ਅਕਾਲੀ ਦਲ ਨੇ ਪੰਜਾਬ ਦੇ ਇੱਕ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਰਾਜਪਾਲ ਨੂੰ ਦਿੱਤੀ

  • ਰਾਜਪਾਲ ਮਾਮਲੇ ਦੀ ਕੇਂਦਰੀ ਏਜੰਸੀ ਕੋਲੋਂ ਨਿਰਪੱਖ ਜਾਂਚ ਦੇ ਹੁਕਮ ਦੇਣ ਤੇ ਮੰਤਰੀ ਬਲਕਾਰ ਸਿੰਘ ਨੂੰ ਵਜ਼ਾਰਤ ਵਿਚੋਂ ਬਰਖ਼ਾਸਤ ਕੀਤਾ ਜਾਵੇ: ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ
  • ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਕਿ ਅਪਰਾਧੀ ਗਤੀਵਿਧੀਆਂ ਵਿਚ ਸ਼ਾਮਲ ਸਾਰੇ ਮੰਤਰੀਆਂ ਨੂੰ ਗਣਤੰਤਰ ਦਿਵਸ ਮੌਕੇ ਕੌਮੀ ਤਿਰੰਗਾ ਲਹਿਰਾਉਣ ਤੋਂ ਰੋਕਿਆ ਜਾਵੇ

ਚੰਡੀਗੜ੍ਹ, 24 ਜਨਵਰੀ 2024: ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫਦ ਨੇ ਅੱਜ ਸਥਾਨਕ ਸਰਕਾਰ ਮੰਤਰੀ ਬਲਕਾਰ ਸਿੰਘ ਦੀ ਇਤਰਾਜ਼ਯੋਗ ਵੀਡੀਓ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪੀ ਅਤੇ ਉਹਨਾਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਕਿਸੇ ਕੇਂਦਰੀ ਏਜੰਸੀ ਕੋਲੋਂ ਜਾਂਚ ਦੇ ਹੁਕਮ ਦਿੱਤੇ ਜਾਣ ਅਤੇ ਬਲਕਾਰ ਸਿੰਘ ਨੂੰ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕੀਤਾ ਜਾਵੇ।

ਵਫਦ ਨੇ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਕਿ ਬਲਕਾਰ ਸਿੰਘ ਅਤੇ ਆਪ ਦੇ ਹੋਰ ਮੰਤਰੀ ਜੋ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹਨ, ਉਹਨਾਂ ਨੂੰ ਗਣਤੰਤਰ ਦਿਵਸ ਮੌਕੇ ਕੌਮੀ ਤਿਰੰਗਾ ਲਹਿਰਾਉਣ ਤੋਂ ਰੋਕਿਆ ਜਾਵੇ।

ਵਫਦ ਵਿਚ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਤੇ ਡਾ. ਦਲਜੀਤ ਸਿੰਘ ਸ਼ਾਮਲ ਸਨ। ਵਫਦ ਨੇ ਰਾਜਪਾਲ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਉਹਨਾਂ ਨੂੰ ਦੱਸਿਆਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਮੰਤਰੀ ਦੀ ਮਦਦ ਕਰ ਰਹੇ ਹਨ ਤੇ ਕੇਸ ਵਿਚ ਨਿਆਂ ਦੀ ਉਹਨਾਂ ਤੋਂ ਆਸ ਨਹੀਂ ਕੀਤੀ ਜਾ ਸਕਦੀ।

ਵਫਦ ਨੇ ਰਾਜਪਾਲ ਨੂੰ ਇਹ ਵੀ ਦੱਸਿਆ ਕਿ ਪੀੜਤ ਨੂੰ ਡਰਾਇਆ ਧਮਕਾਇਆ ਗਿਆ ਹੈ ਅਤੇ ਦਬਾਅ ਬਣਾਇਆ ਗਿਆ ਹੈ ਕਿ ਉਹ ਮੰਤਰੀ ਖਿਲਾਫ ਸ਼ਿਕਾਇਤ ਲਈ ਅੱਗੇ ਨਾ ਆਵੇ। ਵਫਦ ਨੇ ਕਿਹਾ ਕਿ ਨਿਰਪੱਖ ਜਾਂਚ ਦੇ ਨਾਲ ਮੰਤਰੀ ਦੀ ਬਰਖ਼ਾਸਤਗੀ ਹੀ ਮਾਮਲੇ ਦਾ ਸੱਚ ਸਾਹਮਣੇ ਲਿਆਉਣ ਦਾ ਸਬੱਬ ਬਣ ਸਕਦੀ ਹੈ।

ਅਕਾਲੀ ਆਗੂਆਂ ਨੇ ਰਾਜਪਾਲ ਨੂੰ ਇਹ ਦੱਸਿਆ ਕਿ ਕਿਸ ਤਰੀਕੇ ਪੁਲਿਸ ਨੇ ਹਾਲ ਹੀ ਵਿਚ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਕੈਨੇਡਾ ਵਿਚ ਕਲੀਨ ਚਿੱਟ ਦਿੱਤੀ ਹੈ ਤਾਂ ਜੋ ਉਸਨੂੰ ਡਿਪੋਰਟ ਹੋਣ ਤੋਂ ਬਚਾਇਆ ਜਾ ਸਕੇ। ਉਹਨਾਂ ਦੱਸਿਆ ਕਿ ਸੰਦੋਆ ਕੈਨੇਡਾ ਵਿਚ ਆਪ ਆਗੂ ਹਿੰਮਤ ਸਿੰਘ ਸ਼ੇਰਗਿੱਲ ਦੇ ਵਿਆਹ ਵਿਚ ਸ਼ਾਮਲ ਹੋਣ ਗਏ ਸਨ ਜਿਹਨਾਂ ਨੂੰ ਕੈਨੇਡਾ ਪੁਲਿਸ ਨੇ ਉਹਨਾਂ ਖਿਲਾਫ ਦਾਇਰ ਬਦਫੈਲੀ ਕਰਨ ਦੀ ਸ਼ਿਕਾਇਤ ਦੇ ਮਾਮਲੇ ਵਿਚ ਪੁੱਛ-ਗਿੱਛ ਲਈ ਰੋਕ ਲਿਆ ਸੀ। ਇਸ ਮਗਰੋਂ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਪੁਲਿਸ ਤੋਂ ਕਲੀਅਰੰਸ ਸਰਟੀਫਿਕੇਟ ਲੈਣ ਵਿਚ ਉਸਦੀ ਮਦਦ ਕੀਤੀ ਤਾਂ ਜੋ ਸੰਦੇਆ ਨੂੰ ਕੈਨੇਡਾ ਵਿਚ ਦਾਖਲਾ ਮਿਲ ਸਕੇ ਪਰ ਇਸ ਸਭ ਨੇ ਪੰਜਾਬ ਬਾਰੇ ਇਹ ਗਲਤ ਸੰਦੇਸ਼ ਦਿੱਤਾ ਹੈ ਵਿਸ਼ਵ ਭਰ ਵਿਚ ਇਥੇ ਦੇ ਸਿਸਟਮ ਬਾਰੇ ਮਾਣ ਸਤਿਕਾਰ ਘਟਿਆ ਹੈ। ਉਹਨਾਂ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਇਸ ਕੇਸ ਵਿਚ ਵੀ ਕਾਰਵਾਈ ਕੀਤੀ ਜਾਵੇ ਅਤੇ ਜਿਹਨਾਂ ਨੇ ਸੰਦੋਆ ਨੂੰ ਪੁਲਿਸ ਕਲੀਅਰੰਸ ਸਰਟੀਫਿਕੇਟ ਜਾਰੀ ਕੀਤਾ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਕਲੀਅੰਰਸ ਸਰਟੀਫਿਕੇਟ ਵਾਪਸ ਲਿਆ ਜਾਵੇ।

ਸਰਦਾਰ ਮਜੀਠੀਆ ਤੇ ਡਾ. ਚੀਮਾ ਨੇ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਮੰਤਰੀਆਂ ਲਾਲ ਚੰਦ ਕਟਾਰੂਚੱਕ ਅਤੇ ਅਮਨ ਅਰੋੜਾ ਨੂੰ ਗਣਤੰਤਰ ਦਿਵਸ ’ਤੇ ਤਿਰੰਗਾ ਲਹਿਰਾਉਣ ਤੋਂ ਰੋਕਣ। ਉਹਨਾਂ ਕਿਹਾ ਕਿ ਕਟਾਰੂਚੱਕ ’ਤੇ ਬਦਫੈਲੀ ਕਰਨ ਦਾ ਦੋਸ਼ ਹੈ ਤੇ ਮੁੱਖ ਮੰਤਰੀ ਦੇ ਕਹਿਣ ’ਤੇ ਰਾਜ ਦੀ ਪੁਲਿਸ ਨੇ ਕੇਸ ਦਬਾ ਦਿੱਤਾ ਹੈ। ਅਜਿਹੇ ਘਿਨੌਣੇ ਅਪਰਾਧ ਵਿਚ ਸ਼ਾਮਲ ਵਿਅਕਤੀ ਨੂੰ ਅਜਿਹੇ ਸਰਕਾਰੀ ਸਮਾਗਮਾਂ ਤੋਂ ਦੂਰ ਰੱਖਿਆ ਜਾਵੇ ਜਿਥੇ ਮੁੱਖ ਮਹਿਮਾਨਾਂ ਨੂੰ ਰੋਲ ਮਾਡਲ ਵਜੋਂ ਵੇਖਿਆ ਜਾਂਦਾ ਹ। ਉਹਨਾਂ ਕਿਹਾ ਕਿ ਅਮਨ ਅਰੋੜਾ ਨੂੰ ਦੋ ਸਾਲ ਦੀ ਸਜ਼ਾ ਹੋਈ ਹੈ ਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਉਹਨਾਂ ਨੂੰ ਤੁਰੰਤ ਬਰਖ਼ਾਸਤ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ 26 ਜਨਵਰੀ ਨੂੰ ਕੌਮੀ ਤਿਰੰਗਾ ਲਹਿਰਾਉਣ ਨਹੀਂ ਦੇਣਾ ਚਾਹੀਦਾ।

ਬਾਅਦ ਵਿਚ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਮਜੀਠੀਆ ਨੇ ਮੰਤਰੀ ਬਲਕਾਰ ਸਿੰਘ ਦੀ ਗੱਲ ਕਰਦਿਆਂ ਦੱਸਿਆ ਕਿ ਉਹਨਾਂ ਨੇ ਤਿੰਨ ਮਹੀਨੇ ਪਹਿਲਾਂ ਮੁੱਖ ਮੰਤਰੀ ਨੂੰ ਦੱਸਿਆ ਸੀ ਕਿ ਉਹਨਾਂ ਕੋਲ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਹੈ ਜੋ ਉਹ ਉਹਨਾਂ ਨੂੰ ਸੌਂਪਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਚਲਦੀ ਪ੍ਰੈਸ ਕਾਨਫਰੰਸ ਦੌਰਾਨ ਹੀ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਫੋਨ ਵੀ ਕੀਤਾ ਸੀ ਤੇ ਉਹਨਾਂ ਨੂੰ ਕਿਹਾ ਗਿਆ ਕਿ ਮੁੱਖ ਮੰਤਰੀ ਨਾਲ ਗੱਲ ਕਰਵਾਉਂਦੇ ਹਨ ਪਰ ਗੱਲ ਨਹੀਂ ਕਰਵਾਈ ਗਈ। ਉਹਨਾਂ ਕਿਹਾ ਕਿ ਇਸ ਮਗਰੋਂ ਬਜਾਏ ਬਲਕਾਰ ਸਿੰਘ ਖਿਲਾਫ ਕਾਰਵਾਈ ਕਰਨ ਦੇ ਉਹਨਾਂ ਖਿਲਾਫ ਬਦਲਾਖੋਰੀ ਦੀ ਕਾਰਵਾਈ ਸ਼ੁਰੂ ਹੋ ਗਈ ਤੇ ਜਦੋਂ ਇਸ ਵਿਚ ਵੀ ਉਹ ਸਫਲ ਨਾ ਹੋਏ ਤਾਂ ਉਹਨਾਂ ਨੂੰ ਆਖਿਆ ਗਿਆ ਕਿ ਮੁਲਜ਼ਮ ਆਪਣੇ ਗੁਨਾਹ ਲਈ ਮੁਆਫੀ ਮੰਗ ਲਵੇਗਾ।

ਸਰਦਾਰ ਮਜੀਠੀਆ ਨੇ ਕਿਹਾ ਕਿ ਉਹ ਤਾਂ ਜਨਤਕ ਹਿੱਤਾਂ ਵਾਸਤੇ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਇਕ ਨੈਤਿਕਤਾ ਦਾ ਮਾਮਲਾ ਹੈ। ਮੁਲਜ਼ਮ ਨੂੰ ਅਜਿਹੇ ਘਿਨੌਣੇ ਅਪਰਾਧ ਕਰਨ ਮਗਰੋਂ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ।

ਇਸ ਤੋਂ ਪਹਿਲਾਂ ਕਟਾਰੂਚੱਕ ਵੱਲੋਂ ਕੀਤੀ ਬਦਫੈਲੀ ਦੇ ਮਾਮਲੇ ਵਿਚ ਐਸ ਆਈ ਟੀ ਗਠਿਤ ਕੀਤੀ ਗਈ ਸੀ ਜਿਸਨੇ ਮੰਤਰੀ ਨੂੰ ਇਹ ਕਹਿੰਦਿਆਂ ਕਲੀਨ ਚਿੱਟ ਦੇ ਦਿੱਤੀ ਕਿ ਸ਼ਿਕਾਇਤ ਵਾਪਸ ਲੈ ਲਈ ਗਈ ਹੈ। ਉਹਨਾਂ ਕਿਹਾ ਕਿ ਹੁਣ ਵੀ ਇਹੋ ਕੁਝ ਕੀਤਾ ਜਾ ਸਕਦਾ ਹੈ ਤੇ ਇਸੇ ਲਈ ਉਹਨਾਂ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਬਲਕਾਰ ਸਿੰਘ ਨੇ ਆਪਣੇ ਆਪ ਨੂੰ ਅਪੰਗ ਵਿਖਾ ਕੇ ਆਪਣੇ ਪੁੱਤਰ ਲਈ ਇੰਸਪੈਕਟਰ ਦੀ ਨੌਕਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ’ਤੇ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਪੁਲੀਸ ਵੱਲੋਂ ਆਪਣੀ ਕਿਸਮ ਦੀ ਪਹਿਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਲੈਬ ਕੀਤੀ ਜਾਵੇਗੀ ਸਥਾਪਿਤ

ਵਿਜੀਲੈਂਸ ਵੱਲੋਂ ਏ.ਆਈ.ਜੀ. ਮਾਲਵਿੰਦਰ ਸਿੱਧੂ ਦਾ ਸਾਥੀ ਗ੍ਰਿਫ਼ਤਾਰ