ਚੰਡੀਗੜ੍ਹ, 19 ਜਨਵਰੀ 2024 – ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ 23 ਸਾਲਾ ਨੌਜਵਾਨ ਅਗਨੀਵੀਰ ਜਵਾਨ ਅਜੈ ਸਿੰਘ ਦੀ ਰਾਜੌਰੀ ਵਿਖੇ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਹੈ। ਸ਼ਹੀਦ ਅਜੈ ਸਿੰਘ ਪਿਤਾ ਕਾਲਾ ਸਿੰਘ ਤੇ ਮਾਤਾ ਲਛਮੀ ਦਾ ਇਕਲੌਤਾ ਪੁੱਤਰ ਅਤੇ 6 ਭੈਣਾਂ ਦਾ ਭਰਾ ਸੀ। ਉਕਤ ਨੌਜਵਾਨ ਅੱਤ ਦੀ ਗਰੀਬੀ ਨਾਲ ਜਦੋਜਹਿਦ ਕਰ ਰਹੇ ਪਰਿਵਾਰ ਵਿਚੋਂ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਪਰਿਵਾਰ ਦੇ ਪਾਲਣ ਪੋਸਣ ਤੇ ਰੋਜੀ ਰੋਟੀ ਲਈ ਫਰਵਰੀ 2022 ਵਿੱਚ ਅਗਨੀਵੀਰ ਵਜੋਂ ਚਾਰ ਸਾਲਾਂ ਨੌਕਰੀ ਲਈ ਭਰਤੀ ਹੋਇਆ ਸੀ। ਜਿਸ ਦੀ ਮੌਤ ਬਾਰੇ ਦੇਰ ਸਾਮ ਜਦੋਂ ਪਤਾ ਲੱਗਿਆ ਤਾਂ ਪਰਿਵਾਰ ਉੱਪਰ ਪਹਾੜ ਜਿੱਡੇ ਡਿੱਗੇ ਦੁੱਖ ਦੇ ਨਾਲ-ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 23 ਸਾਲਾ ਫੌਜੀ ਜਵਾਨ ਅਜੈ ਸਿੰਘ ਦੀ ਡਿਊਟੀ ਨਿਭਾਉਂਦੇ ਸਮੇਂ ਹੋਈ ਸ਼ਹਾਦਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੱਥੇ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਅਗਨੀਵੀਰ ਅਜੈ ਸਿੰਘ, ਜੋ ਖੰਨਾ ਨੇੜਲੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਰਹਿਣ ਵਾਲਾ ਸੀ, ਇਕ ਬਾਰੂਦੀ ਸੁਰੰਗ ਧਮਾਕੇ ਵਿੱਚ ਸ਼ਹੀਦ ਹੋ ਗਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਬਹਾਦਰ ਜਵਾਨ ਨੇ ਜੰਮੂ-ਕਸ਼ਮੀਰ ਵਿਖੇ ਡਿਊਟੀ ਨਿਭਾਉਂਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਹ ਦੇਸ਼ ਲਈ ਅਤੇ ਖਾਸ ਕਰਕੇ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਮੁੱਖ ਮੰਤਰੀ ਨੇ ਬਹਾਦਰ ਸ਼ਹੀਦ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਪਰਿਵਾਰ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਇਸ ਸ਼ਹੀਦ ਨੇ ਆਪਣੀ ਡਿਊਟੀ ਪੂਰੀ ਬਹਾਦਰੀ ਤੇ ਲਗਨ ਨਾਲ ਨਿਭਾਈ ਅਤੇ ਸ਼ਹੀਦ ਦੀ ਕੁਰਬਾਨੀ ਨੌਜਵਾਨਾਂ ਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ। ਭਗਵੰਤ ਸਿੰਘ ਮਾਨ ਨੇ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਦੀ ਨੀਤੀ ਅਨੁਸਾਰ ਪੀੜਤ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ।