NIA ਅਦਾਲਤ ਨੇ ਲਖਬੀਰ ਲੰਡਾ ਨੂੰ ਐਲਾਨਿਆ ਭਗੌੜਾ: ਹੁਣ ਜ਼ਮੀਨ-ਜਾਇਦਾਦ ਜ਼ਬਤ ਕਰਨ ਦੀ ਤਿਆਰੀ

ਨਵੀਂ ਦਿੱਲੀ, 18 ਜਨਵਰੀ 2024 – ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਲਖਬੀਰ ਸਿੰਘ ਉਰਫ਼ ਲੰਡਾ ਖ਼ਿਲਾਫ਼ ਵੱਡੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਲਖਬੀਰ ਸਿੰਘ ਨੂੰ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੈ। ਅਦਾਲਤ ਵੱਲੋਂ ਇੱਕ ਮਹੀਨੇ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਹੁਣ NIA ਲਖਬੀਰ ਦੀ ਜਾਇਦਾਦ ਨੂੰ ਜ਼ਬਤ ਕਰਨ ਦੀ ਤਿਆਰੀ ਕਰ ਰਹੀ ਹੈ।

ਦਰਅਸਲ ਐਨਆਈਏ ਨੇ ਲਖਬੀਰ ਸਿੰਘ ਤੇ ਉਸ ਦੇ ਸਾਥੀਆਂ ਹਰਜਿੰਦਰ ਸਿੰਘ ਸੰਧੂ ਉਰਫ਼ ਰਿੰਦਾ, ਸਤਨਾਮ ਸਿੰਘ ਸੱਤਾ, ਪਰਮਿੰਦਰ ਸਿੰਘ ਖਹਿਰਾ, ਯਾਦਵਿੰਦਰ ਸਿੰਘ ਯਾਦਾ ਖ਼ਿਲਾਫ਼ ਧਾਰਾ 17, 18, 18ਬੀ, 20, 38-39 ਤਹਿਤ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਹੈ। ਇਸ ਦੀ ਸੁਣਵਾਈ ਐਨਆਈਏ ਦਿੱਲੀ ਦੀ ਵਿਸ਼ੇਸ਼ ਅਦਾਲਤ ਵਿੱਚ ਚੱਲ ਰਹੀ ਹੈ। ਇਹ ਸੁਣਵਾਈ 9 ਅਕਤੂਬਰ 2023 ਤੋਂ ਸ਼ੁਰੂ ਹੋਈ ਸੀ।

ਐਨਆਈਏ ਨੇ ਮੁਲਜ਼ਮਾਂ ਨੂੰ ਭਗੌੜਾ ਐਲਾਨਣ ਲਈ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਬਾਅਦ ਲਖਬੀਰ ਦੇ ਨਾਂ ‘ਤੇ ਨੋਟਿਸ ਜਾਰੀ ਕੀਤਾ ਗਿਆ। ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਹੁਣ ਲਖਬੀਰ ਨੂੰ ਭਗੌੜਾ ਐਲਾਨ ਦਿੱਤਾ ਗਿਆ ਹੈ। ਇਸ ਤੋਂ ਬਾਅਦ ਐਨਆਈਏ ਨੇ ਸੀਆਰਪੀਸੀ ਦੀ ਧਾਰਾ 82 (4) ਤਹਿਤ ਲਖਬੀਰ ਦੀ ਜਾਇਦਾਦ ਕੁਰਕ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਕੌਮੀ ਜਾਂਚ ਏਜੰਸੀ (ਐਨਆਈਏ) ਨੇ ਲਖੀਬਰ ‘ਤੇ 15 ਲੱਖ ਰੁਪਏ ਦਾ ਇਨਾਮ ਰੱਖਿਆ ਹੈ। 2021 ਵਿੱਚ ਉਸਦੇ ਖਿਲਾਫ ਇੱਕ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ। 2017 ‘ਚ ਵਿਦੇਸ਼ ਭੱਜਣ ਤੋਂ ਬਾਅਦ NIA ਉਸ ਦੀ ਭਾਲ ਕਰ ਰਹੀ ਹੈ।

ਪੁਲਿਸ ਰਿਕਾਰਡ ਅਨੁਸਾਰ ਲਖਬੀਰ ਕੈਨੇਡਾ ਤੋਂ ਆਪਣਾ ਨੈੱਟਵਰਕ ਚਲਾਉਂਦਾ ਹੈ। ਪੁਲਿਸ ਦਾ ਮੰਨਣਾ ਹੈ ਕਿ ਉਹ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਛੋਟੇ-ਮੋਟੇ ਅਪਰਾਧੀਆਂ ਨੂੰ ਟਾਰਗੇਟ ਕਿਲਿੰਗ, ਫਿਰੌਤੀ ਆਦਿ ਲਈ ਵਰਤ ਰਿਹਾ ਹੈ। ਇਸ ਨੈੱਟਵਰਕ ਦੀ ਮਦਦ ਨਾਲ ਉਹ ਅਮੀਰ ਲੋਕਾਂ (ਕਾਰੋਬਾਰਾਂ, ਡਾਕਟਰਾਂ, ਮਸ਼ਹੂਰ ਹਸਤੀਆਂ ਆਦਿ) ਤੋਂ ਜ਼ਬਰਦਸਤੀ ਪੈਸੇ ਦੀ ਮੰਗ ਵੀ ਕਰਦਾ ਰਹਿੰਦਾ ਹੈ।

