ਚੰਡੀਗੜ੍ਹ, 23 ਜਨਵਰੀ 2024 – 1993 ਦੇ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਜੇਲ੍ਹ ਤੋਂ ਸਮੇਂ ਤੋਂ ਪਹਿਲਾਂ ਰਿਹਾਈ ਰੱਦ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ (ਐਸਆਰਬੀ) ਦੀ 21 ਦਸੰਬਰ, 2023 ਨੂੰ ਹੋਈ ਮੀਟਿੰਗ ਦੀਆਂ ਸਿਫਾਰਸ਼ਾਂ ਸੋਮਵਾਰ ਨੂੰ ਜੇਲ੍ਹ ਵਿਭਾਗ ਦੀ ਵੈੱਬਸਾਈਟ ‘ਤੇ ਅਪਲੋਡ ਕੀਤੀਆਂ ਗਈਆਂ। ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਨੇ 19 ਜਨਵਰੀ ਨੂੰ ਇਸ ਬਾਰੇ ਜੇਲ੍ਹ ਅਤੇ ਹੋਰ ਅਧਿਕਾਰੀਆਂ ਨੂੰ ਪੱਤਰ ਵੀ ਭੇਜੇ ਸਨ। ਜ਼ਿਕਰਯੋਗ ਹੈ ਕਿ 46 ਮਾਮਲਿਆਂ ‘ਤੇ ਵਿਚਾਰ ਕਰਨ ਤੋਂ ਬਾਅਦ, ਬੋਰਡ ਨੇ ਸਿਰਫ਼ 14 ਕੈਦੀਆਂ ਨੂੰ ਰਿਹਾਅ ਕਰਨ ਦੀ ਸਿਫਾਰਸ਼ ਕੀਤੀ। ਭੁੱਲਰ ਦਾ ਨਾਮ ਰੱਦ ਕੀਤੀਆਂ ਗਈਆਂ ਪਟੀਸ਼ਨਾਂ ਦੀ ਸੂਚੀ ਵਿਚ ਆਇਆ ਸੀ।
ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਜੇਲ੍ਹ ਤੋਂ ਰਿਹਾਈ ਰੱਦ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ‘ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ।
ਜਿਸ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਅਚਨਚੇਤੀ ਰਿਹਾਈ ਦੀ ਅਪੀਲ ਨੂੰ ਰੱਦ ਕਰਨ ਲਈ ਟੀਮ ਬਣਾ ਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੋਵਾਂ ਨੇ ਸਿੱਖ ਸੰਗਤ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ ਹੈ।
ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਪ੍ਰੋ: ਭੁੱਲਰ ਦੀ ਸਿਹਤ ਖ਼ਰਾਬ ਹਾਲਤ ਦੇ ਬਾਵਜੂਦ 29 ਸਾਲਾਂ ਤੋਂ ਜੇਲ੍ਹ ਵਿੱਚ ਰੱਖ ਕੇ ਜਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਉਸ ਦੀ ਉਹ ਨਿਖੇਧੀ ਕਰਦੇ ਹਨ ਅਤੇ ਪੰਥ ਨੂੰ ਇਸ ਕੇਸ ਵਿੱਚ ਇਨਸਾਫ਼ ਦਿਵਾਉਣ ਲਈ ਇੱਕਜੁੱਟ ਹੋ ਕੇ ਸਾਂਝੀ ਰਣਨੀਤੀ ਬਣਾਉਣ ਦੀ ਅਪੀਲ ਕਰਦੇ ਹਨ।
ਉਥੇ ਹੀ ਉਸ ਬਾਰੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਇਸ ਬਾਰੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਵੱਲੋਂ ਇਕ ਵਾਰ ਫਿਰ ਤੋਂ ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਤਜਵੀਜ਼ ਰੱਦ ਕਰ ਦੇਣਾ ਬੇਹੱਦ ਮੰਦਭਾਗਾ ਹੈ।
ਪ੍ਰੋ. ਭੁੱਲਰ 29 ਸਾਲਾਂ ਤੋਂ ਜੇਲ੍ਹ ਵਿਚ ਬੰਦ ਹਨ ਤੇ ਸਰੀਰਕ ਤੇ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ ਪਰ ਫਿਰ ਵੀ ਕੇਜਰੀਵਾਲ ਸਰਕਾਰ ਉਹਨਾਂ ਨੂੰ ਰਿਹਾਅ ਕਰਨ ਲਈ ਰਾਜ਼ੀ ਨਹੀਂ।
- ਕੀ ਭਗਵੰਤ ਮਾਨ ਸਾਬ ਆਪਣੇ ਆਕਾ ਤੋਂ ਪੁੱਛਣਗੇ ਕਿ ਜੋ ਵਿਅਕਤੀ ਇੰਨਾ ਬਿਮਾਰ ਹੈ, ਉਸ ਤੋਂ ਕਿਸ ਗੱਲ ਦਾ ਖ਼ਤਰਾ ਹੈ ?
- ਅਖੌਤੀ ਪੰਥਕ ਲੋਕ ਹਮੇਸ਼ਾ ਅਕਾਲੀ ਦਲ ਦਾ ਵਿਰੋਧ ਕਰਦੇ ਰਹਿੰਦੇ ਹਨ, ਕੀ ਉਹ ਇਸ ਮਾਮਲੇ ’ਤੇ ਆਪਣੀ ਚੁੱਪੀ ਤੋੜਨਗੇ ?
- ਪ੍ਰੋ. ਭੁੱਲਰ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ।