- ਪੰਜਾਬ ਭਾਜਪਾ ਦੇ ਆਗੂ ਇਕ ਭਰਾ ਸਿੱਖ ਨੂੰ ਦੂਜੇ ਭਰਾ ਹਿੰਦੂ ਖਿਲਾਫ ਲੜਵਾ ਕੇ ਖਤਰਨਾਕ ਖੇਡ ਖੇਡ ਰਹੇ ਹਨ : ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
- ਕਿਹਾ ਕਿ ਭਾਜਪਾ ਦੀ ਅੰਮ੍ਰਿਤਸਰ ਇਕਾਈ ਦੇ ਸਥਾਨਕ ਆਗੂਆਂ ਨੂੰ ਆਖਿਆ ਕਿ ਜੇਕਰ ਉਹ ਸਚਮੁੱਚ ਪੰਜਾਬੀਆਂ ਦੀ ਭਲਾਈ ਵਿਚ ਦਿਲਚਸਪੀ ਰੱਖਦੇ ਹਨ ਤਾਂ ਫਿਰ ਉਹ ਅਕਾਲੀ ਦਲ ਪ੍ਰਧਾਨ ’ਤੇ ਹਮਲਾ ਕਰਨ ਨਾਲੋਂ ਕੇਂਦਰ ਨਾਲ ਮੱਥਾ ਮਾਰਨ।
ਚੰਡੀਗੜ੍ਹ, 17 ਦਸੰਬਰ 2020 – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੂੰ ਆਖਿਆ ਕਿ ਉਹ ਆਪਣੀ ਹਾਈ ਕਮਾਂਡ ਨੂੰ ਪੁੱਛੇ ਕਿ ਉਸਨੇ ਅਟਲ ਬਿਹਾਰੀ ਵਾਜਪਾਈ ਦੇ ਮੂਲ ਸਿਧਾਂਤ ਕਿਉਂ ਛੱਡ ਦਿੱਤੇ ਅਤੇ ਅਕਾਲੀ ਦਲ ਦੇ ਮਾਮਲੇ ਵਿਚ ਨਫਰਤ ਭਰੀ ਰਾਜਨੀਤੀ ਕਰ ਕੇ ਗਠਜੋੜ ਧਰਮ ਕਿਉਂ ਨਹੀਂ ਨਿਭਾਇਆ ਅਤੇ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਖਰਾਬ ਕਰਨ ਵਾਸਤੇ ਨਫਰਤ ਭਰੀ ਰਾਜਨੀਤੀ ਕੀਤੀ।
ਅੰਮ੍ਰਿਤਸਰ ਆਧਾਰਿਤ ਕੁਝ ਭਾਜਪਾ ਆਗੂਆਂ, ਜੋ ਕਿ ਉਸਨੂੰ ਸੌਂਪੀ ਗਈ ਪਟਕਥਾ ਅਨੁਸਾਰ ਹੀ ਬਿਆਨਬਾਜ਼ੀ ਕਰ ਰਹੇ ਹਨ, ’ਤੇ ਵਰ੍ਹਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੁਮਾਜਰਾ ਨੇ ਆਖਿਆ ਕਿ ਅਜਿਹਾ ਜਾਪਦਾ ਹੈ ਕਿ ਪੰਜਾਬ ਭਾਜਪਾ ਨੇ ਕਾਂਗਰਸ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾ ਲਈ ਹੈ ਜਿਸਦਾ ਸੂਬੇ ’ਤੇ ਬਹੁਤ ਮਾਰੂ ਅਸਰ ਪੈ ਸਕਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਖੇਡੀ ਜਾ ਰਹੀ ਖਤਰਨਾਕ ਖੇਡ ਨੁੰ ਸਮਝਣ ਜਿਸ ਤਹਿਤ ਭਾਜਪਾ ਦੇ ਸੂਬਾਈ ਆਗੂ ਸੂਬੇ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਹ ਆਗੂ ਇਕ ਭਰਾ ਨੂੰ ਦੂਜੇ ਭਰਾ ਖਿਲਾਫ ਲੜਵਾਉਣਾ ਚਾਹੁੰਦੇ ਹਨ ਅਤੇ ਇਹਨਾਂ ਦਾ ਮਕਸਦ ਪਕੜ ਬਣਾਉਣਾ ਹੈ ਕਿਉਂਕਿ ਇਹਨਾਂ ਨੁੰ ਲੋਕਾਂ ਨੇ ਤਿੰਨ ਖੇਤੀ ਕਾਨੂੰਨਾਂ ਦੇ ਬਣਨ ਮਗਰੋਂ ਠੁਕਰਾ ਦਿੱਤਾ ਹੈ।
ਸਥਾਨਕ ਆਗੂਆਂ ਨੂੰ ਕੇਂਦਰ ਖਿਲਾਫ ਡਟਣ ਦਾ ਸੱਦਾ ਦਿੰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਤੁਸੀਂ ਆਪਣੀ ਪਾਰਟੀ ਦੀ ਲੀਡਰਸ਼ਿਪ ਨੂੰ ਪੁੱਛੋ ਕਿ ਉਸਨੇ ਅਟਲ ਬਿਹਾਰੀ ਵਾਜਪਾਈ ਦੀ ਉਦਾਰਵਾਦੀ ਨੀਤੀ ਕਿਉਂ ਛੱਡ ਦਿੱਤੀ ਤੇ ਤੁਹਾਨੂੰ ਨਾਲ ਰੱਖਣਾ ਕਿਉਂ ਭੁੱਲ ਗਏ। ਬਜਾਏ ਅਕਾਲੀ ਦਲ ਦੇ ਖਿਲਾਫ ਜ਼ਹਿਰ ਉਗਲਣ ਦੇ, ਤੁਸੀਂ ਕੇਂਦਰ ਸਰਕਾਰ ਨੂੰ ਪੁੱਛੋ ਕਿ ਉਸਨੇ ਕਿਸਾਨ ਵਿਰੋਧੀ ਸਟੈਂਡ ਕਿਉਂ ਲਿਆ ਤੇ ਕਿਸਾਨ ਵਿਰੋਧੀ ਲੀਹ ਕਿਉਂ ਫੜੀ। ਉਹਨਾਂ ਕਿਹਾ ਕਿ ਨਵੀਂ ਭਾਜਪਾ ਕਾਰਪੋਰੇਟ ਸੈਕਟਰ ਦੀ ਲੀਹ ’ਤੇ ਕਿਉਂ ਚਲ ਰਹੀ ਹੈ ? ਇਸਨੇ ਜਿਹਨਾਂ ਦੇ ਹਿੱਤ ਪ੍ਰਭਾਵਤ ਹੁੰਦੇ ਹਨ, ਉਹਨਾਂ ਨਾਲ ਸਲਾਹ ਮਸ਼ਵਰਾ ਕੀਤੇ ਬਗੈਰ ਕਾਨੂੰਨ ਕਿਉਂ ਬਣਾਇਆ ਅਤੇ ਉਹ ਕਿਸਾਨਾਂ ਨੁੰ ਅਜਿਹਾ ਤੋਹਫਾ ਦੇਣ ਲਈ ਕਿਉਂ ਬਜਿੱਦ ਹੈ ਜੋ ਕਿਸਾਨ ਲੈਣਾ ਹੀਂ ਚਾਹੁੰਦੇ ?
ਉਹਨਾਂ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਇਹਨਾਂ ਨੇ ਸ਼੍ਰੋਮਣੀ ਅਕਾਲੀ ਦੀ ਸਲਾਹ ਮੰਨੀ ਹੁੰਦੀ ਤਾਂ ਫਿਰ ਸ਼ਾਇਦ ਇਹ ਦਿਨ ਨਾ ਦੇਖਣੇ ਪੈਂਦੇ।
ਭਾਜਪਾ ਦੇ ਅੰਮ੍ਰਿਤਸਰ ਆਧਾਰਿਤ ਆਗੂਆਂ ਨੂੰ ਹਿੰਦੂ ਤੇ ਸਿੱਖਾਂ ਨੂੰ ਵੱਖੋ ਵੱਖਰੇ ਤੌਰ ’ਤੇ ਧਰੁਵੀਕਰਨ ਕਰਨ ਦੀ ਥਾਂ ’ਤੇ ਦੇਸ਼ ਦੀ ਭਲਾਈ ਵਾਸਤੇ ਸੋਚਣ ਲਈ ਆਖਅਦਿਆਂ ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਨੇ ਤਾਂ ਬੀਤੇ ਸਮੇਂ ਵਿਚ ਪਹਿਲਾਂ ਹੀ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਦਾ ਸੰਤਾਪ ਹੰਢਾਇਆ ਹੈ। ਹੁਣ ਦੁਬਾਰਾ ਅਜਿਹੇ ਦੌਰ ਦਾ ਨੀਂਹ ਪੱੱਥਰ ਨਾ ਰੱਖੋ।
ਅਕਾਲੀ ਦਲ ਦੀ ਭੂਮਿਕਾ ਦੀ ਗੱਲ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਸਿਰਫ ਲੋਕਾਂ ਦੀ ਭਲਾਈ ਵਾਸਤੇ ਕੀਤਾ ਸੀ। ਉਹਨਾਂ ਕਿਹਾ ਕਿ ਅਸੀਂ ਜਾਤ ਪਾਤ ਤੇ ਨਸਲ ਦੇ ਵਿਤਕਰੇ ਤੋਂ ਉਪਰ ਉਠ ਕੇ ਕਿਸਾਨਾਂ, ਸਮਾਜ ਦੇਗਰੀਬ ਅਤੇ ਕਮਜ਼ੋਰ ਵਰਗ ਦੀ ਭਲਾਈ ਵਾਸਤੇ ਵਚਨਬੱਧ ਹਾਂ । ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਸੀ ਕਿ ਸੀ ਏ ਏ ਦੇ ਦਾਇਰੇ ਨੁੰ ਵਧਾ ਕੇ ਇਸ ਵਿਚ ਮੁਸਲਿਮ ਵੀ ਸ਼ਾਮਲ ਕੀਤੇ ਜਾਣ। ਉਹਨਾਂ ਕਿਹਾ ਕਿ ਇਸੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਹਾਈ ਕਮਾਂਡ ਨੂੰ ਆਖਿਆ ਸੀ ਕਿ ਉਹ ਖੇਤੀ ਆਰਡੀਨੈਂਸਾਂ ਵਿਚ ਕਾਨੁੰਨਾਂ ਵਿਚ ਬਦਲਣ ਤੋਂ ਪਹਿਲਾਂ ਕਿਸਾਨਾਂ ਦੀ ਗੱਲ ਸੁਣੇ। ਉਹਨਾਂ ਕਿਹਾ ਕਿ ਇਹ ਭਾਜਪਾ ਸੀ ਜਿਸਨੇ ਭਰੋਸਾ ਦੁਆਇਆ ਸੀ ਕਿ ਸਾਰੀਆਂ ਸ਼ਿਕਾਇਤਾਂ ਦੂਰ ਕੀਤੀਆਂ ਜਾਣਗੀਆਂ ਪਰ ਅਜਿਹਾ ਕਰਨ ਦੀ ਥਾਂ ’ਤੇ ਇਸਨੇ ਧੱਕੇ ਨਾਲ ਸੰਸਦ ਵਿਚ ਖੇਤੀ ਬਿੱਲ ਪਾਸ ਕਰਵਾ ਕੇ ਇਹ ਕਾਨੂੰਨ ਬਣਾ ਦਿੱਤੇ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਭਾਜਪਾ ਦੇ ਆਗੂਟਾਂ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਕੀ ਭਾਜਪਾ ਗਿਣੀ ਮਿਥੀ ਯੋਜਨਾ ਤਹਿਤ ਆਪਣੇ ਵਿਰੋਧੀਆਂ ਨੁੰ ਵੱਖਵਾਦੀਆਂ ਵੱਜੋਂ ਨਿਸ਼ਾਨਾ ਬਣਾ ਰਹੀ ਹੈ ਅਤੇ ਇਸਨੇ ਵਿਰੋਧੀਆਂ ਵਾਸਤੇ ‘ਟੁਕੜੇ ਟੁਕੜੇ ਗੈਂਗ’ ਸ਼ਬਦਾਵਲੀ ਵਰਤੀ ਹੈ ? ਉਹਨਾਂ ਕਿਹਾ ਕਿ ਤੁਸੀਂ ਹਿੰਦੂਆਂ ਨੁੰ ਮੁਸਲਮਾਨਾਂ ਨਾਲ ਲੜਾਇਆ ਹੈ। ਤੁਸੀਂ ਸ਼ਾਂਤੀਪੂਰਨ ਰੋਸ ਪ੍ਰਗਟਾ ਰਹੇ ਕਿਸਾਨਾਂ ਨੂੰ ਖਾਲਿਸਤਾਨੀ ਕਰਾਰ ਦਿੱਤਾ ਹੈ। ਹੁਣ ਤੁਸੀਂ ਪੰਜਾਬ ਹਿੰਦੂਆਂ ਨੁੰ ਸਿੱਖਾਂ ਖਿਲਾਫ ਲੜਵਾ ਰਹੇ ਹੋ। ਉਹਨਾਂ ਕਿਹਾ ਕਿ ਅਕਾਲੀ ਦਲ ਪ੍ਰਧਾਨ ਜੋ ਹੈ, ਉਸਨੂੰ ਉਹੀ ਆਖਦੇ ਹਨ। ਉਹਨਾਂ ਕਿਹਾ ਕਿ ਤੁਹਾਨੂੰ ਇਹ ਸੱਚਾਈ ਕਬੂਲਣੀ ਚਾਹੁਦੀ ਹੈ ਅਤੇ ਜੇਕਰ ਤੁਸੀਂ ਪੰਜਾਬੀਆਂ ਦੀ ਸਚਮੁੱਚ ਭਲਾਈ ਚਾਹੁੰਦੇ ਹੋ ਤਾਂ ਤੁਹਾਨੂੰ ਕੇਂਦਰ ਸਰਕਾਰ ਖਿਲਾਫ ਡਟਣਾ ਚਾਹੀਦਾ ਹੈ ਨਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਹੈ।