- ਡਿਵਾਈਡਰ ‘ਤੇ ਲਿਜਾ ਕੇ ਸੁੱਟਿਆ
- ਘਟਨਾ ਸੀਸੀਟੀਵੀ ਵਿੱਚ ਕੈਦ
ਜਲੰਧਰ, 12 ਜਨਵਰੀ 2024 – ਜਲੰਧਰ ‘ਚ ਨਾਕੇ ‘ਤੇ ਤੇਜ਼ ਰਫਤਾਰ ਕਾਰ ਨੇ ਏ.ਐੱਸ.ਆਈ. ਨੂੰ ਟੱਕਰ ਮਾਰ ਦਿੱਤੀ। ਸ਼ਾਹਕੋਟ ਵਿੱਚ ਜਦੋਂ ਪੁਲਿਸ ਮੁਲਾਜ਼ਮ ਨੇ ਕਾਰ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਉਸ ਨੂੰ ਨਾਲ ਹੀ ਘਸੀਟ ਕੇ ਲੈ ਗਿਆ। ਜਿਸ ਤੋਂ ਬਾਅਦ ਕੁਝ ਦੂਰੀ ’ਤੇ ਏਐਸਆਈ ਡਿਵਾਈਡਰ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਕਾਰ ਵੀ ਥੋੜ੍ਹੀ ਦੂਰ ਜਾ ਕੇ ਰੁਕ ਗਈ। ਜ਼ਖਮੀ ਪੁਲਿਸ ਮੁਲਾਜ਼ਮ ਦੀ ਪਛਾਣ ਏ.ਐਸ.ਆਈ ਸੁਰਜੀਤ ਵੱਜੋਂ ਹੋਈ ਹੈ।
ਘਟਨਾ ਤੋਂ ਬਾਅਦ ਕਾਰ ਚਾਲਕ ਮੌਕੇ ‘ਤੇ ਕਾਰ ਛੱਡ ਕੇ ਫਰਾਰ ਹੋ ਗਿਆ। ਸਾਥੀ ਪੁਲਿਸ ਮੁਲਾਜ਼ਮਾਂ ਨੇ ਏ.ਐਸ.ਆਈ ਸੁਰਜੀਤ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਸਾਰੀ ਘਟਨਾ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਏ.ਐਸ.ਆਈ ਦੇ ਉਪਰ ਕਾਰ ਚੜ੍ਹਾਉਣ ਦੀ ਸਾਰੀ ਵਾਰਦਾਤ ਨੂੰ ਕੈਦ ਹੋ ਗਈ ਹੈ।
ਏ.ਐਸ.ਆਈ ਸੁਰਜੀਤ ਸਿੰਘ ਵਾਸੀ ਬਾਜਵਾ ਕਲਾਂ ਜਲੰਧਰ ਦੇਹਾਤ ਪੁਲਿਸ ਵਿੱਚ ਤਾਇਨਾਤ ਹੈ। ਵੀਰਵਾਰ ਨੂੰ ਸ਼ਾਹਕੋਟ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਕਾਵਾਂ ਪੱਤਣ ‘ਚ ਹਾਈਟੈਕ ਚੌਕੀ ‘ਤੇ ਉਨ੍ਹਾਂ ਦੀ ਡਿਊਟੀ ਲਗਾਈ ਗਈ। ਦੁਪਹਿਰ ਵੇਲੇ ਚੌਕੀ ’ਤੇ ਉਸ ਨੇ ਚਿੱਟੇ ਰੰਗ ਦੀ ਜੇਨ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ।
ਡਰਾਈਵਰ ਕਾਰ ਰੋਕਣ ਦੀ ਬਜਾਏ ਕਾਰ ਭਜਾ ਕੇ ਲੈ ਗਿਆ। ਕਾਰ ਨੂੰ ਤੇਜ਼ ਰਫਤਾਰ ਨਾਲ ਆਪਣੇ ਵੱਲ ਆਉਂਦਾ ਦੇਖ ਕੇ ਏਐਸਆਈ ਸੁਰਜੀਤ ਨੇ ਸਾਈਡ ਵੱਲ ਜਾਣ ਦੀ ਕੋਸ਼ਿਸ਼ ਕੀਤੀ। ਡਰਾਈਵਰ ਨੇ ਕਾਰ ਨੂੰ ਏਐਸਆਈ ‘ਤੇ ਚੜ੍ਹਾ ਦਿੱਤਾ ਅਤੇ ਉਸ ਨੂੰ ਘਸੀਟ ਕੇ ਕੁਝ ਦੂਰੀ ‘ਤੇ ਡਿਵਾਈਡਰ ‘ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਕਾਰ ਦੁਬਾਰਾ ਹਾਈਵੇਅ ‘ਤੇ ਆ ਗਈ ਅਤੇ ਰੇਲਿੰਗ ਨਾਲ ਟਕਰਾ ਕੇ ਰੁਕ ਗਈ। ਡਰਾਈਵਰ ਤੁਰੰਤ ਕਾਰ ਤੋਂ ਹੇਠਾਂ ਉਤਰ ਕੇ ਭੱਜ ਗਿਆ।
ਇਸ ਮਗਰੋਂ ਚੌਕੀ ’ਤੇ ਮੌਜੂਦ ਹੋਰ ਪੁਲੀਸ ਮੁਲਾਜ਼ਮ ਏਐਸਆਈ ਸੁਰਜੀਤ ਵੱਲ ਭੱਜੇ। ਉਹ ਤੁਰੰਤ ਏ.ਐਸ.ਆਈ ਨੂੰ ਸ਼ਾਹਕੋਟ ਸਿਵਲ ਹਸਪਤਾਲ ਲੈ ਗਏ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ। ਏਐਸਆਈ ਸੁਰਜੀਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਥਾਣਾ ਸ਼ਾਹਕੋਟ ਦੇ ਐਸਐਚਓ ਸੁਖਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਲਈ ਕਾਰ ਦੇ ਵੇਰਵੇ ਕੱਢੇ ਜਾ ਰਹੇ ਹਨ। ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।