ਪੰਜਾਬ ਪੁਲਿਸ ਨੇ ਲਖਬੀਰ ਖਿਲਾਫ ਡੋਜ਼ੀਅਰ ਤਿਆਰ ਕੀਤਾ ਸੀ। ਪੁਲਿਸ ਸੂਤਰਾਂ ਅਨੁਸਾਰ ਇਸ ਵਿਚ ਲਖਬੀਰ ਦੇ ਇਸ਼ਾਰੇ ‘ਤੇ ਕਈ ਅਪਰਾਧਿਕ ਗਤੀਵਿਧੀਆਂ ਦਾ ਜ਼ਿਕਰ ਹੈ। ਜਿਸ ਵਿੱਚ ਜੂਨ 2021 ਵਿੱਚ ਵਲਟੋਹਾ ਥਾਣੇ ਅਧੀਨ ਪੈਂਦੇ ਪਿੰਡ ਲੱਖਾ ਦੀ ਇੱਕ ਵਿਵਾਦਿਤ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਵੀ ਸ਼ਾਮਲ ਹੈ। ਫਿਰ ਮਾਰਚ 2021 ਵਿੱਚ, ਸਰਹਾਲੀ ਤੋਂ ਇੱਕ ਕਾਰ ਲੁੱਟੀ ਗਈ ਅਤੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਇੱਕ ਆੜ੍ਹਤੀ (ਕਮਿਸ਼ਨ ਏਜੰਟ) ਤੋਂ ਵੀ ਪੈਸੇ ਦੀ ਮੰਗ ਕੀਤੀ ਗਈ ਅਤੇ ਫਿਰੌਤੀ ਲਈ ਗਈ।

ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਇੱਕ ਡਾਕਟਰ ਦੇ ਪੁੱਤਰ ਤੋਂ ਕਾਰ ਖੋਹਣ ਅਤੇ ਇੱਕ ਪੰਜਾਬੀ ਗਾਇਕ ਦੇ ਘਰ ਗੋਲੀ ਚਲਾਉਣ ਦਾ ਮਾਮਲਾ ਵੀ ਦਰਜ ਹੈ। ਲਖਬੀਰ ‘ਤੇ ਆਪਣੇ ਸਾਥੀ ਪ੍ਰੀਤ ਸੇਖੋਂ ਦੀ ਮਦਦ ਨਾਲ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਦੋਸ਼ ਹੈ। 27 ਮਈ 2021 ਨੂੰ ਵੀ ਉਸਦੇ ਇਸ਼ਾਰੇ ‘ਤੇ ਪ੍ਰੀਤ ਸੇਖੋਂ ਅਤੇ ਜਰਮਨਜੀਤ ਨੇ ਅਮਨਦੀਪ ਸਿੰਘ ਉਰਫ ਫੌਜੀ ਅਤੇ ਪ੍ਰਭਦੀਪ ਸਿੰਘ ਉਰਫ ਪੂਰਨ ਦਾ ਕਤਲ ਕਰ ਦਿੱਤਾ ਸੀ। ਇਹ ਡੋਜ਼ੀਅਰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵੀ ਭੇਜਿਆ ਗਿਆ ਸੀ।

ਲਖਬੀਰ ਸਿੰਘ ਦੇ ਗ੍ਰਿਫਤਾਰ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਢਾਹਾਂ ਨਾਲ ਵੀ ਸਬੰਧ ਹਨ, ਜੋ ਪਹਿਲਾਂ ਹਰਵਿੰਦਰ ਰਿੰਦਾ ਦਾ ਸਾਥੀ ਸੀ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਸੀਆਈਏ ਇੰਸਪੈਕਟਰ ਦੀ ਕਾਰ ਹੇਠਾਂ ਬੰਬ ਰੱਖਣ ਦੇ ਮਾਮਲੇ ਵਿੱਚ ਵੀ ਅੱਤਵਾਦੀ ਲਖਬੀਰ ਦਾ ਨਾਂ ਸਾਹਮਣੇ ਆਇਆ ਸੀ। ਪਿਛਲੇ ਸਾਲ ਅਗਸਤ ਵਿੱਚ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਤਰਨਤਾਰਨ ਦੇ ਪਿੰਡ ਕਰੀਆਂ ਵਿੱਚ ਲਖਬੀਰ ਸਿੰਘ ਦੀ ਜਾਇਦਾਦ ਨੂੰ ਜ਼ਬਤ ਕਰਨ ਦੇ ਹੁਕਮ ਵੀ ਦਿੱਤੇ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਏਅਰ ਇੰਡੀਆ-ਸਪਾਈਸਜੈੱਟ ਨੂੰ 30-30 ਲੱਖ ਰੁਪਏ ਦਾ ਜੁਰਮਾਨਾ, ਪੜ੍ਹੋ ਕੀ ਹੈ ਮਾਮਲਾ

ਲੁਧਿਆਣਾ ‘ਚ ਅੱਧੀ ਰਾਤ ਨੂੰ ਵੱਜਿਆ ਬੈਂਕ ਦਾ ਸਾਇਰਨ, ਪੁਲਿਸ ਜਾਂਚ ‘ਚ ਜੁਟੀ