- ਬੱਚੇ ਨੂੰ ਗੋਦੀ ‘ਚ ਲੈ ਪਾਣੀ ‘ਚ ਨਾਰੀਅਲ ਵਹਾਉਣ ਸਮੇਂ ਤਿਲਕਿਆ ਪੈਰ
- ਦਰਬਾਰ ਸਾਹਿਬ ਜਾ ਰਿਹਾ ਸੀ ਪਰਿਵਾਰ
- ਮ੍ਰਿਤਕ ਮਾਂ-ਪੁੱਤ ਹਰਿਆਣਾ ਦੇ ਪਿੰਡ ਜਨੇਤਪੁਰ ਦੇ ਰਹਿਣ ਵਾਲੇ ਸੀ
ਪਟਿਆਲਾ, 16 ਜਨਵਰੀ 2024 – ਪਟਿਆਲਾ ਦੀ ਭਾਖੜਾ ਨਹਿਰ ‘ਚ ਹਰਿਆਣਾ ਦੇ ਮਾਂ-ਪੁੱਤ ਦੇ ਡੁੱਬਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪਰਿਵਾਰ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਨਤਮਸਤਕ ਹੋਣ ਜਾ ਰਿਹਾ ਸੀ , ਕਿ ਰਸਤੇ ‘ਚ ਪਹਿਲਾਂ ਮਾਂ ਗੁਰਪ੍ਰੀਤ ਕੌਰ ਆਪਣੇ ਡੇਢ ਸਾਲ ਦੇ ਬੇਟੇ ਗੁਰਨਾਜ਼ ਨੂੰ ਗੋਦੀ ‘ਚ ਲੈ ਕੇ ਨਾਰੀਅਲ ਵਹਾਉਣ ਲਈ ਨਹਿਰ ਕਿਨਾਰੇ ਗਈ ਸੀ। ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਬੱਚੇ ਸਮੇਤ ਨਹਿਰ ਵਿੱਚ ਡਿੱਗ ਗਈ।
ਸੂਚਨਾ ਮਿਲਣ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਗੋਤਾਖੋਰਾਂ ਨੇ ਨਹਿਰ ਵਿੱਚ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਬਾਅਦ ਔਰਤ ਦੀ ਲਾਸ਼ ਬਰਾਮਦ ਹੋਈ। ਬੱਚੇ ਦੀ ਭਾਲ ਅਜੇ ਜਾਰੀ ਹੈ।
ਮ੍ਰਿਤਕ ਦੇ ਪਿਤਾ ਬਲਕਾਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਸਹੁਰਾ ਪਰਿਵਾਰ ਹਰਿਆਣਾ ਦੇ ਪਿੰਡ ਜਨੇਤਪੁਰ ਦਾ ਵਸਨੀਕ ਹੈ। ਸੋਮਵਾਰ ਸਵੇਰੇ ਉਸ ਦੀ ਲੜਕੀ ਗੁਰਪ੍ਰੀਤ ਕੌਰ (30), ਉਸ ਦਾ ਪਤੀ ਸ਼ੌਕੀਨ ਸਿੰਘ ਆਪਣੇ ਦੋ ਲੜਕਿਆਂ ਨਿਸ਼ਾਨ ਸਿੰਘ (4) ਅਤੇ ਡੇਢ ਸਾਲਾ ਦੇ ਗੁਰਨਾਜ਼ ਸਿੰਘ ਨਾਲ ਅੰਮ੍ਰਿਤਸਰ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਜਾ ਰਹੇ ਸਨ।
ਅਸੀਂ ਵੀ ਉਨ੍ਹਾਂ ਦੇ ਨਾਲ ਜਾਣਾ ਸੀ ਪਰ ਅੰਮ੍ਰਿਤਸਰ ਤੋਂ ਪਹਿਲਾਂ ਗੁਰਪ੍ਰੀਤ ਕੌਰ ਨੇ ਸਮਾਣਾ, ਪਟਿਆਲਾ ਵਿਖੇ ਭਾਖੜਾ ਨਹਿਰ ਨੇੜੇ ਕਾਰ ਰੁਕਵਾ ਲਈ। ਉਸ ਨੇ ਦੱਸਿਆ ਕਿ ਉਹ ਪਾਣੀ ਵਿੱਚ ਨਾਰੀਅਲ ਵਹਾਉਣ ਜਾ ਰਹੀ ਸੀ। ਉਸ ਨੇ ਆਪਣੇ ਡੇਢ ਸਾਲ ਦੇ ਬੇਟੇ ਗੁਰਨਾਜ਼ ਨੂੰ ਵੀ ਆਪਣੀ ਗੋਦ ਵਿੱਚ ਲਿਆ।
ਜਿਵੇਂ ਹੀ ਉਹ ਨਹਿਰ ਕਿਨਾਰੇ ਗਈ ਤਾਂ ਉਸ ਦਾ ਪੈਰ ਤਿਲਕ ਗਿਆ। ਉਹ ਗੁਰਨਾਜ਼ ਸਮੇਤ ਨਹਿਰ ਵਿੱਚ ਡਿੱਗ ਗਈ। ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਦੇਖਿਆ। ਉਸ ਸਮੇਂ ਉਸ ਦਾ ਪਤੀ ਅਤੇ ਦੂਜਾ ਪੁੱਤਰ ਕਾਰ ਵਿੱਚ ਬੈਠੇ ਉਸ ਦੀ ਉਡੀਕ ਕਰ ਰਹੇ ਸਨ।
ਸਮਾਣਾ ਦੀ ਡੀਐਸਪੀ ਨੇਹਾ ਅਗਰਵਾਲ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਔਰਤ ਦੀ ਲਾਸ਼ ਨੂੰ ਭਾਖੜਾ ਨਹਿਰ ਖਨੌਰੀ ਤੋਂ ਬਾਹਰ ਕੱਢਿਆ ਗਿਆ। ਡੇਢ ਸਾਲ ਦੇ ਬੱਚੇ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਸ ਦੀ ਨਹਿਰ ਵਿੱਚ ਭਾਲ ਕੀਤੀ ਜਾ ਰਹੀ ਹੈ। ਔਰਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।