ਅਬੋਹਰ, 9 ਫਰਵਰੀ 2024 – ਅਬੋਹਰ ਦੀ ਇੰਦਰਾ ਨਗਰੀ ‘ਚ ਬੀਤੀ ਰਾਤ ਅਵਾਰਾ ਕੁੱਤੇ ਨੇ 5 ਸਾਲਾ ਬੱਚੀ ਨੂੰ ਵੱਢ ਲਿਆ। ਜਿਸ ਕਾਰਨ ਉਹ ਜ਼ਖਮੀ ਹੋ ਗਈ, ਉਸ ਦੀ ਚੀਕ ਸੁਣ ਕੇ ਗੁਆਂਢੀ ਨੇ ਲੜਕੀ ਨੂੰ ਬਚਾਇਆ ਅਤੇ ਪਰਿਵਾਰ ਦੀ ਮਦਦ ਨਾਲ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਜਿੱਥੇ ਉਸ ਦਾ ਇਲਾਜ ਕਰ ਕੇ ਰਾਤ ਨੂੰ ਹੀ ਛੁੱਟੀ ਦੇ ਦਿੱਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਅੱਠ ਵਜੇ ਦੇ ਕਰੀਬ ਪੰਜ ਸਾਲਾ ਬੱਚੀ ਚਾਹਤ ਪੁੱਤਰੀ ਪਵਨ ਕੁਮਾਰ ਘਰ ਦੇ ਬਾਹਰ ਖੜ੍ਹੀ ਸੀ ਤਾਂ ਗੁਆਂਢੀ ਦੇ ਘਰ ਨੇੜੇ ਬੈਠੇ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਘਸੀਟ ਕੇ ਲੈ ਗਿਆ।
ਇਸ ਹਮਲੇ ਵਿੱਚ ਕੁੱਤੇ ਨੇ ਬੱਚੀ ਦੀ ਬਾਂਹ ਬੁਰੀ ਤਰ੍ਹਾਂ ਨਾਲ ਨੋਚ ਦਿੱਤੀ। ਉਸ ਦਾ ਰੌਲਾ ਸੁਣ ਕੇ ਆਂਢ-ਗੁਆਂਢ ਦੇ ਇਕ ਨੌਜਵਾਨ ਨੇ ਬੱਚੀ ਨੂੰ ਕੁੱਤੇ ਦੇ ਚੁੰਗਲ ਤੋਂ ਛੁਡਵਾਇਆ ਅਤੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ।
ਹਸਪਤਾਲ ਵਿੱਚ ਕੁੱਤਿਆਂ ਦੇ ਕੱਟਣ ਦੇ ਪੀੜਤਾਂ ਨੂੰ ਰੈਬੀਜ਼ ਟੀਕਾਕਰਨ ਕਰਵਾਉਣ ਵਾਲੀ ਡਾ: ਰੀਤੂ ਵਧਵਾ ਨੇ ਦੱਸਿਆ ਕਿ ਹਸਪਤਾਲ ਵਿੱਚ ਰੋਜ਼ਾਨਾ ਕੁੱਤਿਆਂ ਦੇ ਕੱਟਣ ਦੇ 10 ਤੋਂ 15 ਕੇਸ ਆ ਰਹੇ ਹਨ। ਪਿਛਲੇ ਸਾਲ 2556 ਦੇ ਕਰੀਬ ਮਰੀਜ਼ ਕੁੱਤਿਆਂ ਦੇ ਵੱਢਣ ਕਾਰਨ ਆਏ ਸਨ, ਜਦੋਂ ਕਿ ਇਸ ਸਾਲ ਜਨਵਰੀ ਮਹੀਨੇ ਵਿੱਚ ਹੀ 264 ਦੇ ਕਰੀਬ ਮਰੀਜ਼ ਕੁੱਤਿਆਂ ਦੇ ਵੱਢਣ ਕਾਰਨ ਆਏ ਸਨ।
ਡਾ: ਰੀਤੂ ਨੇ ਦੱਸਿਆ ਕਿ ਰੇਬੀਜ਼ ਦੇ ਟੀਕੇ ਦੀ ਮਾਰਕੀਟ ਵਿੱਚ ਕੀਮਤ 350 ਰੁਪਏ ਹੈ, ਜੋ ਕਿ ਸਿਵਲ ਹਸਪਤਾਲ ਵਿੱਚ ਸਿਰਫ਼ 10 ਰੁਪਏ ਵਿੱਚ ਦਿੱਤੀ ਜਾਂਦੀ ਹੈ। ਜੇਕਰ ਸਰਕਾਰ ਵੱਲੋਂ ਇਹ ਸਹੂਲਤ ਉਪਲਬਧ ਨਾ ਹੁੰਦੀ ਤਾਂ ਰੈਬੀਜ਼ ਦੀ ਬਿਮਾਰੀ ਹੁਣ ਤੱਕ ਗੰਭੀਰ ਰੂਪ ਧਾਰਨ ਕਰ ਸਕਦੀ ਸੀ।
ਇੱਥੇ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਅਸ਼ਵਨੀ ਮਿਲਗਾਨੀ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਨਿਗਮ ਵੱਲੋਂ ਵੈਟਰਨਰੀ ਵਿਭਾਗ ਦੇ ਸਹਿਯੋਗ ਨਾਲ ਕੁੱਤਿਆਂ ਨੂੰ ਰੇਬੀਜ਼ ਤੋਂ ਬਚਾਅ ਲਈ ਟੀਕਾਕਰਨ ਦੀ ਮੁਹਿੰਮ ਚਲਾਈ ਗਈ ਸੀ, ਜੋ ਹੁਣ ਕਰੀਬ ਇੱਕ ਮਹੀਨੇ ਤੋਂ ਬੰਦ ਹੈ ਕਿਉਂਕਿ ਟੀਕਾ ਸਖ਼ਤ ਸਰਦੀਆਂ ਦੌਰਾਨ ਉਪਲਬਧ ਨਹੀਂ ਸੀ। ਇਸ ਦਾ ਕੁੱਤਿਆਂ ‘ਤੇ ਚੰਗਾ ਪ੍ਰਭਾਵ ਨਹੀਂ ਪੈਂਦਾ।