- ਮਰਦਾਂ, ਔਰਤਾਂ ਅਤੇ ਬੱਚਿਆਂ ਨਾਲ਼ ਬਕਾਇਦਾ ਹੁਕਮਾਂ ਅਧੀਨ ਵੀ ਵਾਪਰਦੇ ਹਨ ਅਜਿਹੇ ਬਲਾਤਕਾਰ
- ਰਿਪੋਰਟਿੰਗ ਅਤੇ ਸਬੂਤਾਂ ਦੀ ਘਾਟ ਬਣਦੀ ਹੈ ਕਾਨੂੰਨ ਦੇ ਰਾਹ ਦਾ ਰੋੜਾ
- ਯੁੱਧ ਦੌਰਾਨ ਵਾਪਰੀ ਜਿਨਸੀ ਹਿੰਸਾ ਨੂੰ ਸਹਿਜ ਵਰਤਾਰਾ ਸਮਝ ਲੈਣ ਦਾ ਹੀ ਹੈ ਰੁਝਾਨ
ਪਟਿਆਲਾ, 21 ਜਨਵਰੀ 2024 – ਸੰਸਾਰ ਵਿੱਚ ਹਥਿਆਰਬੰਦ ਯੁੱਧਾਂ ਦੌਰਾਨ ਜਿਨਸੀ ਹਿੰਸਾ ਨੂੰ ਕਿਸ ਤਰ੍ਹਾਂ ਇੱਕ ਹਥਿਆਰ ਵਾਂਗ ਵਰਤਿਆ ਜਾਂਦਾ ਹੈ ਅਤੇ ਇਸ ਦੇ ਕਿਹੋ ਜਿਹੇ ਸਿੱਟੇ ਨਿਕਲ਼ਦੇ ਹਨ, ਇਸ ਬਾਰੇ ਪੰਜਾਬੀ ਯੂਨੀਵਰਸਿਟੀ ਵਿਖੇ ਕੌਮਾਂਤਰੀ ਕਾਨੂੰਨ ਦੇ ਹਵਾਲੇ ਨਾਲ਼ ਇੱਕ ਅਧਿਐਨ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਿੱਚ ਖੋਜਾਰਥੀ ਰੀਤੂ ਵੱਲੋਂ ਨਿਗਰਾਨ ਡਾ. ਸੁਖਦਰਸ਼ਨ ਸਿੰਘ ਖਹਿਰਾ ਅਧੀਨ ਕੀਤੇ ਇਸ ਖੋਜ ਕਾਰਜ ਰਾਹੀਂ ਇਸ ਵਰਤਾਰੇ ਦੇ ਰੁਝਾਨਾਂ, ਸਿੱਟਿਆਂ ਅਤੇ ਰੋਕਥਾਮ ਹਿਤ ਉਠਾਏ ਜਾ ਸਕਣ ਵਾਲੇ ਸੰਭਾਵੀ ਕਦਮਾਂ ਬਾਰੇ ਅਧਿਐਨ ਕੀਤਾ ਗਿਆ।
ਖੋਜਾਰਥੀ ਰੀਤੂ ਨੇ ਦੱਸਿਆ ਕਿ ਪੁਰਾਤਨ ਸਮੇਂ ਤੋਂ ਹੀ ਮਨੁੱਖਤਾ ਨੂੰ ਜੰਗਾਂ ਯੁੱਧਾਂ ਦੇ ਖਤਰੇ ਦਰਪੇਸ਼ ਰਹੇ ਹਨ। ਟਕਰਾਅ ਦੀਆਂ ਇਨ੍ਹਾਂ ਸਥਿਤੀਆਂ ਵਿੱਚ ਵੱਡੇ ਪੱਧਰ ਉੱਤੇ ਜਿਨਸੀ ਹਿੰਸਾ ਦਾ ਹੋਣਾ ਵੀ ਆਮ ਵਰਤਾਰਾ ਹੈ। ਉਨ੍ਹਾਂ ਦੱਸਿਆ ਕਿ ਔਰਤਾਂ ਅਤੇ ਮਰਦਾਂ ਦੋਹਾਂ ਉੱਤੇ ਇਹ ਜਿਨਸੀ ਹਿੰਸਾ ਵੱਖ-ਵੱਖ ਪੱਧਰਾਂ ਉੱਤੇ ਵਾਪਰਦੀ ਹੈ। ਜੰਗਾਂ ਯੁੱਧਾਂ ਵਾਲ਼ੇ ਖੇਤਰਾਂ ਵਿੱਚ ਅਬਾਦੀ ਦੇ ਉਜਾੜੇ ਜਾਂ ਮੁੜ-ਵਸੇਬੇ ਸਮੇਂ, ਘਰ, ਸੈਨਿਕ ਹਿਫਾਜ਼ਤੀ ਥਾਵਾਂ, ਸ਼ਰਨਾਰਥੀ ਕੈਂਪ, ਹਸਪਤਾਲ, ਧਾਰਮਿਕ ਸਥਾਨ ਜਾਂ ਅਜਿਹੀ ਹੋਰ ਬਹੁਤ ਸਾਰੀਆਂ ਅਜਿਹੇ ਮਾਹੌਲ ਵਿੱਚ ਅਸੁਰੱਖਿਅਤ ਹੋ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਦਰਅਸਲ ਇਹ ਵੀ ਹਿੰਸਾ ਦੇ ਹੋਰ ਰੂਪਾਂ ਜਿਵੇਂ ਕਿ ਨਸਲਕੁਸ਼ੀ, ਦਮਨ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਾਂਗ ਇੱਕ ਵੱਖਰੀ ਕਿਸਮ ਹੀ ਹੈ। ਹਿੰਸਾ ਦੇ ਇਸ ਰੂਪ ਨੂੰ ਅਕਸਰ ਅੱਤਵਾਦ ਅਤੇ ਸੰਗਠਿਤ ਹਿੰਸਕ ਅਪਰਾਧ ਆਦਿ ਸੰਬੰਧੀ ਉਕਸਾਉਣ ਲਈ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪੱਖੋਂ ਹੈਰਾਨੀਕੁੰਨ ਗੱਲ ਇਹ ਹੈ ਕਿ ਇਹ ਸਿਰਫ਼ ਕਾਬੂ ਤੋਂ ਬਾਹਰ ਦਾ ਬਲਾਤਕਾਰ ਹੀ ਨਹੀਂ ਹੁੰਦਾ, ਸਗੋਂ ਬੜੀ ਵਾਰ ਬਕਾਇਦਾ ਹੁਕਮਾਂ ਦੇ ਤਹਿਤ ਹੋਇਆ ਬਲਾਤਕਾਰ ਵੀ ਹੁੰਦਾ ਹੈ, ਜਿਸਨੂੰ ਅਕਸਰ ਸੈਨਿਕ, ਰਾਜਨੀਤਿਕ ਜਾਂ ਆਰਥਿਕ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਰਣਨੀਤਕ ਹਥਿਆਰ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ।ਇਸ ਤਰ੍ਹਾਂ ਹਥਿਆਰਬੰਦ ਸੰਘਰਸ਼ਾਂ ਦੇ ਅਜਿਹੇ ਪੀੜਤਾਂ ਦੀ ਸੁਰੱਖਿਆ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੈ ਜਿਸ ਕਾਰਨ ਇੰਟਰਨੈਸ਼ਨਲ ਕਮੇਟੀ ਆਫ਼ ਰੈੱਡ ਕਰਾਸ (ਆਈ.ਸੀ.ਆਰ.ਸੀ.) ਦੀ ਸਥਾਪਨਾ ਵੀ ਹੋਈ।
ਉਨ੍ਹਾਂ ਦੱਸਿਆ ਕਿ ਇਸ ਕਿਸਮ ਦੀ ਜਿਨਸੀ ਹਿੰਸਾ ਆਪਣੀਆਂ ਵਿਸ਼ੇਸ਼ ਚੁਣੌਤੀਆਂ ਪੇਸ਼ ਕਰਦੀ ਹੈ ਜਿਸ ਦਾ ਇੱਕ ਪੱਖ ਇਹ ਹੈ ਕਿ ਇਸ ਦੀ ਜਿ਼ਆਦਾਤਰ ਰਿਪੋਰਟਿੰਗ ਹੀ ਨਹੀਂ ਹੁੰਦੀ। ਜੇ ਰਿਪੋਰਟ ਹੋ ਵੀ ਜਾਵੇ ਤਾਂ ਆਸਾਨੀ ਨਾਲ਼ ਉਪਲਬਧ ਸਬੂਤਾਂ ਦੀ ਘਾਟ, ਫੋਰੈਂਸਿਕ ਜਾਂ ਹੋਰ ਦਸਤਾਵੇਜ਼ੀ ਸਬੂਤਾਂ ਦੀ ਘਾਟ ਜਿਹੇ ਕਾਰਕ ਨਿਆਂ ਦੇ ਰਾਹ ਦਾ ਰੋੜਾ ਬਣ ਜਾਂਦੇ ਹਨ। ਇਸ ਸਭ ਦੇ ਸਿੱਟੇ ਵਜੋਂ, ਜਿਨਸੀ ਹਿੰਸਾ ਨੂੰ ਸਿਰਫ਼ ਇੱਕ ਨਾ-ਟਾਲ਼ੇ ਜਾ ਸਕਣ ਵਾਲ਼ਾ ਸਹਿਜ ਵਰਤਾਰਾ ਸਮਝ ਕੇ ਖਾਰਜ ਕਰ ਦੇਣ ਦਾ ਰੁਝਾਨ ਹੀ ਪ੍ਰਚੱਲਿਤ ਹੈ।
ਡਾ. ਸੁਖਦਰਸ਼ਨ ਸਿੰਘ ਖਹਿਰਾ ਨੇ ਦੱਸਿਆ ਕਿ ਤਾਜ਼ਾ ਅਧਿਐਨ, ਅਜਿਹੇ ਵਰਤਾਰੇ ਦੇ ਪ੍ਰਸਾਰ ਲਈ ਜਿ਼ੰਮੇਵਾਰ ਬੁਨਿਆਦੀ ਮਾਹੌਲ ਦੀ ਨਿਸ਼ਾਨਦੇਹੀ ਕਰਨ ਦੀ ਦਿਸ਼ਾ ਵਿੱਚ ਇੱਕ ਕੋਸਿ਼ਸ਼ ਹੈ। ਇਸ ਅਧਿਐਨ ਰਾਹੀਂ ਹਥਿਆਰਬੰਦ ਯੁੱਧਾਂ ਦੌਰਾਨ ਵਾਪਰਦੀ ਜਿਨਸੀ ਹਿੰਸਾ ਅਤੇ ਇਸਦੇ ਪ੍ਰਚਲਨ ਨਾਲ਼ ਜੁੜੇ ਹਾਲਾਤ ਸੰਬੰਧੀ ਕਾਰਕਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
ਅਜਿਹੇ ਸੋਸ਼ਣ ਦਾ ਸਿ਼ਕਾਰ ਹੋਣ ਵਾਲ਼ੀਆਂ ਔਰਤਾਂ ਅਤੇ ਲੜਕੀਆਂ ਦੀਆਂ ਵਿਸ਼ੇਸ਼ ਲੋੜਾਂ ਦਾ ਮੁਲਾਂਕਣ ਕੀਤਾ ਗਿਆ ਹੈ। ਇਸੇ ਤਰ੍ਹਾਂ ਜੰਗ ਦੀਆਂ ਸਥਿਤੀਆਂ ਅਤੇ ਜੰਗ ਤੋਂ ਪੈਦਾ ਹੋਏ ਬੱਚਿਆਂ ਦੀ ਵਿਸ਼ੇਸ਼ ਸਥਿਤੀ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਅਧਿਐਨ ਜੰਗ ਨਾਲ਼ ਸਬੰਧਤ ਜਿਨਸੀ ਹਿੰਸਾ ਨਾਲ਼ ਜੁੜੇ ਵਿਸ਼ੇਸ਼ ਪ੍ਰੋਗਰਾਮਾਂ ਦੀ ਗੁੰਜਾਇਸ਼ ਅਤੇ ਪ੍ਰਭਾਵ ਸੰਬੰਧੀ ਜਾਂਚ ਕਰਨ ਦੀ ਵੀ ਇੱਕ ਕੋਸਿ਼ਸ਼ ਸੀ। ਅਧਿਐਨ ਵਿੱਚ ਇਹ ਜਾਣਨ ਦੀ ਕੋਸਿ਼ਸ਼ ਕੀਤੀ ਗਈ ਹੈ ਕਿ ਕਿਵੇਂ ਅਜਿਹੇ ਵਿਸ਼ੇਸ਼ ਪ੍ਰੋਗਰਾਮ ਯੁੱਧ ਵਿੱਚ ਸ਼ਾਮਿਲ ਲੜਾਕੂਆਂ ਨੂੰ ਅਜਿਹੇ ਵਿਅਕਤੀਆਂ ਨੂੰ ਬਖਸ਼ ਦੇਣ ਲਈ ਜਿ਼ੰਮੇਵਾਰ ਬਣਾ ਸਕਦੇ ਹਨ ਜੋ ਦੁਸ਼ਮਣੀ ਵਾਲ਼ੀਆਂ ਕਾਰਵਾਈਆਂ ਵਿੱਚ ਹਿੱਸੇਦਾਰ ਨਹੀਂ ਹੁੰਦੇ।
ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਇਸ ਖੋਜ ਲਈ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਇੱਕ ਵਿਸ਼ੇਸ਼ ਭੂਗੋਲਿਕ ਖਿੱਤੇ ਦੀਆਂ ਹੱਦਾਂ ਤੋਂ ਪਾਰ ਜਾ ਕੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਅਜਿਹਾ ਖੋਜ ਕਾਰਜ ਕਰਨਾ ਆਪਣੇ ਆਪ ਵਿੱਚ ਅਹਿਮ ਹੈ। ਅਜਿਹਾ ਹੋਣਾ ਪੰਜਾਬੀ ਯੂਨੀਵਰਸਿਟੀ ਦੀ ਮਨੁੱਖਤਾ ਸੰਬੰਧੀ ਪ੍ਰਤੀਬੱਧਤਾ ਨੂੰ ਵੀ ਦਰਸਾਉਂਦਾ ਹੈ ਅਤੇ ਅਦਾਰੇ ਦੇ ਮਾਣ ਵਿੱਚ ਵਾਧਾ ਵੀ ਕਰਦਾ ਹੈ।