ਪਟਿਆਲਾ, 10 ਫਰਵਰੀ 2024 – ਪਟਿਆਲਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਦਿੱਲੀ ਹਾਈਵੇਅ ‘ਤੇ ਲੁੱਟ-ਖੋਹ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਰਾਜਪੁਰਾ ਹਾਈਵੇਅ ਤੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਫੜੇ ਗਏ ਇਨ੍ਹਾਂ ਮੁਲਜ਼ਮਾਂ ਖਿਲਾਫ ਨਵੀਂ ਦਿੱਲੀ ਵਿੱਚ ਧਾਰਾ-307, 395, 392, 382,379 ਆਈਪੀਸੀ ਅਤੇ ਅਸਲਾ ਐਕਟ ਤਹਿਤ 20 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।
ਇਨ੍ਹਾਂ ਲੁਟਰਾ ਗਿਰੋਹ ਦੇ ਮੈਂਬਰਾਂ ਕੋਲੋਂ 3 ਪਿਸਤੌਲ ਅਤੇ 20 ਜਿੰਦਾ ਕਾਰਤੂਸ ਸਮੇਤ ਇੱਕ ਵਾਹਨ ਅਤੇ ਹੋਰ ਭਾਰੀ ਡਿਊਟੀ ਟੂਲ ਬਰਾਮਦ ਕੀਤੇ ਗਏ ਹਨ। ਪੁਲਿਸ ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਦੀ ਲੁਧਿਆਣਾ ਅਤੇ ਜਲੰਧਰ ਵਿੱਚ ਸਨਸਨੀਖੇਜ਼ ਵਾਰਦਾਤਾਂ ਕਰਨ ਦੀ ਯੋਜਨਾ ਸੀ।
ਇਨ੍ਹਾਂ ਲੁਟੇਰਿਆਂ ‘ਤੇ 382, 399, 473 ਆਈਪੀਸੀ ਅਤੇ 25(6) ਆਰਮਜ਼ ਐਕਟ ਦੀ ਸੋਧ ਦੇ ਤਹਿਤ ਥਾਣਾ ਸਿਟੀ ਰਾਜਪੁਰਾ, ਪਟਿਆਲਾ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ। ਇਹ ਜਾਣਕਾਰੀ ਪੰਜਾਬ ਪੁਲਿਸ ਦੇ ਡੀ ਜੀ ਪੀ ਨੇ ਐਕਸ ‘ਤੇ ਟਵੀਟ ਕਰਕੇ ਦਿੱਤੀ ਹੈ।