- ਸਰਕਾਰੀ ਪਿਸਤੌਲ ਸਾਫ ਕਰਦੇ ਸਮੇਂ ਅਚਾਨਕ ਚੱਲੀ ਗੋ+ਲੀ
- ਦਿਹਾਤੀ ਪੁਲੀਸ ਦੇ ਸੀਆਈਏ ਵਿੰਗ ਵਿੱਚ ਤਾਇਨਾਤ ਸੀ ਮ੍ਰਿਤਕ ਭੁਪਿੰਦਰ ਸਿੰਘ
ਜਲੰਧਰ, 11 ਜਨਵਰੀ 2024 – ਜਲੰਧਰ ਦਿਹਾਤੀ ‘ਚ ਤਾਇਨਾਤ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੀਆਈਏ ਵਿੰਗ ਜਲੰਧਰ ਦਿਹਾਤੀ ਵਿੱਚ ਤਾਇਨਾਤ ਸਬ-ਇੰਸਪੈਕਟਰ ਭੁਪਿੰਦਰ ਸਿੰਘ (50) ਵਜੋਂ ਹੋਈ ਹੈ। ਪੁਲਿਸ ਨੇ ਭੁਪਿੰਦਰ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 2 ਵਿੱਚ ਸਬ ਇੰਸਪੈਕਟਰ ਆਪਣੀ ਸਰਕਾਰੀ ਪਿਸਤੌਲ ਦੀ ਸਫਾਈ ਕਰ ਰਿਹਾ ਸੀ। ਅਚਾਨਕ ਗੋਲੀ ਚੱਲ ਗਈ ਜੋ ਉਸ ਦੇ ਸਿਰ ਵਿੱਚ ਲੱਗੀ। ਗੋਲੀ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਹ ਭੋਗਪੁਰ, ਜਲੰਧਰ ਦਾ ਰਹਿਣ ਵਾਲਾ ਸੀ। ਇਸ ਸਬੰਧੀ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਵਿਭਾਗ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਮਾਮਲੇ ਦੀ ਜਾਂਚ ਕਰ ਰਹੇ ਐੱਸਐੱਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਭੁਪਿੰਦਰ ਸਿੰਘ ਸ਼ਾਮ ਕਰੀਬ 6.30 ਵਜੇ ਸੀਆਈਏ ਸਟਾਫ਼ ਦਿਹਾਤੀ ਦਫ਼ਤਰ ਨੇੜੇ ਪਾਰਕਿੰਗ ਵਿੱਚ ਆਪਣੀ ਕਾਰ ਵਿੱਚ ਬੈਠਾ ਸੀ। ਇਸ ਦੌਰਾਨ ਉਹ ਆਪਣੇ 9mm ਸਰਕਾਰੀ ਪਿਸਤੌਲ ਦੀ ਸਫਾਈ ਕਰਨ ਲੱਗਾ। ਇਸ ਦੌਰਾਨ ਅਚਾਨਕ ਉਸ ਦੇ ਪਿਸਤੌਲ ਵਿੱਚੋਂ ਗੋਲੀ ਚੱਲ ਗਈ, ਜੋ ਉਸ ਦੇ ਸਿਰ ਵਿੱਚ ਲੱਗੀ। ਸਿਰ ਵਿੱਚ ਗੋਲੀ ਲੱਗਣ ਨਾਲ ਭੁਪਿੰਦਰ ਸਿੰਘ ਦੀ ਮੌਤ ਹੋ ਗਈ।