ਮਣੀਪੁਰ, 2 ਜਨਵਰੀ 2024 – ਮਣੀਪੁਰ ਵਿੱਚ ਨਵੇਂ ਸਾਲ ਦੇ ਪਹਿਲੇ ਹੀ ਦਿਨ ਇੱਕ ਵਾਰ ਫਿਰ ਹਿੰਸਾ ਭੜਕ ਗਈ। ਇੱਥੇ ਸੋਮਵਾਰ ਸ਼ਾਮ ਨੂੰ ਥੌਬਲ ਦੇ ਲੇਂਗੋਲ ਪਹਾੜੀ ਖੇਤਰ ਵਿੱਚ 3 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। 11 ਲੋਕ ਜ਼ਖਮੀ ਹੋਏ ਹਨ।
ਕੁਝ ਮੀਡੀਆ ਰਿਪੋਰਟਾਂ ਨੇ ਮਰਨ ਵਾਲਿਆਂ ਦੀ ਗਿਣਤੀ 4 ਦੱਸੀ ਹੈ। ਸਥਾਨਕ ਲੋਕਾਂ ਨੇ ਹਮਲਾਵਰਾਂ ਦੀਆਂ ਤਿੰਨ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਫਿਰੌਤੀ ਲਈ ਲਿਲੋਂਗ ਚਿੰਗਜਾਓ ਇਲਾਕੇ ‘ਚ ਆਏ ਸਨ, ਜਿਸ ਤੋਂ ਬਾਅਦ ਝਗੜਾ ਸ਼ੁਰੂ ਹੋ ਗਿਆ। ਸਥਾਨਕ ਲੋਕਾਂ ਨੇ ਹਮਲਾਵਰਾਂ ਦਾ ਪਿੱਛਾ ਕੀਤਾ, ਪਰ ਬਦਮਾਸ਼ਾਂ ਨੇ ਭੱਜਦੇ ਹੋਏ ਗੋਲੀਆਂ ਚਲਾ ਦਿੱਤੀਆਂ।
ਮੁਲਜ਼ਮਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਮਾਰੇ ਗਏ ਲੋਕ ਪੰਗਾਲ (ਮੁਸਲਮਾਨ) ਦੱਸੇ ਜਾਂਦੇ ਹਨ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਨ੍ਹਾਂ ‘ਚੋਂ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਤੋਂ ਬਾਅਦ ਇਲਾਕੇ ‘ਚ ਤਣਾਅ ਹੈ।
ਪ੍ਰਸ਼ਾਸਨ ਦਾ ਦਾਅਵਾ ਹੈ ਕਿ ਹਿੰਸਾ ‘ਤੇ ਕਾਬੂ ਪਾ ਲਿਆ ਗਿਆ ਹੈ। ਹਾਲਾਂਕਿ, ਇੰਫਾਲ ਪੂਰਬੀ, ਇੰਫਾਲ ਪੱਛਮੀ, ਥੌਬਲ, ਕਾਕਚਿੰਗ ਅਤੇ ਬਿਸ਼ਨੂਪੁਰ ਜ਼ਿਲ੍ਹਿਆਂ ਵਿੱਚ ਕਰਫਿਊ ਮੁੜ ਲਾਗੂ ਕਰ ਦਿੱਤਾ ਗਿਆ ਹੈ।
ਸੀਐਮ ਐਨ ਬੀਰੇਨ ਸਿੰਘ ਨੇ ਇੱਕ ਵੀਡੀਓ ਸੰਦੇਸ਼ ਵਿੱਚ ਹਿੰਸਾ ਦੀ ਨਿੰਦਾ ਕੀਤੀ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸੱਤਾਧਾਰੀ ਪਾਰਟੀ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੀ ਹੰਗਾਮੀ ਮੀਟਿੰਗ ਵੀ ਬੁਲਾਈ ਹੈ।
2023 ਵਿੱਚ ਮਣੀਪੁਰ ਸੁਰਖੀਆਂ ਵਿੱਚ ਰਿਹਾ। ਪਿਛਲੇ ਸਾਲ 3 ਮਈ ਤੋਂ ਇੱਥੇ ਹਿੰਸਾ ਜਾਰੀ ਹੈ। ਇੱਥੇ ਨਸਲੀ ਸੰਘਰਸ਼ ਵਿੱਚ 180 ਤੋਂ ਵੱਧ ਲੋਕ ਮਾਰੇ ਗਏ ਸਨ। ਕਰੀਬ 60 ਹਜ਼ਾਰ ਲੋਕ ਬੇਘਰ ਹੋ ਗਏ।
ਮਨੀਪੁਰ ਦੇ ਮੋਰੇਹ ‘ਚ ਐਤਵਾਰ ਨੂੰ ਉਸ ਸਮੇਂ ਤਣਾਅ ਪੈਦਾ ਹੋ ਗਿਆ ਜਦੋਂ ਬਾਗੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਗੋਲੀਬਾਰੀ ‘ਚ ਕੁਝ ਨਾਗਰਿਕ ਜ਼ਖਮੀ ਹੋ ਗਏ। ਸੁਰੱਖਿਆ ਬਲਾਂ ਵੱਲੋਂ ਜ਼ਖਮੀਆਂ ਦਾ ਇਲਾਜ ਕੀਤਾ ਗਿਆ। ਐਤਵਾਰ ਨੂੰ ਹੀ ਕਉਤਰੁਕ ਅਤੇ ਕਦੰਗਬਲ ਖੇਤਰਾਂ ਦੇ ਮੇਤੇਈ ਅਤੇ ਕੁਕੀ ਖੇਤਰਾਂ ਤੋਂ ਕਰਾਸ ਫਾਇਰਿੰਗ ਦੀਆਂ ਖਬਰਾਂ ਆਈਆਂ ਸਨ।