ਕੈਬਨਿਟ ਮੰਤਰੀ ਚੇਤਨ ਜੌੜਾਮਾਜਰਾ ਨੇ 3.5 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

  • ਚੇਅਰਮੈਨ ਮੰਡੀ ਬੋਰਡ ਹਰਚੰਦ ਸਿੰਘ ਬਰਸਟ ਤੇ ਵਿਧਾਇਕ ਗੁਰਦੇਵ ਦੇਵ ਮਾਨ ਰਹੇ ਮੌਜੂਦ
  • ਮਾਨ ਸਰਕਾਰ ਨੇ ਕਿਸਾਨਾਂ ਦੀ ਸਹੂਲਤ ਲਈ ਖਰੀਦ ਕੇਂਦਰਾਂ ਤੇ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਦੀ ਵਚਨਬੱਧਤਾ ਨਿਭਾਈ-ਜੌੜਾਮਾਜਰਾ
  • ਕਿਹਾ, ਮਹਿਮਦਪੁਰ, ਸੁਲਤਾਨਪੁਰ ਤੇ ਬਨੇਰਾ ਕਲਾਂ ਮੰਡੀਆਂ ‘ਚ ਸਟੀਲ ਕਵਰ ਸ਼ੈਡ, ਬਰਸਟ-ਬਨੇਰਾ-ਸੁਰਾਜਪੁਰ ਲਿੰਕ ਸੜਕ ਤੇ ਗੱਜੂਮਾਜਰਾ, ਲੁਟਕੀਮਾਜਰਾ ਤੇ ਧਬਲਾਨ ਅਨਾਜ ਮੰਡੀਆਂ ‘ਚ ਫੜਾਂ ਤੇ ਸੜਕਾਂ ਦੇ ਕੰਮ ਹੋਣਗੇ

ਸਮਾਣਾ, ਪਟਿਆਲਾ, 14 ਜਨਵਰੀ 2024 – ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦਰਜਨ ਦੇ ਕਰੀਬ ਪਿੰਡਾਂ ਵਿੱਚ ਕਿਸਾਨਾਂ ਤੇ ਆਮ ਲੋਕਾਂ ਦੀ ਸਹੂਲਤ ਲਈ 3.5 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਹੈ।ਉਨ੍ਹਾਂ ਦੇ ਨਾਲ ਚੇਅਰਮੈਨ ਮੰਡੀ ਬੋਰਡ ਹਰਚੰਦ ਸਿੰਘ ਬਰਸਟ ਤੇ ਨਾਭਾ ਦੇ ਵਿਧਾਇਕ ਗੁਰਦੇਵ ਦੇਵ ਮਾਨ ਵੀ ਮੌਜੂਦ ਸਨ।

ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ, ਜਲ ਸਰੋਤ, ਖਨਣ ਤੇ ਭੂ-ਵਿਗਿਆਨ, ਜਲ ਤੇ ਭੂਮੀ ਰੱਖਿਆ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਬਾਰੇ ਵਿਭਾਗ ਵੀ ਹਨ, ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਤੇ ਚੇਅਰਮੈਨ ਮੰਡੀ ਬੋਰਡ ਹਰਚੰਦ ਸਿੰਘ ਬਰਸਟ ਦੇ ਉਦਮ ਸਦਕਾ ਹਲਕਾ ਸਮਾਣਾ ਤੇ ਸ਼ੁਤਰਾਣਾ ਦੇ ਪਿੰਡਾਂ ਵਿਖੇ 3.5 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਪ੍ਰਾਜੈਕਟ ਉਲੀਕੇ ਗਏ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਮਹਿਮਦਪੁਰ, ਸੁਲਤਾਨਪੁਰ ਤੇ ਬਨੇਰਾ ਕਲਾਂ ਦੀਆਂ ਅਨਾਜ ਮੰਡੀਆਂ ਵਿਖੇ ਸਟੀਲ ਕਵਰ ਸ਼ੈਡ ਪਾਏ ਜਾਣਗੇ।ਇਸ ਤੋਂ ਬਿਨ੍ਹਾਂ ਲੋਕਾਂ ਦੀ ਸਹੂਲਤ ਲਈ ਪਿੰਡ ਬਰਸਟ ਤੋਂ ਬਨੇਰਾ ਤੇ ਅੱਗੇ ਸੁਰਾਜਪੁਰ ਲਿੰਕ ਸੜਕ ਨਵੀਂ ਬਣਾਈ ਜਾਵੇਗੀ ਅਤੇ ਪਿੰਡ ਗੱਜੂਮਾਜਰਾ, ਲੁਟਕੀ ਮਾਜਰਾ (ਜੌੜਾਮਾਜਰਾ) ਤੇ ਧਬਲਾਨ ਦੀਆਂ ਅਨਾਜ ਮੰਡੀਆਂ ਵਿਖੇ ਫੜ ਪੱਕੇ ਕਰਨ ਤੇ ਸੜਕਾਂ ਨਵੀਆਂ ਬਣਾਈਆਂ ਜਾਣਗੀਆਂ।

