- ਜੇਕਰ ਉਹ ਮੁੱਖ ਮੰਤਰੀ ਬਣੇ ਤਾਂ ਸੂਬੇ ‘ਚ ਵਧਣਗੇ ਅਪਰਾਧੀ
ਮੁੰਬਈ, 4 ਫਰਵਰੀ 2024 – ਮਹਾਰਾਸ਼ਟਰ ਦੇ ਉਲਹਾਸਨਗਰ ਵਿੱਚ ਜ਼ਮੀਨੀ ਵਿਵਾਦ ਕਾਰਨ ਸ਼ਿਵ ਸੈਨਾ ਆਗੂ ਮਹੇਸ਼ ਗਾਇਕਵਾੜ ਨੂੰ ਗੋਲੀ ਮਾਰਨ ਵਾਲੇ ਭਾਜਪਾ ਵਿਧਾਇਕ ਗਣਪਤ ਗਾਇਕਵਾੜ ਨੇ ਇਸ ਪੂਰੀ ਘਟਨਾ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸ਼ੁੱਕਰਵਾਰ ਨੂੰ ਗ੍ਰਿਫਤਾਰੀ ਤੋਂ ਪਹਿਲਾਂ ਉਸ ਨੇ ਇਕ ਨਿਊਜ਼ ਚੈਨਲ ਨੂੰ ਫੋਨ ‘ਤੇ ਦੱਸਿਆ ਕਿ ਏਕਨਾਥ ਸ਼ਿੰਦੇ ਨੇ ਮੈਨੂੰ ਅਪਰਾਧੀ ਬਣਾ ਦਿੱਤਾ ਹੈ।
ਇਸ ਆਡੀਓ ਕਲਿੱਪ ‘ਚ ਕਲਿਆਣ ਪੂਰਬੀ ਤੋਂ ਭਾਜਪਾ ਵਿਧਾਇਕ ਗਣਪਤ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ ਕਿ ਥਾਣੇ ‘ਚ ਮੇਰੇ ਬੇਟੇ ਨਾਲ ਬਦਸਲੂਕੀ ਕੀਤੀ ਗਈ ਅਤੇ ਮੇਰੀ ਜ਼ਮੀਨ ਜ਼ਬਰਦਸਤੀ ਖੋਹ ਲਈ ਗਈ। ਜੇਕਰ ਏਕਨਾਥ ਸ਼ਿੰਦੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ ਰਹਿੰਦੇ ਹਨ ਤਾਂ ਸੂਬੇ ‘ਚ ਅਪਰਾਧੀ ਵਧ ਜਾਣਗੇ। ਇਨ੍ਹਾਂ ਨੇ ਮੇਰੇ ਵਰਗੇ ਚੰਗੇ ਬੰਦੇ ਨੂੰ ਵੀ ਮੁਜਰਮ ਬਣਾ ਦਿੱਤਾ ਹੈ।
ਗਣਪਤ ਨੇ ਕਿਹਾ ਕਿ ਮੈਂ ਬਹੁਤ ਪਰੇਸ਼ਾਨ ਸੀ, ਇਸ ਲਈ ਮੈਂ ਗੋਲੀ ਚਲਾਈ। ਮੈਨੂੰ ਕੁਝ ਵੀ ਪਛਤਾਵਾ ਨਹੀਂ ਹੈ। ਜੇਕਰ ਕੋਈ ਮੇਰੇ ਪੁੱਤਰ ਨੂੰ ਥਾਣੇ ਵਿੱਚ ਕੁੱਟਦਾ ਹੈ ਤਾਂ ਮੈਂ ਕੀ ਕਰਾਂਗਾ ? ਮੈਂ ਉਨ੍ਹਾਂ ਲੋਕਾਂ ਨੂੰ ਮਾਰਨਾ ਨਹੀਂ ਚਾਹੁੰਦਾ ਸੀ।
ਗਣਪਤ ਗਾਇਕਵਾੜ ਨੇ ਕਿਹਾ ਕਿ ਏਕਨਾਥ ਸ਼ਿੰਦੇ ਦੇ ਪੁੱਤਰ ਅਤੇ ਕਲਿਆਣ ਦੇ ਸੰਸਦ ਮੈਂਬਰ ਸ਼੍ਰੀਕਾਂਤ ਸ਼ਿੰਦੇ ਨੇ ਵੱਡੇ-ਵੱਡੇ ਬੋਰਡ ਲਗਾ ਕੇ ਉਨ੍ਹਾਂ ਵੱਲੋਂ ਕੀਤੇ ਸਾਰੇ ਕੰਮਾਂ ਦਾ ਸਿਹਰਾ ਆਪਣੇ ਸਿਰ ਲਿਆ ਹੈ। ਉਨ੍ਹਾਂ ਨੇ ਮੇਰੇ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਵਾਇਆ ਹੈ। ਸ਼ਿੰਦੇ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਇਸ ਭ੍ਰਿਸ਼ਟਾਚਾਰ ਵਿੱਚ ਕਿੰਨਾ ਪੈਸਾ ਕਮਾਇਆ ਹੈ।
