- ਇੰਸਟਾਗ੍ਰਾਮ ‘ਤੇ 22 ਸਾਲਾ ਲੜਕੀ ਨਾਲ ਹੋਈ ਸੀ ਗੱਲਬਾਤ
- ਲੜਕੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਕਤਲ ਅਤੇ ਲੁੱਟ ਦੀ ਵਾਰਦਾਤ
ਚੰਡੀਗੜ੍ਹ, 6 ਫਰਵਰੀ 2024 – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਨਰੋਤਮ ਸਿੰਘ ਢਿੱਲੋਂ ਦਾ ਕਤਲ ਕਰ ਦਿੱਤਾ ਗਿਆ ਸੀ। ਗੋਆ ਪੁਲਿਸ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਪੁਲਸ ਨੇ ਮਾਮਲੇ ‘ਚ ਮਹਾਰਾਸ਼ਟਰ ਦੇ ਪੇਨ ਇਲਾਕੇ ਤੋਂ ਇਕ ਔਰਤ ਅਤੇ ਉਸ ਦੇ ਦੋਸਤ ਨੂੰ ਗ੍ਰਿਫਤਾਰ ਕੀਤਾ ਹੈ। ਨਰੋਤਮ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਉਸ ਦੇ ਸਰੀਰ ‘ਤੇ ਕਈ ਥਾਵਾਂ ‘ਤੇ ਅੰਦਰੂਨੀ ਜ਼ਖਮ ਸਨ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈ ਲਿਆ ਹੈ।
ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਔਰਤ ਸਮੇਤ ਚਾਰ ਮੁਲਜ਼ਮਾਂ ਖ਼ਿਲਾਫ਼ ਕਤਲ, ਲੁੱਟ-ਖੋਹ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਨਰੋਤਮ ਢਿੱਲੋਂ ਉਰਫ਼ ਨਿਮਿਸ ਢਿੱਲੋਂ ਉਰਫ਼ ਨਿਮਿਸ ਬਾਦਲ ਦੀ ਲਾਸ਼ ਉੱਤਰੀ ਗੋਆ ਦੇ ਪੋਰਵਾਰੀਮ ਇਲਾਕੇ ‘ਚ ਉਸ ਦੇ ਵਿਲਾ ‘ਚੋਂ ਬਰਾਮਦ ਹੋਈ ਹੈ। ਨਰੋਤਮ ਗੋਆ ਵਿਚ ਇਕੱਲਾ ਰਹਿੰਦਾ ਸੀ, ਉਸ ਦੇ ਬੱਚੇ ਵਿਦੇਸ਼ ਵਿਚ ਰਹਿੰਦੇ ਹਨ। ਫਿਲਹਾਲ ਇਸ ਸਬੰਧੀ ਬਾਦਲ ਪਰਿਵਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।
ਗੋਆ ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਢਿੱਲੋਂ ਵੱਲੋਂ ਗਲੇ ਵਿੱਚ ਪਾਈ ਸੋਨੇ ਦੀ ਚੇਨ ਅਤੇ ਕੜਾ ਲੁੱਟ ਕੇ ਆਪਣੇ ਨਾਲ ਲੈ ਗਏ ਸਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜਤਿੰਦਰ ਰਾਮਚੰਦਰ ਸਾਹੂ (32) ਅਤੇ ਨੀਤੂ ਸ਼ੰਕਰ ਰਾਹੂਜਾ (22) ਵਜੋਂ ਹੋਈ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ 45 ਲੱਖ ਰੁਪਏ ਦਾ ਸਾਮਾਨ ਲੁੱਟ ਕੇ ਆਪਣੇ ਨਾਲ ਲੈ ਗਏ। ਪੁਲਿਸ ਨੇ ਇੱਕ ਮੀਡੀਆ ਗਰੁੱਪ ਨਾਲ ਗੱਲਬਾਤ ਕਰਦੇ ਹੋਏ ਇਹ ਖੁਲਾਸਾ ਕੀਤਾ ਹੈ।
ਮਹਾਰਾਸ਼ਟਰ ਪੁਲਸ ਦੀ ਮੁੱਢਲੀ ਪੁੱਛਗਿੱਛ ਦੌਰਾਨ ਲੜਕੀ ਨੇ ਮੰਨਿਆ ਕਿ ਉਸ ਨੇ ਗੋਆ ਦੇ ਰਹਿਣ ਵਾਲੇ 77 ਸਾਲਾ ਨਿਮਸ ਢਿੱਲੋਂ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਗੱਲਬਾਤ ਸ਼ੁਰੂ ਕੀਤੀ ਸੀ। ਨਿਮਸ ਨੇ ਖੁਦ ਉਸ ਨੂੰ ਇੰਸਟਾਗ੍ਰਾਮ ‘ਤੇ ਮੈਸੇਜ ਕੀਤਾ ਸੀ ਅਤੇ ਉਸ ਨੂੰ ਗੋਆ ਆਉਣ ਅਤੇ ਬੰਗਲੇ ‘ਚ ਰਹਿਣ ਦਾ ਸੱਦਾ ਦਿੱਤਾ ਸੀ। ਨਿਮਸ ਦੇ ਸੱਦੇ ‘ਤੇ ਲੜਕੀ ਆਪਣੇ ਦੋ ਹੋਰ ਦੋਸਤਾਂ ਨਾਲ ਉਸ ਮੁਲਾਕਾਤ ਲਈ ਗੋਆ ਆਈ ਸੀ।
ਗ੍ਰਿਫਤਾਰ ਲੜਕੀ ਨੇ ਦਾਅਵਾ ਕੀਤਾ ਹੈ ਕਿ ਸ਼ਨੀਵਾਰ ਰਾਤ ਕਰੀਬ 3 ਵਜੇ ਨਿਮਸ ਨੇ ਉਸ ਨਾਲ ਛੇੜਛਾੜ ਕੀਤੀ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋ ਗਿਆ ਅਤੇ ਤਿੰਨਾਂ ਨੇ ਮਿਲ ਕੇ ਕਤਲ ਕਰ ਦਿੱਤਾ। ਬਜ਼ੁਰਗ ਦੀ ਮੌਤ ਤੋਂ ਬਾਅਦ ਲੜਕੀ ਅਤੇ ਉਸ ਦੇ ਦੋ ਦੋਸਤ ਉਥੋਂ ਭੱਜ ਗਏ। ਫਰਾਰ ਹੋਣ ਤੋਂ ਪਹਿਲਾਂ ਦੋਵਾਂ ਨੇ ਨਰੋਤਮ ਦਾ ਮੋਬਾਈਲ ਫੋਨ, ਗਲੇ ਦੀ ਚੇਨ ਅਤੇ ਸੋਨੇ ਦੇ ਕੜੇ ਵੀ ਲੁੱਟ ਲਏ ਸਨ।
ਤੁਹਾਨੂੰ ਦੱਸ ਦੇਈਏ ਕਿ ਨਰੋਤਮ ਢਿੱਲੋਂ ਗੋਆ ਦੇ ਮਸ਼ਹੂਰ ਬਿਜ਼ਨੈੱਸਮੈਨ ਸਨ। ਉਹ ਇਲਾਕਾ ਜਿੱਥੇ ਉਸ ਦਾ ਵਿਲਾ ਸਥਿਤ ਹੈ, ਉਹ ਅਮੀਰਾਂ ਲਈ ਮਸ਼ਹੂਰ ਹੈ। ਢਿੱਲੋਂ ਦੇ ਉਕਤ ਇਲਾਕੇ ਵਿੱਚ ਤਿੰਨ ਵਿਲਾ ਹਨ। ਢਿੱਲੋਂ ਖੁਦ ਵੀ ਇਕ ਬਹੁਤ ਹੀ ਸ਼ਾਨਦਾਰ ਘਰ ਵਿਚ ਰਹਿੰਦਾ ਸੀ। ਇਸ ਦੇ ਨਾਲ ਹੀ ਉਹ ਦੋ ਵਿਲਾ ਕਿਰਾਏ ‘ਤੇ ਦਿੰਦਾ ਸੀ। ਦੋਸ਼ੀ ਲੜਕੀ ਅਤੇ ਉਸ ਦਾ ਪ੍ਰੇਮੀ ਢਿੱਲੋਂ ਦੇ ਘਰ ਮਹਿਮਾਨ ਬਣ ਕੇ ਆਏ ਸਨ। ਪਰ ਕਤਲ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਏ ਸੀ। ਮੁੰਬਈ ਪੁਲਸ ਨੇ ਦੋਵਾਂ ਨੂੰ ਪੇਨ ਇਲਾਕੇ ਤੋਂ ਗ੍ਰਿਫਤਾਰ ਕੀਤਾ ਸੀ। ਜਲਦੀ ਹੀ ਮਹਾਰਾਸ਼ਟਰ ਪੁਲਿਸ ਦੋਵਾਂ ਦੋਸ਼ੀਆਂ ਨੂੰ ਗੋਆ ਪੁਲਿਸ ਦੇ ਹਵਾਲੇ ਕਰੇਗੀ।
ਗੋਆ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੋਰਵੋਰਿਮਾ ਪੁਲਿਸ ਸਟੇਸ਼ਨ ਵਿੱਚ ਦੋਵਾਂ ਦੇ ਖਿਲਾਫ ਕਤਲ-ਡਕੈਤੀ ਅਤੇ ਧੋਖਾਧੜੀ-ਡਕੈਤੀ ਦੀਆਂ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਕਿਉਂਕਿ ਗੋਆ ਆਉਣ ਤੋਂ ਬਾਅਦ ਦੋਹਾਂ ਨੇ ਇਕ ਟਰਾਂਸਪੋਰਟ ਕੰਪਨੀ ਤੋਂ ਕਾਰ ਕਿਰਾਏ ‘ਤੇ ਲਈ ਸੀ। ਉਸੇ ਕਾਰ ਵਿਚ ਬੈਠ ਕੇ ਉਹ ਨਰੋਤਮ ਕੋਲ ਪਹੁੰਚ ਗਏ। ਕਤਲ ਅਤੇ ਲੁੱਟ ਦੀ ਵਾਰਦਾਤ ਤੋਂ ਬਾਅਦ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਫਰਾਰ ਹੋਣ ਸਮੇਂ ਵੀ ਮੁਲਜ਼ਮਾਂ ਨੇ ਕਿਰਾਏ ਦੀ ਕਾਰ ਦੀ ਵਰਤੋਂ ਕੀਤੀ ਸੀ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਜਿਸ ਟਰਾਂਸਪੋਰਟ ਤੋਂ ਕਾਰ ਕਿਰਾਏ ’ਤੇ ਲਈ ਸੀ, ਉਸ ਵਿੱਚ ਸਮਝੌਤਾ ਹੋਇਆ ਸੀ ਕਿ ਉਹ ਉਕਤ ਕਾਰ ਨੂੰ ਗੋਆ ਤੋਂ ਬਾਹਰ ਨਹੀਂ ਲਿਜਾਣਗੇ। ਪਰ ਐਤਵਾਰ ਸਵੇਰੇ ਟਰਾਂਸਪੋਰਟਰ ਦੀ ਕਾਰ ਗੋਆ ਤੋਂ ਬਾਹਰ ਜਾਂਦੀ ਦਿਖਾਈ ਦਿੱਤੀ। ਜਦੋਂ ਉਹ ਮਹਾਰਾਸ਼ਟਰ ਪਹੁੰਚੇ ਤਾਂ ਟਰਾਂਸਪੋਰਟਰ ਨੇ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਉਕਤ ਕਾਰ ਇਕ ਲੜਕੀ ਅਤੇ ਉਸ ਦੇ ਬੁਆਏਫ੍ਰੈਂਡ ਨੇ ਕਿਰਾਏ ‘ਤੇ ਲਈ ਸੀ। ਉਕਤ ਮਾਮਲਾ ਪੋਰਵੋਰਿਮਾ ਥਾਣੇ ‘ਚ ਵੀ ਦਰਜ ਕੀਤਾ ਗਿਆ ਸੀ। ਮਾਮਲਾ ਉਦੋਂ ਦਰਜ ਕੀਤਾ ਗਿਆ ਸੀ ਜਦੋਂ ਇਹ ਖੁਲਾਸਾ ਹੋਇਆ ਸੀ ਕਿ ਨਰੋਤਮ ਦਾ ਵੀ ਉਕਤ ਜੋੜੇ ਵੱਲੋਂ ਕਤਲ ਕੀਤਾ ਗਿਆ ਸੀ।
ਗੋਆ ਪੁਲਿਸ ਨੇ ਦੋਵਾਂ ਘਟਨਾਵਾਂ ਨੂੰ ਆਪਸ ਵਿੱਚ ਜੋੜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਤੁਰੰਤ ਮਹਾਰਾਸ਼ਟਰ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਗੋਆ-ਮੁੰਬਈ ਨੈਸ਼ਨਲ ਹਾਈਵੇ ‘ਤੇ ਭਾਰੀ ਨਾਕਾਬੰਦੀ ਕਰ ਦਿੱਤੀ ਹੈ। ਇਸ ਦੌਰਾਨ ਉਸ ਨੇ ਇੱਕ ਵਾਹਨ ਬਿਨਾਂ ਨੰਬਰ ਪਲੇਟ ਦੇ ਆਉਂਦਾ ਦੇਖਿਆ। ਪੁਲਸ ਨੂੰ ਦੇਖ ਕੇ ਲੜਕੀ ਦਾ ਇਕ ਸਾਥੀ ਮੌਕੇ ਤੋਂ ਭੱਜ ਗਿਆ।
ਜਿਸ ਤੋਂ ਬਾਅਦ ਪੁਲਿਸ ਨੇ ਕਾਰ ਨੂੰ ਚੈਕਿੰਗ ਲਈ ਰੋਕਿਆ, ਪਰ ਦੋਵਾਂ ਕੋਲ ਕਾਰ ਦਾ ਕੋਈ ਕਾਗਜ਼ ਨਹੀਂ ਸੀ। ਜਿਸ ਕਾਰਨ ਉਸ ਨੂੰ ਤੁਰੰਤ ਉਥੋਂ ਹਿਰਾਸਤ ਵਿੱਚ ਲੈ ਕੇ ਥਾਣੇ ਲਿਆਂਦਾ ਗਿਆ। ਉਥੋਂ ਪਤਾ ਲੱਗਾ ਕਿ ਦੋਵੇਂ ਮੁਲਜ਼ਮ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਏ ਸਨ। ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਦੋਵੇਂ ਮੁਲਜ਼ਮ ਮੱਧ ਪ੍ਰਦੇਸ਼ ਦੇ ਭੋਪਾਲ ਦੇ ਰਹਿਣ ਵਾਲੇ ਹਨ। ਮੁਲਜ਼ਮ ਜਤਿੰਦਰ ਸਟਾਕ ਮਾਰਕੀਟ ਵਿੱਚ ਵਪਾਰ ਦਾ ਕੰਮ ਕਰਦਾ ਸੀ। ਨੀਤੂ ਭੋਪਾਲ ਵਿੱਚ ਇੱਕ ਇਲੈਕਟ੍ਰੋਨਿਕਸ ਸ਼ੋਅਰੂਮ ਵਿੱਚ ਕੰਮ ਕਰਦੀ ਸੀ। ਜਾਂਚ ‘ਚ ਸਾਹਮਣੇ ਆਇਆ ਕਿ ਸ਼ਨੀਵਾਰ ਰਾਤ ਕਰੀਬ 11 ਵਜੇ ਜੋੜਾ ਢਿੱਲੋਂ ਦੇ ਘਰ ਪਹੁੰਚਿਆ ਸੀ। ਗੋਆ ਪੁਲਸ ਨੇ ਦੱਸਿਆ ਕਿ ਨਰੋਤਮ ਗੋਆ ‘ਚ ਇਕੱਲਾ ਰਹਿੰਦਾ ਸੀ। ਉਹ ਉਥੇ ਹੋਟਲਾਂ ਅਤੇ ਰਿਜ਼ੋਰਟਾਂ ਦਾ ਮਾਲਕ ਸੀ। ਨਰੋਤਮ ਨੇ ਇਹ ਵਿਲਾ ਸਾਲ 2016 ‘ਚ ਖਰੀਦਿਆ ਸੀ।