ਕੈਬਨਿਟ ਮੰਤਰੀ ਜੌੜਾਮਾਜਰਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਲੋਕਾਂ ਤੇ ਕਿਸਾਨਾਂ ਦੀ ਸਹੂਲਤ ਲਈ ਖਰੀਦ ਕੇਂਦਰਾਂ ਤੇ ਲਿੰਕ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਦੀ ਆਪਣੀ ਵਚਨਬੱਧਤਾ ਨਿਭਾਈ ਹੈ।ਉਨ੍ਹਾਂ ਨੇ ਚੇਅਰਮੈਨ ਮੰਡੀ ਬੋਰਡ ਹਰਚੰਦ ਸਿੰਘ ਬਰਸਟ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।

ਇਸ ਮੌਕੇ ਚੇਅਰਮੈਨ ਮੰਡੀ ਬੋਰਡ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨਾਲ ਵਿਤਕਰਾ ਤੇ ਸੂਬੇ ਦੇ ਲੋਕਾਂ ਨਾਲ ਧੋਖਾ ਕਰਦਿਆਂ ਦਿਹਾਤੀ ਵਿਕਾਸ ਦੇ 5700 ਕਰੋੜ ਰੁਪਏ ਧੱਕੇ ਨਾਲ ਰੋਕ ਕੇ ਰੱਖੇ ਹੋਏ ਹਨ, ਜਿਸ ਵਿਰੁੱਧ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਰ ਫਰੰਟ ‘ਤੇ ਆਵਾਜ ਬੁਲੰਦ ਕੀਤੀ ਹੈ ਅਤੇ ਪੰਜਾਬ ਦਾ ਪੈਸਾ ਲੈਣ ਲਈ ਸੁਪਰੀਮ ਕੋਰਟ ਵਿੱਚ ਕੇਸ ਵੀ ਦਾਇਰ ਕੀਤਾ ਹੋਇਆ ਹੈ।

ਚੇਅਰਮੈਨ ਬਰਸਟ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਸੂਬੇ ਦੇ ਫੰਡ ਰੋਕਣ ਦੇ ਬਾਵਜੂਦ ਲੋਕਾਂ ਦੀ ਆਪਣੀ ਪੰਜਾਬ ਸਰਕਾਰ ਵਲੋਂ ਆਪਣੇ ਤੌਰ ‘ਤੇ ਪ੍ਰਬੰਧ ਕਰਕੇ ਸੂਬੇ ਦੇ ਮੰਡੀਕਰਨ ਦਾ ਬੁਨਿਆਦੀ ਢਾਂਚਾ ਮਜਬੂਤ ਕਰਨ ਤੇ ਲਿੰਕ ਸੜਕਾਂ ਦੀ ਮੁਰੰਮਤ ਕਰਨ ਦੀ ਤਜਵੀਜ ਉਤੇ ਅਮਲ ਸ਼ੁਰੂ ਕੀਤਾ ਗਿਆ ਹੈ। ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਸੂਬੇ ਦਾ ਚਹੁੰਤਰਫ਼ਾ ਵਿਕਾਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ ਹੈ।

ਇਸ ਮੌਕੇ ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ, ਓ.ਐਸ.ਡੀ. ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ ਤੇ ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਦਹੀਆ, ਸੁਰਜੀਤ ਸਿੰਘ ਫ਼ੌਜੀ, ਸੋਨੂੰ ਥਿੰਦ, ਮੰਡੀ ਬੋਰਡ ਦੇ ਚੀਫ ਇੰਜੀਨੀਅਰ ਗੁਰਦੀਪ ਸਿੰਘ, ਜ਼ਿਲ੍ਹਾ ਮੰਡੀ ਅਫਸਰ ਅਜੇਪਾਲ ਸਿੰਘ ਬਰਾੜ, ਕਾਰਜਕਾਰੀ ਇੰਜੀਨੀਅਰ ਅੰਮ੍ਰਿਤਪਾਲ ਸਿੰਘ, ਸਕੱਤਰ ਮਾਰਕੀਟ ਕਮੇਟੀ ਪਰਮਪਾਲ ਸਿੰਘ ਤੇ ਅਸ਼ਵਨੀ ਕੁਮਾਰ ਆਦਿ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਡਾ: ਬਲਜੀਤ ਕੌਰ ਹੁਨਰ ਹਾਟ ਵਿਚ ਪਹੁੰਚੇ

ਪੰਜਾਬ ਦੇ ਸਕੂਲਾਂ ‘ਚ 21 ਜਨਵਰੀ ਤੱਕ ਛੁੱਟੀਆਂ ਦਾ ਐਲਾਨ