ਚੰਡੀਗੜ੍ਹ, 19 ਜਨਵਰੀ, 2024: ਚੰਡੀਗੜ੍ਹ ਵਿਚ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਲਈ ਹੁਣ ਤੈਅ ਕੀਤੀ ਗਈ 6 ਫਰਵਰੀ ਦੀ ਨਵੀਂ ਤਾਰੀਕ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਗਈ ਹੈ।
ਇਸ ਪਟੀਸ਼ਨ ਰਾਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਮੰਗ ਕੀਤੀ ਗਈ ਸੀ ਕਿ ਇਹ ਸੁਣਵਾਈ ਅੱਜ ਹੀ ਕੀਤੀ ਜਾਵੇ ਅਤੇ ਮੇਅਰ ਦੀ ਚੋਣ 24 ਘੰਟਿਆਂ ਦੇ ਅੰਦਰ ਹੋਵੇ ਅਤੇ ਕੋਰਟ ਕਮਿਸ਼ਨਰ ਦੀ ਨਿਗਰਾਨੀ ‘ਚ ਚੋਣ ਕਰਵਾਈ ਜਾਵੇ। ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਚੋਣ ਲਟਕਾਈ ਨਾ ਜਾਵੇ ਅਤੇ ਜਲਦੀ ਤੋਂ ਜਲਦੀ ਚੋਣ ਕਰਵਾਈ ਜਾਵੇ।
ਹਾਲਾਂਕਿ ਇਸ ਪਟੀਸ਼ਨ ’ਤੇ ਭਲਕੇ 20 ਜਨਵਰੀ ਨੂੰ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਹੰਗਾਮੇ ਤੋਂ ਬਾਅਦ ਚੰਡੀਗੜ੍ਹ ਮੇਅਰ ਚੋਣਾਂ ਮੁਲਤਵੀ ਹੋ ਗਈਆਂ ਸਨ ਅਤੇ ਚੋਣਾਂ 6 ਫਰਵਰੀ ਨੂੰ ਹੋਣੀਆਂ ਤੈਅ ਹੋਈਆਂ ਸਨ।