ਕੋਟਕਪੂਰਾ, 11 ਜਨਵਰੀ 2024 – ਪਹਿਲਾਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਮੌਕੇ ਪੜੇ ਲਿਖੇ ਅਤੇ ਸੂਝਵਾਨ ਲੋਕ ਵੀ ਲੀਡਰਾਂ, ਮੰਤਰੀਆਂ ਅਤੇ ਅਫਸਰਾਂ ਨੂੰ ਸਵਾਲ ਜਵਾਬ ਕਰਨ ਤੋਂ ਗੁਰੇਜ ਕਰਦੇ ਸਨ ਪਰ ਆਮ ਆਦਮੀ ਪਾਰਟੀ ਦੀ ਬਦਲਾਅ ਦੀ ਰਾਜਨੀਤੀ ਨੇ ਆਮ ਲੋਕਾਂ ਦੇ ਨਾਲ-ਨਾਲ ਛੋਟੇ-ਛੋਟੇ ਬੱਚਿਆਂ ਨੂੰ ਵੀ ਸਵਾਲ ਜਵਾਬ ਕਰਨ ਪ੍ਰਤੀ ਸੁਚੇਤ ਅਤੇ ਜਾਗਰੂਕ ਕਰ ਦਿੱਤਾ ਹੈ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਦੋ ਰੋਜਾ ਸਮਾਗਮ ਦੇ ਚੱਲਦਿਆਂ ਜਦੋਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਜਥੇਬੰਦੀ ਦੇ ਜੋਨਲ ਦਫਤਰ ਵਿੱਚੋਂ ਬਾਹਰ ਨਿਕਲੇ ਤਾਂ ਇਕ ਛੋਟੀ ਬੱਚੀ ਵਲੋਂ ਕੀਤੇ ਗਏ ਸਵਾਲ ਤੋਂ ਹੈਰਾਨ ਹੋ ਕੇ ਸਪੀਕਰ ਸੰਧਵਾਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਜਿਹੜੇ ਚੁਣੇ ਨੁਮਾਇੰਦੇ ਅਸੀਂ ਵਿਧਾਨ ਸਭਾ ਜਾਂ ਲੋਕ ਸਭਾ ਵਿੱਚ ਭੇਜਦੇ ਹਾਂ, ਉਹਨਾਂ ਨੂੰ ਜਵਾਬਦੇਹ ਜਰੂਰ ਬਣਾਉਣਾ ਚਾਹੀਦਾ ਹੈ।
ਉਕਤ ਬੱਚੀ ਨੇ ਬੜੀ ਮਾਸੂਮੀਅਤ ਨਾਲ ਸਪੀਕਰ ਸੰਧਵਾਂ ਨੂੰ ਸੁਆਲ ਕੀਤਾ ਕਿ ਉਹਨਾਂ ਦੇ ਦਸਮੇਸ਼ ਗਲੋਬਲ ਸਕੂਲ ਨੂੰ ਜਾਣ ਵਾਲੀ ਸੜਕ ਕਦੋਂ ਬਣੇਗੀ ? ਕਿਉਂਕਿ ਉਹ ਰਸਤਾ ਬਹੁਤ ਖਰਾਬ ਹੈ ਤੇ ਉਸ ਰਸਤਿਉਂ ਲੰਘਣ ਮੌਕੇ ਸਾਰੇ ਬੱਚਿਆਂ, ਉਹਨਾਂ ਦੇ ਮਾਪਿਆਂ ਅਤੇ ਵਾਹਨ ਚਾਲਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਪੀਕਰ ਸੰਧਵਾਂ ਨੇ ਪਹਿਲਾਂ ਤਾਂ ਉਕਤ ਬੱਚੀ ਨੂੰ ਸ਼ਾਬਾਸ਼ ਦਿੱਤੀ, ਫਿਰ ਉਸਦੇ ਮਾਤਾ-ਪਿਤਾ ਵਲੋਂ ਬੱਚੀ ਦੀ ਕੀਤੀ ਪ੍ਰਵਰਿਸ਼ ਬਦਲੇ ਉਸਦੇ ਮਾਪਿਆਂ ਦੀ ਪ੍ਰਸੰਸਾ ਕੀਤੀ ਅਤੇ ਫਿਰ ਬੱਚੀ ਨਾਲ ਸਵਾਲ ਜਵਾਬ ਕਰਦਿਆਂ ਪੁੱਛਿਆ ਕਿ ਕੀ ਉਕਤ ਸੜਕ ਬਣਾਉਣੀ ਮੇਰੇ ਅਧਿਕਾਰ ਖੇਤਰ ਵਿੱਚ ਹੈ ? ਬੱਚੀ ਵਲੋਂ ਹਾਂ ਵਿੱਚ ਸਿਰ ਹਿਲਾਉਣ ਤੋਂ ਬਾਅਦ ਸਪੀਕਰ ਸੰਧਵਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਕਤ ਸੜਕ ਜਲਦ ਬਣਾ ਦਿੱਤੀ ਜਾਵੇਗੀ।