ਮੁਕਤਸਰ, 24 ਜਨਵਰੀ 2024 – ਮੁਕਤਸਰ ‘ਚ ਮੰਗਲਵਾਰ ਦੇਰ ਸ਼ਾਮ ਹੋਏ ਸੜਕ ਹਾਦਸੇ ‘ਚ ਤਿੰਨ ਨੌਜਵਾਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਤਿੰਨੋਂ ਮਜ਼ਦੂਰ ਕੰਮ ਕਰਕੇ ਘਰ ਪਰਤ ਰਹੇ ਸਨ। ਜਿਵੇਂ ਹੀ ਉਹ ਆਪਣੇ ਘਰ ਨੇੜੇ ਪਹੁੰਚੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ‘ਚ ਦੋ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਨੇ ਹਸਪਤਾਲ ‘ਚ ਦਮ ਤੋੜ ਦਿੱਤਾ।
ਥਾਣਾ ਸਦਰ ਮੁਕਤਸਰ ਦੀ ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਹਾਦਸੇ ਵਿੱਚ ਭੁਪਿੰਦਰ ਸਿੰਘ (18), ਇਕਬਾਲ ਸਿੰਘ (19) ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਜ਼ਖਮੀ ਹਰਵਿੰਦਰ ਸਿੰਘ (18) ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਕੁਝ ਸਮੇਂ ਬਾਅਦ ਉਸ ਦੀ ਵੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੇ ਪਿਤਾ ਹਰਵਿੰਦਰ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਹਰਵਿੰਦਰ ਸਿੰਘ ਦੇ ਪਿਤਾ ਭੋਲਾ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸ ਦੇ ਦੋ ਪੁੱਤਰ ਹਨ। ਵੱਡਾ ਪੁੱਤਰ ਹਰਵਿੰਦਰ ਸਿੰਘ ਅਤੇ ਛੋਟਾ ਸੁਖਵਿੰਦਰ ਸਿੰਘ ਹਨ। ਜਦੋਂ ਉਹ ਸ਼ਾਮ 7 ਵਜੇ ਦੇ ਕਰੀਬ ਕੰਮ ਤੋਂ ਬਾਅਦ ਘਰ ਪਹੁੰਚਿਆ ਤਾਂ ਮੇਰੇ ਭਰਾ ਬੱਗਾ ਸਿੰਘ ਨੇ ਦੱਸਿਆ ਕਿ ਹਰਵਿੰਦਰ ਅਤੇ ਭੁਪਿੰਦਰ ਸਿੰਘ ਮਿਹਨਤ ਮਜ਼ਦੂਰੀ ਕਰਕੇ ਆਪਣੇ ਮੋਟਰਸਾਈਕਲ ‘ਤੇ ਮੁਕਤਸਰ ਤੋਂ ਵਾਪਸ ਪਿੰਡ ਨੂੰ ਜਾ ਰਹੇ ਸਨ ਅਤੇ ਜਦੋਂ ਉਹ ਘਰ ਨੇੜੇ ਪਹੁੰਚੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਹਨਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ।