ਨਵੀਂ ਦਿੱਲੀ, 18 ਦਸੰਬਰ 2020 – ਹਾਈਕੋਰਟ ‘ਚ ਇੱਕ ਔਰਤ ਵੱਲੋਂ ਦਾਖ਼ਲ ਕੀਤੇ ਰੇਪ ਕੇਸ ’ਚ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਜੇ ਔਰਤ ਲੰਮੇ ਸਮੇਂ ਤੱਕ ਆਪਣੀ ਮਰਜ਼ੀ ਨਾਲ ਕਿਸੇ ਮਰਦ ਨਾਲ ਸਰੀਰਕ ਸਬੰਧ ਬਣਾਉਣ ਲਈ ਸਹਿਮਤ ਹੈ, ਤਦ ਅਜਿਹੀ ਹਾਲਤ ਵਿੱਚ ਵਿਆਹ ਦਾ ਵਾਅਦਾ ਕਰ ਕੇ ਸੈਕਸ ਕਰਨਾ ਜਿਨਸੀ ਸ਼ੋਸ਼ਣ ਨਹੀਂ ਹੈ। ਅਜਿਹੇ ਹੀ ਇੱਕ ਮਾਮਲੇ ‘ਚ ਔਰਤ ਵੱਲੋਂ ਆਪਣੇ ਇੱਕ ਸਾਥੀ ਵਿਰੁੱਧ ਦਰਜ ਕਰਾਏ ਕੇਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਤੇ ਔਰਤ ਦੇ ਸਾਥੀ ਨੂੰ ਬਰੀ ਕਰ ਦਿੱਤਾ।
ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਕਈ ਅਜਿਹੇ ਮਾਮਲੇ ਵੇਖਣ ਨੂੰ ਮਿਲਦੇ ਹਨ, ਜਿਨ੍ਹਾਂ ਵਿੱਚ ਔਰਤਾਂ ਮਰਦਾਂ ਉੱਤੇ ਰੇਪ ਦਾ ਦੋਸ਼ ਲਾਉਂਦੀਆਂ ਹਨ ਤੇ ਕਹਿੰਦੀਆਂ ਹਨ ਕਿ ਉਸ ਨਾਲ ਵਿਆਹ ਦਾ ਵਾਅਦਾ ਕਰਕੇ ਸਰੀਰਕ ਸਬੰਧ ਬਣਾਇਆ ਗਿਆ ਹੈ। ਮਰਦਾਂ ਵੱਲੋਂ ਬਾਅਦ ’ਚ ਵਿਆਹ ਤੋਂ ਇਨਕਾਰ ਕੀਤੇ ਜਾਣ ’ਤੇ ਔਰਤਾਂ ਕਈ ਵਾਰ ਉਨ੍ਹਾਂ ਉੱਤੇ ਰੇਪ ਤੇ ਧੋਖਾਧੜੀ ਦਾ ਕੇਸ ਵੀ ਦਰਜ ਕਰਵਾ ਦਿੰਦੀਆਂ ਹਨ।
ਮਾਮਲੇ ਦੀ ਸੁਣਵਾਈ ਕਰਨ ਵਾਲੇ ਜਸਟਿਸ ਵਿਭੂ ਬਾਖਰੂ ਨੇ ਕਿਹਾ ਕਿ ਵਿਆਹ ਦਾ ਝੂਠਾ ਵਾਅਦਾ ਕਰ ਕੇ ਸੈਕਸ ਕਰਨ ਲਈ ਲਾਲਚ ਦੇ ਤੌਰ ਉੱਤੇ ਤਦ ਕਿਹਾ ਜਾ ਸਕਦਾ ਹੈ, ਜਦੋਂ ਪੀੜਤ ਔਰਤ ਕਿਸੇ ਇੱਕ ਵਾਰ ਇਸ ਦਾ ਸ਼ਿਕਾਰ ਹੁੰਦੀ ਹੈ ਜਦੋਂ ਵਿਅਕਤੀ ਇੱਕ ਵਾਰ ਸੈਕਸ ਕਰਕੇ ਆਪਣੀ ਗੱਲ ਉੱਤੇ ਟਿਕਦਾ ਨਹੀਂ, ਪਰ ਵਾਰ-ਵਾਰ ਸੈਕਸ ਕਰਨ ਵਾਲੇ ਮਾਮਲੇ ਨੂੰ ਰੇਪ ਨਹੀਂ ਕਿਹਾ ਜਾ ਸਕਦਾ।