- ਕਾਰ ਵਿੱਚ ਸਵਾਰ ਦੋ ਨੌਜਵਾਨ ਪੀ ਰਹੇ ਸੀ ਸ਼ਰਾਬ
ਜਲੰਧਰ, 30 ਜਨਵਰੀ 2024 – ਜਲੰਧਰ ‘ਚ ਦੇਰ ਰਾਤ ਲਕਸ਼ਮੀਪੁਰਾ ਨੇੜੇ ਇਕ ਸ਼ਰਾਬੀ ਡਰਾਈਵਰ ਨੇ ਆਪਣੀ ਕਾਰ ਬਿਜਲੀ ਦੇ ਖੰਭੇ ‘ਚ ਮਾਰ ਦਿੱਤੀ। ਜਿਸ ਤੋਂ ਬਾਅਦ ਸ਼ਰਾਬੀ ਡਰਾਈਵਰ ਉਥੋਂ ਭੱਜ ਗਿਆ। ਟੱਕਰ ਤੋਂ ਬਾਅਦ ਬਿਜਲੀ ਦਾ ਖੰਭਾ ਟੁੱਟ ਗਿਆ ਤਾਂ ਇਲਾਕੇ ਦੇ ਕਈ ਘਰਾਂ ਦੀ ਬਿਜਲੀ ਬੰਦ ਹੋ ਗਈ। ਰਾਤ ਸਮੇਂ ਇਲਾਕੇ ਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਉਨ੍ਹਾਂ ਵੱਲੋਂ ਹੰਗਾਮਾ ਕੀਤਾ ਗਿਆ। ਪੁਲੀਸ ਅਤੇ ਪਾਵਰਕੌਮ ਨੂੰ ਸੂਚਿਤ ਕੀਤਾ ਗਿਆ। ਕਾਰ ਕਿਸ਼ਨਪੁਰਾ ਤੋਂ ਸ਼੍ਰੀ ਦੇਵੀ ਤਾਲਾਬ ਮੰਦਰ ਵੱਲ ਜਾ ਰਹੀ ਸੀ।
ਲਕਸ਼ਮੀਪੁਰਾ ਦੇ ਵਾਸੀ ਨੇ ਦੱਸਿਆ ਕਿ ਰਾਤ ਕਰੀਬ 11.30 ਵਜੇ ਇਲਾਕੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਅਤੇ ਬਿਜਲੀ ਚਲੀ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰਾ ਪਰਿਵਾਰ ਜਾਗ ਗਿਆ। ਜਦੋਂ ਅਸੀਂ ਬਾਹਰ ਮੁਹੱਲੇ ਵਿੱਚ ਆਏ ਤਾਂ ਸਾਰਾ ਇਲਾਕਾ ਇਕੱਠਾ ਹੋ ਗਿਆ ਸੀ। ਪਤਾ ਲੱਗਾ ਹੈ ਕਿ ਇੱਕ ਸ਼ਰਾਬੀ ਨੌਜਵਾਨ ਨੇ ਆਪਣੀ ਕਾਰ ਨਾਲ ਟੱਕਰ ਮਾਰ ਕੇ ਉਸ ਦੇ ਘਰ ਨੇੜੇ ਖੰਭਾ ਤੋੜ ਦਿੱਤਾ ਸੀ।
ਲੋਕਾਂ ਨੇ ਦੱਸਿਆ ਕਿ ਕਾਰ ਇੱਕ ਖੰਭੇ ਨਾਲ ਟਕਰਾ ਗਈ ਸੀ। ਕਾਰ ਦੇ ਬਾਹਰ ਸ਼ਰਾਬ ਦੀਆਂ ਕੁਝ ਬੋਤਲਾਂ ਪਈਆਂ ਸਨ। ਅਨਮੋਲ ਨੇ ਦੱਸਿਆ ਕਿ ਕਾਰ ਵਿੱਚ ਕੁੱਲ ਦੋ ਵਿਅਕਤੀ ਸਵਾਰ ਸਨ। ਕਾਰ ‘ਚ ਸਵਾਰ ਇਕ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਜਦੋਂ ਦੋਵੇਂ ਨੌਜਵਾਨ ਕਾਰ ‘ਚੋਂ ਬਾਹਰ ਨਿਕਲੇ ਤਾਂ ਉਹ ਸ਼ਰਾਬ ਦੇ ਨਸ਼ੇ ‘ਚ ਸਨ। ਦੱਸ ਦਈਏ ਕਿ ਇਸ ਘਟਨਾ ‘ਚ ਇਲਾਕਾ ਨਿਵਾਸੀਆਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਕਿਉਂਕਿ ਹਾਦਸੇ ਤੋਂ ਬਾਅਦ ਬਿਜਲੀ ਦਾ ਖੰਭਾ ਟੁੱਟ ਕੇ ਇਕ ਵਿਅਕਤੀ ਦੇ ਘਰ ‘ਤੇ ਡਿੱਗ ਗਿਆ ਹੈ।
ਇਲਾਕਾ ਨਿਵਾਸੀਆਂ ਵੱਲੋਂ ਮਾਮਲੇ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਰਾਤ ਕਰੀਬ 12.30 ਵਜੇ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਜਾਂਚ ਲਈ ਉਥੇ ਪਹੁੰਚੀ। ਪੁਲੀਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਸ ਦੌਰਾਨ ਅੱਜ ਕਾਰ ਦੇ ਮਾਲਕ ਨੂੰ ਥਾਣੇ ਬੁਲਾਇਆ ਗਿਆ ਹੈ। ਇਲਾਕੇ ਦੀ ਬਿਜਲੀ ਪੂਰੀ ਰਾਤ ਬੰਦ ਰਹੀ, ਜਿਸ ਨੂੰ ਅੱਜ ਪਾਵਰਕਾਮ ਮੁਲਾਜ਼ਮਾਂ ਵੱਲੋਂ ਠੀਕ ਕੀਤਾ ਜਾਵੇਗਾ।