ਅੰਮ੍ਰਿਤਸਰ, 28 ਜਨਵਰੀ 2024 – ਕਸਟਮ ਵਿਭਾਗ ਨੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਇਕ ਯਾਤਰੀ ਕੋਲੋਂ 25 ਲੱਖ ਰੁਪਏ ਦੀਆਂ ਸੋਨੇ ਦੀਆਂ ਚੂੜੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮ ਇਹ ਚੂੜੀਆਂ ਆਪਣੀ ਕਮੀਜ਼ ਦੀਆਂ ਬਾਹਾਂ ਵਿੱਚ ਲੁਕਾ ਕੇ ਦੁਬਈ ਤੋਂ ਲਿਆਇਆ ਸੀ। ਉਸ ਤੋਂ ਪੁੱਛਗਿੱਛ ਜਾਰੀ ਹੈ।
ਏਅਰ ਇੰਡੀਆ ਦੀ ਉਡਾਣ IX192, ਜੋ ਦੁਬਈ ਤੋਂ ਆਈ ਸੀ, ਸ਼ਨੀਵਾਰ ਦੁਪਹਿਰ ਨੂੰ ਹਵਾਈ ਅੱਡੇ ‘ਤੇ ਉਤਰੀ। ਇਸ ‘ਚ ਸ਼ੱਕ ਦੇ ਆਧਾਰ ‘ਤੇ ਇਕ ਯਾਤਰੀ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਉਸ ਕੋਲੋਂ ਸੋਨੇ ਦੀਆਂ 4 ਚੂੜੀਆਂ ਬਰਾਮਦ ਹੋਈਆਂ। ਇਹ 24 ਕੈਰੇਟ ਦੀਆਂ ਚੂੜੀਆਂ ਉਸ ਦੀ ਕਮੀਜ਼ ਦੀਆਂ ਬਾਹਾਂ ਵਿੱਚ ਲੁਕਾਈਆਂ ਹੋਈਆਂ ਸਨ।
ਚਾਰੇ ਚੂੜੀਆਂ ਦਾ ਭਾਰ 400 ਗ੍ਰਾਮ ਹੈ। ਉਸ ਦੀ ਬਾਜ਼ਾਰੀ ਕੀਮਤ ਲਗਭਗ 25 ਲੱਖ 40 ਹਜ਼ਾਰ ਰੁਪਏ ਹੈ। ਇਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਸਟਮ ਏ.ਆਈ.ਯੂ ਸਟਾਫ਼ ਵੱਲੋਂ ਜ਼ਬਤ ਕੀਤਾ ਗਿਆ ਹੈ। ਜਾਂਚ ਜਾਰੀ ਹੈ। ਜੇਕਰ ਯਾਤਰੀ ਸਹੀ ਦਸਤਾਵੇਜ਼ ਦਿਖਾਉਂਦੇ ਹਨ ਤਾਂ ਇਹ ਚੂੜੀਆਂ ਉਸ ਨੂੰ ਵਾਪਸ ਕਰ ਦਿੱਤੀਆਂ ਜਾਣਗੀਆਂ। ਨਹੀਂ ਤਾਂ ਕਸਟਮ ਉਨ੍ਹਾਂ ਨੂੰ ਹਿਰਾਸਤ ਵਿੱਚ ਰੱਖੇਗਾ।
ਦੁਬਈ ਤੋਂ ਆਉਣ ਵਾਲੀਆਂ ਫਲਾਈਟਾਂ ਵਿੱਚ ਅਕਸਰ ਸੋਨੇ ਦੇ ਗਹਿਣੇ ਲੁਕੋ ਕੇ ਲਿਆਂਦੇ ਜਾਂਦੇ ਹਨ। ਕਸਟਮ ਵਿਭਾਗ ਇਨ੍ਹਾਂ ਨੂੰ ਫੜਦਾ ਰਹਿੰਦਾ ਹੈ। ਇਸ ਤੋਂ ਪਹਿਲਾਂ 4 ਜਨਵਰੀ ਨੂੰ ਸ਼ਾਰਜਾਹ ਦੀ ਫਲਾਈਟ ਤੋਂ 1499.50 ਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਸੀ। ਇਸ ਦੇ ਨਾਲ ਹੀ 31 ਦਸੰਬਰ ਨੂੰ ਸ਼ਾਰਜਹਾਨ ਫਲਾਈਟ ਦੇ ਇਕ ਯਾਤਰੀ ਕੋਲੋਂ ਪੇਸਟ ਦੇ ਰੂਪ ‘ਚ ਲਿਆਂਦੇ ਗਏ 33 ਲੱਖ ਰੁਪਏ ਦਾ ਸੋਨਾ ਬਰਾਮਦ ਹੋਇਆ ਸੀ।