੁੱਲੜਬਾਜ਼ੀ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਚੰਡੀਗੜ੍ਹ ਦੀਆਂ ਸਰਹੱਦਾਂ ‘ਤੇ ਤਿੱਖੀ ਚੈਕਿੰਗ ਕੀਤੀ ਜਾਵੇਗੀ ਜਦਕਿ ਸ਼ਹਿਰ ‘ਚ 50 ਨਾਕੇ ਲਗਾਏ ਗਏ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲੀਸ ਦੇ 1300 ਜਵਾਨ ਅਤੇ ਅਰਧ ਸੈਨਿਕ ਬਲ ਦੀਆਂ ਛੇ ਕੰਪਨੀਆਂ ਵੀ ਸੁਰੱਖਿਆ ਪ੍ਰਬੰਧਾਂ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ। ਸ਼ਰਾਬ ਪੀ ਕੇ ਗੱਡੀ ਚਲਾਉਣ ਤੋਂ ਰੋਕਣ ਲਈ 15 ਚੌਕੀਆਂ ਵਿਸ਼ੇਸ਼ ਤੌਰ ‘ਤੇ ਸਥਾਪਿਤ ਕੀਤੀਆਂ ਗਈਆਂ ਹਨ।
ਪੁਲਿਸ ਵੱਲੋਂ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਾਰੇ ਪੱਬ, ਕਲੱਬ ਅਤੇ ਰੈਸਟੋਰੈਂਟ ਅੱਧੀ ਰਾਤ 12 ਵਜੇ ਬੰਦ ਕਰ ਦਿੱਤੇ ਜਾਣ। ਇਸ ਤੋਂ ਬਾਅਦ ਜੇਕਰ ਕੋਈ ਖੁੱਲ੍ਹਾ ਰਿਹਾ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਦੇ ਸੈਕਟਰ-17 ਸਮੇਤ ਛੇ ਸੈਕਟਰਾਂ ਨੂੰ ਨੋ ਵਹੀਕਲ ਜ਼ੋਨ ਬਣਾਇਆ ਗਿਆ ਹੈ। ਅਲਾਂਟੇ ਵਿੱਚ ਪੁਲੀਸ ਕਮਾਂਡ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।
ਸ਼ਹਿਰ ਵਿੱਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਕਾਨੂੰਨ ਵਿਵਸਥਾ ਪ੍ਰਭਾਵਿਤ ਨਾ ਹੋਵੇ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਦੇ ਲਾਇਸੈਂਸ ਰੋਕੇ ਜਾਂ ਰੱਦ ਵੀ ਕੀਤੇ ਜਾ ਸਕਦੇ ਹਨ। ਜਨਤਕ ਥਾਵਾਂ ‘ਤੇ ਸ਼ਰਾਬ ਪੀਣ, ਹੰਗਾਮਾ ਕਰਨ ਅਤੇ ਸ਼ੋਰ ਪ੍ਰਦੂਸ਼ਣ ਫੈਲਾਉਣ ਵਾਲਿਆਂ ਨਾਲ ਵੀ ਪੁਲਿਸ ਸਖ਼ਤੀ ਨਾਲ ਨਜਿੱਠੇਗੀ। ਵਿਸ਼ੇਸ਼ ਡਰੰਕ ਐਂਡ ਡਰਾਈਵ ਨਾਕੇ ਅਤੇ ਅਚਨਚੇਤ ਨਾਕੇ ਵੀ ਲਗਾਏ ਜਾਣਗੇ।
ਨਵੇਂ ਸਾਲ ਦੇ ਮੱਦੇਨਜ਼ਰ 31 ਦਸੰਬਰ ਨੂੰ ਰਾਤ 10 ਵਜੇ ਤੋਂ 2 ਵਜੇ ਤੱਕ ਸੈਕਟਰ 7, 8, 9, 10, 17, 22 ਦੀਆਂ ਅੰਦਰੂਨੀ ਸੜਕਾਂ, ਸੈਕਟਰ 10 ਆਰਟ ਗੈਲਰੀ ਅਤੇ ਅਜਾਇਬ ਘਰ ਦੇ ਸਾਹਮਣੇ ਵਾਲੀ ਸੜਕ, ਸੈਕਟਰ 10 ਤੋਂ ਅਰੋਮਾ ਲਾਈਟ ਪੁਆਇੰਟ – 22 ਡਿਸਪੈਂਸਰੀ ਛੋਟੇ ਚੌਂਕ ਅਤੇ ਏਲਾਂਟੇ ਮਾਲ ਰੋਡ ਤੱਕ ਸੜਕ ‘ਤੇ ਬਾਹਰੀ ਵਾਹਨਾਂ ‘ਤੇ ਪਾਬੰਦੀ ਰਹੇਗੀ।
ਏਲਾਂਟੇ ਮਾਲ ਦੇ ਆਲੇ-ਦੁਆਲੇ ਸੜਕਾਂ ‘ਤੇ ਇਕ ਤਰਫਾ ਆਵਾਜਾਈ ਹੋਵੇਗੀ। ਲੋਕਾਂ ਨੂੰ ਆਪਣੇ ਵਾਹਨ ਉਚਿਤ ਪਾਰਕਿੰਗ ਵਿੱਚ ਹੀ ਪਾਰਕ ਕਰਨ ਲਈ ਕਿਹਾ ਗਿਆ ਹੈ। ਸਾਈਕਲ ਟਰੈਕ ‘ਤੇ ਜਾਂ ਗਲਤ ਪਾਰਕਿੰਗ ‘ਤੇ ਵਾਹਨ ਪਾਰਕ ਕਰਨ ‘ਤੇ ਚਲਾਨ ਕੀਤਾ ਜਾਵੇਗਾ।
31 ਦਸੰਬਰ ਨੂੰ ਦੁਪਹਿਰ ਤੋਂ ਸਾਰੀਆਂ ਚੌਕੀਆਂ ‘ਤੇ ਟੈਸਟਿੰਗ ਸ਼ੁਰੂ ਹੋ ਜਾਵੇਗੀ। ਖਾਸ ਕਰਕੇ ਦੂਜੇ ਰਾਜਾਂ ਤੋਂ ਆਉਣ ਵਾਲੇ ਵਾਹਨਾਂ ’ਤੇ ਪੁਲੀਸ ਤਿੱਖੀ ਨਜ਼ਰ ਰੱਖੇਗੀ। ਇਸ ਗੱਲ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ ਕਿ ਬਾਹਰੋਂ ਕੋਈ ਵੀ ਵਿਅਕਤੀ ਹਥਿਆਰ ਜਾਂ ਸ਼ਰਾਬ ਲੈ ਕੇ ਸ਼ਹਿਰ ਵਿੱਚ ਦਾਖਲ ਨਾ ਹੋ ਸਕੇ।