ਗਣਪਤ ਨੇ ਇਹ ਵੀ ਕਿਹਾ ਕਿ ਏਕਨਾਥ ਸ਼ਿੰਦੇ ਭਾਜਪਾ ਨੂੰ ਉਸੇ ਤਰ੍ਹਾਂ ਧੋਖਾ ਦੇਣਗੇ ਜਿਵੇਂ ਉਸ ਨੇ ਸ਼ਿਵ ਸੈਨਾ (ਉਧਵ ਧੜੇ) ਦੇ ਮੁਖੀ ਊਧਵ ਠਾਕਰੇ ਨੂੰ ਧੋਖਾ ਦਿੱਤਾ ਸੀ। ਉਨ੍ਹਾਂ ਕੋਲ ਮੇਰੇ ਕਈ ਕਰੋੜ ਰੁਪਏ ਹਨ। ਜੇਕਰ ਮਹਾਰਾਸ਼ਟਰ ਨੂੰ ਚੰਗੀ ਤਰ੍ਹਾਂ ਚਲਾਉਣਾ ਹੈ ਤਾਂ ਏਕਨਾਥ ਸ਼ਿੰਦੇ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਹ ਮੇਰੀ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਮਰਤਾ ਸਹਿਤ ਬੇਨਤੀ ਹੈ।
ਬੀਜੇਪੀ ਵਿਧਾਇਕ ਗਣਪਤ ਗਾਇਕਵਾੜ ਅਤੇ ਸ਼ਿੰਦੇ ਧੜੇ ਦੇ ਨੇਤਾ ਮਹੇਸ਼ ਗਾਇਕਵਾੜ ਸ਼ੁੱਕਰਵਾਰ ਰਾਤ ਕਰੀਬ 10 ਵਜੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ-ਦੂਜੇ ਖਿਲਾਫ ਸ਼ਿਕਾਇਤ ਕਰਨ ਹਿੱਲ ਲਾਈਨ ਥਾਣੇ ਪਹੁੰਚੇ ਸਨ। ਇੱਥੇ ਪਹਿਲਾਂ ਉਨ੍ਹਾਂ ਦੀ ਬਹਿਸ ਹੋਈ।
ਫਿਰ ਗਣਪਤ ਨੇ ਇੰਸਪੈਕਟਰ ਦੇ ਸਾਹਮਣੇ ਮਹੇਸ਼ ‘ਤੇ 6 ਰਾਊਂਡ ਫਾਇਰ ਕੀਤੇ। ਦੋ ਗੋਲੀਆਂ ਮਹੇਸ਼ ਨੂੰ ਲੱਗੀਆਂ ਅਤੇ ਦੋ ਗੋਲੀਆਂ ਉਸ ਦੇ ਸਾਥੀ ਰਾਹੁਲ ਪਾਟਿਲ ਨੂੰ ਲੱਗੀਆਂ। ਥਾਣੇ ਵਿੱਚ ਹੰਗਾਮਾ ਹੋ ਗਿਆ। ਦੋਵੇਂ ਜ਼ਖਮੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਮੁਲਜ਼ਮ ਭਾਜਪਾ ਵਿਧਾਇਕ ਨੂੰ ਰਾਤ ਨੂੰ ਹੀ ਹਿਰਾਸਤ ਵਿੱਚ ਲੈ ਲਿਆ ਗਿਆ। ਸ਼ਨੀਵਾਰ (3 ਜਨਵਰੀ) ਦੀ ਸਵੇਰ ਨੂੰ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੋਸ਼ੀ ਨੂੰ ਉਲਹਾਸਨਗਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ। ਘਟਨਾ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (SIT) ਕਰੇਗੀ।
ਗਣਪਤ ਗਾਇਕਵਾੜ ਕਲਿਆਣ ਪੂਰਬੀ ਸੀਟ ਤੋਂ ਤਿੰਨ ਵਾਰ ਵਿਧਾਇਕ ਰਹੇ ਹਨ। ਇਸ ਤੋਂ ਪਹਿਲਾਂ ਉਹ ਦੋ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ ਅਤੇ ਜਿੱਤੇ ਹਨ। ਉਹ ਤੀਜੀ ਵਾਰ ਭਾਜਪਾ ਤੋਂ ਵਿਧਾਇਕ ਬਣੇ। ਇਸ ਦੌਰਾਨ ਮਹੇਸ਼ ਗਾਇਕਵਾੜ ਕਲਿਆਣ (ਪੂਰਬੀ) ਤੋਂ ਸ਼ਿਵ ਸੈਨਾ ਦੇ ਕਾਰਪੋਰੇਟਰ ਹਨ। ਉਹ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ।