ਚੰਡੀਗੜ੍ਹ, 19 ਦਸੰਬਰ 2020 – ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਿਸ ਕਰਾਉਣ ਨੂੰ ਲੈ ਕੇ ਬਜਿੱਦ ਹਨ। ਉਥੇ ਹੀ ਸਰਕਾਰ ਕਿਸਾਨਾਂ ਨਾਲ ਕਈ ਦੌਰ ਦੀ ਗੱਲਬਾਤ ਮਗਰੋਂ ਕਾਨੂੰਨਾਂ ’ਚ ਸੋਧ ਲਈ ਤਿਆਰ ਹੈ। ਪਰ ਕਿਸਾਨਾਂ ਨਹੀਂ ਮੰਨ ਰਹੇ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨ ਦਾ ਅੱਜ 24ਵਾਂ ਦਿਨ ਹੈ। ਹੁਣ ਤੱਕ ਇਸ ਅੰਦੋਲਨ ਦੌਰਾਨ ਕਈ ਮੰਦਭਾਗੀਆਂ ਖਬਰਾਂ ਵੀ ਸਾਹਮਣੇ ਆ ਚੁੱਕੀਆਂ ਹਨ ਅਤੇ ਹੁਣ ਤੱਕ 22 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਪਰ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਰਕਾਰ ਦੇ ਕਿਸੇ ਵੀ ਮੰਤਰੀ ਵੱਲੋਂ ਇਨ੍ਹਾਂ ਕਿਸਾਨਾਂ ਦੀ ਮੌਤ ‘ਤੇ ਦੁੱਖ ਜ਼ਾਹਰ ਨਹੀਂ ਕੀਤਾ ਗਿਆ।
ਮਰਨ ਵਾਲਿਆਂ ’ਚ 16 ਸਾਲ ਦੇ ਨੌਜਵਾਨ ਤੋਂ ਲੈ ਕੇ 75 ਸਾਲ ਤੱਕ ਦੇ ਬਜ਼ੁਰਗ ਸ਼ਾਮਲ ਹਨ। ਇਨ੍ਹਾਂ ’ਚੋ ਕਿਸੇ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਅਤੇ ਕਿਸੇ ਦੀ ਸੜਕ ਹਾਦਸੇ ’ਚ।
ਹੁਣ ਤਕ ਜਿਹਨਾਂ ਕਿਸਾਨਾਂ ਦੀ ਮੌਤ ਹੋਈ ਹੈ ਉਹਨਾਂ ਦੇ ਨਾਂਅ ਇਸ ਤਰ੍ਹਾਂ ਹਨ… ਜੈਸਿੰਘ (37) ਵਾਸੀ ਬਠਿੰਡਾ, ਜਤਿੰਦਰ ਸਿੰਘ (26) ਵਾਸੀ ਬਠਿੰਡਾ, ਭੀਮ ਸਿੰਘ (40) ਵਾਸੀ ਸਮਾਣਾ, ਗੁਰਪ੍ਰੀਤ ਸਿੰਘ (21) ਵਾਸੀ ਨਵਾਂਸ਼ਹਿਰ, ਗੁਰਪ੍ਰੀਤ ਸਿੰਘ ਵਾਸੀ ਸਨੌਰ, ਗੁਰਜਿੰਦਰ ਸਿੰਘ (16) ਗੜ੍ਹਸ਼ੰਕਰ, ਗੱਜਣ ਸਿੰਘ (60) ਵਾਸੀ ਸਮਰਾਲਾ, ਗੁਰਜੰਟ ਸਿੰਘ ਵਾਸੀ ਮਾਨਸਾ, ਬਲਜਿੰਦਰ ਸਿੰਘ ਵਾਸੀ ਪਾਇਲ, ਸੁਰਿੰਦਰ ਸਿੰਘ ਵਾਸੀ ਨਵਾਂਸ਼ਹਿਰ, ਰਵਿੰਰਦਰ ਪਾਲ ਵਾਸੀ ਖੰਨਾ, ਮੇਵਾ ਸਿੰਘ (45) ਵਾਸੀ ਮੋਗਾ, ਭਾਗ ਸਿੰਘ (45) ਵਾਸੀ ਲੁਧਿਆਣਾ, ਬਲਬੀਰ ਸਿੰਘ (57) ਵਾਸੀ ਅਜਨਾਲਾ, ਰਾਜਕੁਮਾਰ ਵਾਸੀ ਨਵਾਂਸ਼ਹਿਰ, ਮੱਖਣ ਸਿੰਘ ਵਾਸੀ ਮੋਗਾ, ਲਾਭ ਸਿੰਘ ਵਾਸੀ ਸਨੌਰ, ਸੁਖਦੇਵ ਸਿੰਘ ਵਾਸੀ ਫਤਿਹਗੜ੍ਹ ਸਾਹਿਬ, ਪਾਲ ਸਿੰਘ ਵਾਸੀ ਨਾਭਾ, ਧੰਨਾ ਸਿੰਘ ਵਾਸੀ ਮਾਨਸਾ, ਕੁਲਵਿੰਦਰ ਸਿੰਘ (45) ਵਾਸੀ ਹੁਸ਼ਿਆਰਪੁਰ, ਕਲਵੀਰ ਸਿੰਘ ਵਾਸੀ ਤਲਵੰਡੀ ਸਾਬੋ।
ਇਸ ਤੋਂ ਬਿਨਾਂ ਸਮਾਣਾ ਦੇ ਫਤਿਹਗੜ੍ਹ ਛੰਨਾ ਦੇ ਕਿਸਾਨ ਭੀਮ ਸਿੰਘ ਦੀ ਕੁੰਡਲੀ ਬਾਰਡਰ ’ਤੇ ਡ੍ਰੇਨ ’ਚ ਡਿੱਗਣ ਕਾਰਨ ਮੌਤ ਹੋ ਗਈ ਸੀ। ਸੰਗਰੂਰ ਦੇ ਭੀਮ ਸਮਾਣਾ ’ਚ ਸਹੁਰੇ ਘਰ ’ਚ ਰਹਿ ਰਹੇ ਸਨ। ਨਵਾਂਸ਼ਹਿਰ ਦੇ ਪਿੰਡ ਮੱਕੋਵਾਲ ਦੇ 21 ਸਾਲ ਦੇ ਕਿਸਾਨ ਗੁਰਪ੍ਰੀਤ ਸਿੰਘ ਦੀ ਅੰਬਾਲਾ ਨੇੜੇ ਹਾਦਸੇ ’ਚ ਮੌਤ ਹੋ ਗਈ ਸੀ। ਟਿੱਕਰੀ ਬਾਰਡਰ ’ਤੇ ਬਠਿੰਡਾ ਦੇ ਕਿਸਾਨ ਜੈਸਿੰਘ (37) ਦੀ ਦਿਲ ਦਾ ਦੌਰਾ ਪੈਣ ਕਰਕੇ ਜਾਨ ਚਲੀ ਗਈ।
ਬਠਿੰਡਾ ਦੇ ਪਿੰਡ ਫਤਾਮਲੋਕਾ ਦੇ 26 ਸਾਲਾ ਜਤਿੰਦਰ ਸਿੰਘ ਦੀ ਹਿਸਾਰ ਕੋਲ ਸੜਕ ਹਾਦਸੇ ’ਚ ਮੌਤ ਹੋ ਗਈ। ਟਰੈਕਟਰ ਠੀਕ ਕਰਦੇ ਸਮੇਂ ਪਿੱਛੇ ਤੋਂ ਆਏ ਵਾਹਨ ਨੇ ਜਤਿੰਦਰ ਨੂੰ ਟੱਕਰ ਮਾਰ ਦਿੱਤੀ ਸੀ। ਜਤਿੰਦਰ ਦਾ ਵਿਆਹ 40 ਦਿਨ ਪਹਿਲਾਂ ਹੀ ਹੋਇਆ ਸੀ।